Tuesday, April 21, 2026

ਖ਼ਾਲਸਾ ਕਾਲਜ ਮੈਨੈਜ਼ਮੈਂਟ ਵਲੋਂ ਡਾ. ਸੁਖਮੀਨ ਬੇਦੀ ਕਾਰਜਕਾਰੀ ਪ੍ਰਿੰਸੀਪਲ ਤੇ ਡਾ. ਬੱਤਰਾ ਰਜਿਸਟਰਾਰ ਨਿਯੁੱਕਤ

PPN2904201709 ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ  ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਅੱਜ ਮੈਨੇਜ਼ਮੈਂਟ ਦੇ ਅਹੁਦੇਦਾਰਾਂ ਅਤੇ ਸਮੂਹ ਪ੍ਰਿੰਸੀਪਲਜ਼ ਨਾਲ ਹੰਗਾਮੀ ਮੀਟਿੰਗ ਕੀਤੀ। ਜਿਸ ਉਪਰੰਤ ਮੈਨੇਜ਼ਮੈਂਟ ਨੇ ਇਤਿਹਾਸਕ ਖ਼ਾਲਸਾ ਕਾਲਜ ਕੰਪਲੈਕਸ `ਚ ਉਪਜੀ ਤਣਾਅਪੂਰਵਕ ਸਥਿਤੀ ਨੂੰ ਸ਼ਾਂਤ ਕਰਨ ਲਈ ਡਾ. ਸੁਖਮੀਨ ਬੇਦੀ, ਡੀਨ ਅਕਾਦਮਿਕ ਨੂੰ ਕਾਰਜਕਾਰੀ ਪ੍ਰਿੰਸੀਪਲ, ਡਾ. ਐਮ.ਐਸ ਬੱਤਰਾ, ਡੀਨ ਸਾਇੰਸਸ ਨੂੰ ਕਾਰਜਕਾਰੀ ਰਜਿਸਟਰਾਰ ਅਤੇ ਪ੍ਰੋ: ਗੁਰਦੇਵ ਸਿੰਘ ਨੂੰ ਖੇਤੀਬਾੜੀ ਵਿਭਾਗ ਦੇ ਮੁੱਖੀ ਨਿਯੁੱਕਤ ਕੀਤਾ ਗਿਆ।
ਉਪਰੰਤ ਕਾਲਜ ਦੇ ਅਧਿਕਾਰੀਆਂ ਦੀ ਇਹ ਨਿਯੁਕਤੀ ਆਰਜੀ ਤੌਰ `ਤੇ ਕੀਤੀ ਗਈ ਹੈ, ਕਿਉਂਕਿ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਰਜਿਸਟਰਾਰ ਡਾ. ਦਵਿੰਦਰ ਸਿੰਘ ਅਤੇ ਖੇਤੀਬਾੜੀ ਵਿਭਾਗ ਦੇ ਮੁੱਖੀ ਡਾ. ਰਣਦੀਪ ਕੌਰ ਬੱਲ ਖਿਲਾਫ਼ ਪੁਲਿਸ ਨੇ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਖੁਦਕਸ਼ੀ ਦਾ ਕੇਸ ਦਰਜ ਕੀਤਾ ਹੈ। ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਕਾਲਜ ਦੇ ਰੋਜਮਰਾ ਦੇ ਕੰਮਕਾਰ ਨੂੰ ਭਲੀਭਾਂਤ ਚਲਾਉਣ ਲਈ ਇਹ ਕਦਮ ਉਠਾਇਆ ਗਿਆ ਹੈ, ਜਿਸ ਦੀ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਮੰਗ ਕੀਤੀ ਗਈ ਸੀ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਿਦਿਆਰਥੀਆਂ ਨੇ ਕਾਲਜ ਕੰਪਲੈਕਸ ਦੇ ਸਮੂਹ ਗੇਟ ਬੰਦ ਕਰਕੇ ਅਧਿਆਪਕਾਂ ਤੇ ਸਟਾਫ਼ ਮੈਂਬਰ ਨੂੰ ਕੈਂਪਸ ਅਤੇ ਕੈਂਪਸ ਦੇ ਬਾਹਰ ਰੋਕ ਦਿੱਤਾ, ਜਿਸ ਦੇ ਰੋਸ ਵਜੋਂ ਅਧਿਆਪਕਾਂ ਨੇ ਉਨਾਂ ਖਿਲਾਫ਼ ਆਪਣਾ ਸਮਾਨੰਤਰ ਮੋਰਚਾ ਲਗਾਇਆ।ਇਹ ਅਣਸੁਖਾਵੀਂ ਸਥਿਤੀ ਉਸ ਵੇਲੇ ਉਜਾਗਰ ਹੋਈ ਜਦੋਂ ਕਾਲਜ ਦੇ ਪ੍ਰੋਫੈਸਰ ਅਤੇ ਸਟਾਫ਼ ਰਾਮ ਤੀਰਥ ਰੋਡ ਵਾਲੇ ਗੇਟ ਦੇ ਬਾਹਰ ਪਹੁੰਚੇ ਪਰ ਵਿਦਿਆਰਥੀਆਂ ਨੇ ਗੇਟ `ਤੇ ਕਾਲਜ ਅੰਦਰੋਂ ਤਾਲੇ ਲਗਾ ਦਿੱਤੇ। ਗੁੱਸੇ `ਚ ਆਏ ਪ੍ਰੋਫੈਸਰਾਂ ਅਤੇ ਹੋਰ ਸਟਾਫ਼ ਨੇ ਆਵਾਜਾਈ ਠੱਪ ਕਰਕੇ ਧਰਨਾ ਲਗਾ ਦਿੱਤਾ। ਬਾਅਦ `ਚ ਮਜੀਠੀਆ ਅਤੇ ਛੀਨਾ ਨੇ ਮਿਲ ਕੇ ਕਾਲਜ ਸਟਾਫ਼ ਨਾਲ ਗੱਲਬਾਤ ਕਰਦਿਆਂ ਉਨਾਂ ਨੂੰ ਸ਼ਾਂਤ ਕਰਵਾਇਆ। ਪਰ ਅਧਿਆਪਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਦਰਸ਼ਨਕਾਰੀਆਂ ਨੇ ਜਲਦ ਧਰਨਾ ਨਹੀਂ ਉਠਾਇਆ ਤਾਂ ਉਹ ਸੋਮਵਾਰ ਤੋਂ ਉਨਾਂ ਖਿਲਾਫ਼ ਦੁਬਾਰਾ ਧਰਨਾ ਦੇਣਗੇ
ਮਜੀਠੀਆ ਅਤੇ ਛੀਨਾ ਨੇ ਜ਼ਿਲਾ ਪ੍ਰਸ਼ਾਸ਼ਨ ਅਤੇ ਪੁਲਿਸ ਨੂੰ ਅਪੀਲ ਕਰਦਿਆਂ ਕਾਲਜ ਦੇ ਅਕਾਦਮਿਕ ਮਾਹੌਲ ਨੂੰ ਬਰਕਰਾਰ ਰੱਖਣ ਲਈ ਕਿਹਾ।ਉਨਾਂ ਕਿਹਾ ਕਿ ਬੀ. ਐਸ.ਸੀ (ਐਗਰੀਕਲਚਰ) ਸਮੈਸਟਰ 8ਵੇਂ ਦੇ ਕਾਲਜ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਫ਼ਾਹਾ ਲੈ ਕੇ ਕੀਤੀ ਗਈ ਆਤਮ ਹੱਤਿਆ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਾਦਸੇ ਦੇ ਹਰੇਕ ਪਹਿਲੂ ਨੂੰ ਬਰੀਕੀ ਨਾਲ ਘੋਖਣ ਲਈ ਬੀਤੇ ਦਿਨੀਂ ਇਕ ਵਿਸ਼ੇਸ਼ ਤੱਥ ਖੋਜ਼ੀ 4 ਮੈਂਬਰੀ ਟੀਮ ਸਥਾਪਿਤ ਕੀਤੀ ਗਈ ਹੈ।PPN2904201710
ਮੀਟਿੰਗ ਦੌਰਾਨ ਮਜੀਠੀਆ ਨਾਲ ਮੌਜ਼ੂਦ ਛੀਨਾ ਨੇ ਕਾਲਜ ਦਾ ਇਤਿਹਾਸ ਗੌਰਵਮਈ ਹੈ ਅਤੇ ਇਸ ਨੂੰ ਢਾਹ ਲਗਾਉਣ ਲਈ ਕੁੱਝ ਸ਼ਰਾਰਤੀ ਅਨਸਰ ਅਤੇ ਸਿਆਸਤਦਾਨ ਲਾਹਾ ਲੈਣ ਲਈ ਆਪਣੇ ਹਿੱਤਾਂ ਲਈ ਵਿਦਿਆਰਥੀਆਂ ਨੂੰ ਮੋਹਰੇ ਵਾਂਗੂੰ ਇਸਤੇਮਾਲ ਕਰ ਰਹੇ ਹਨ, ਜੋ ਕਿ ਸਰਾਸਰ ਗਲਤ ਹੈ।ਕਿਉਂਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਜਿਨਾਂ ਨੇ ਦੇਸ਼ ਦੀ ਉਨਤੀ `ਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣਾ ਹੁੰਦਾ ਹੈ ਨਾ ਕਿ ਵਿੱਦਿਅਕ ਸੰਸਥਾਵਾਂ `ਚ ਕਿਸੇ ਸਿਆਸਤ ਦਾ ਜਰੀਆ ਬਣਨਾ ਹੁੰਦਾ ਹੈ।
ਇਸ ਮੀਟਿੰਗ ਮੌਕੇ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਬਿਲਡਿੰਗ ਸਕੱਤਰ ਨਿਰਮਲ ਸਿੰਘ, ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਸਰਦੂਲ ਸਿੰਘ ਮੰਨਨ, ਰਾਜਬੀਰ ਸਿੰਘ, ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ, ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਪ੍ਰਿੰ: ਡਾ. ਅਮਰਪਾਲ ਸਿੰਘ, ਪ੍ਰਿੰ: ਡਾ. ਹਰਭਜਨ ਸਿੰਘ, ਰਜਿਸਟਰਾਰ ਜੇ.ਐਸ. ਢਿੱਲੋਂ, ਪ੍ਰਿੰ: ਡਾ. ਜਸਪਾਲ ਸਿੰਘ, ਪ੍ਰਿੰ: ਡਾ. ਸੁਰਿੰਦਰਪਾਲ ਕੌਰ ਢਿੱਲੋਂ, ਪ੍ਰਿੰ: ਡਾ. ਨੀਲਮ ਹੰਸ, ਪ੍ਰਿੰ: ਡਾ. ਕੰਵਲਜੀਤ ਸਿੰਘ, ਪਿ੍ਰੰ: ਨਾਨਕ ਸਿੰਘ  ਅਤੇ ਹੋਰ ਸਟਾਫ਼ ਮੌਜ਼ੂਦ ਸਨ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਹਰਪ੍ਰੀਤ ਸਿੰਘ ਦਾ ਨਾਮ ਉਨਾਂ ਵਿਦਿਆਰਥੀਆਂ ਦੀ ਸੂਚੀ `ਚ ਜਿਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਕਾਲਜ ਦੇ ਨਿਯਮਾਂ ਮੁਤਾਬਕ ਲੈਕਚਰ ਪੂਰੇ ਨਹੀਂ ਲਗਾਏ ਸਨ।

Check Also

ਆਗਨਵਾੜੀ ਵਰਕਰਾਂ ਅਤੇ ਮਿਡ ਡੇ ਮੀਲ ਕੁੱਕਸ ਲਈ ਫੂਡ ਸੇਫਟੀ ਸਬੰਧੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਰਾਜ ਖੁਰਾਕ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ …

Leave a Reply