Friday, March 20, 2026

ਦਿੱਲੀ ਕਮੇਟੀ ਸਰਨਾ ਖਿਲਾਫ਼ ਦਰਜ ਕਰਵਾਏਗੀ ਅਪਰਾਧਿਕ ਮਾਨਹਾਨੀ ਮੁਕਦਮਾ- ਪਰਮਿੰਦਰ ਪਾਲ ਸਿੰਘ

ਕਮੇਟੀ ਦੇ ਬੁਲਾਰੇ ਨੇ ਬੋਲੀ ਦੇ ਜ਼ਾਬਤੇ ਦਾ ਖਿਆਲ ਰੱਖਣ ਦੀ ਸਰਨਾ ਨੂੰ ਤਾਕੀਦ ਕੀਤੀ
Parminder Pal Singh 3ਨਵੀਂ ਦਿੱਲੀ, 5 ਜੂਨ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਮੌਜੂਦਾ ਕਮੇਟੀ ਪ੍ਰਬੰਧਕਾਂ ’ਤੇ ਕਥਿਤ ਔਡੀਓ ਟੇਪ ਦੀ ਆੜ ’ਚ ਲਗਾਏ ਗਏ ਦੋਸ਼ਾਂ ਨੂੰ ਕਮੇਟੀ ਨੇ ਨਕਾਰ ਦਿੱਤਾ ਹੈ।ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ’ਤੇ ਕਮੇਟੀ ਦੀ ਛਵੀ ਨੂੰ ਖਰਾਬ ਕਰਨ ਦਾ ਪਲਟਵਾਰ ਕਰਦੇ ਹੋਏ ਆਰੋਪਾਂ ਨੂੰ ਸਾਬਤ ਕਰਨ ਦੀ ਚੁਨੌਤੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਰਨਾ ਨੇ ਸਰ੍ਹੇਆਮ ਬਿਨਾਂ ਤੱਥਾਂ ਅਤੇ ਸਬੂਤਾਂ ਦੇ ਇਲਜ਼ਾਮਤਰਾਸ਼ੀ ਕਰਕੇ ਆਪਣੀ ਹਤਾਸ਼ਾ ਦਾ ਪ੍ਰਗਟਾਵਾ ਕੀਤਾ ਹੈ। ਸਰਨਾ ਵੱਲੋਂ ਮੀਡੀਆ ਨੂੰ ਜਾਰੀ ਕੀਤੇ ਗਏ ਪ੍ਰੈਸ ਨੋਟ ਦੀ ਭਾਸ਼ਾ ਇਤਰਾਜ਼ਯੋਗ ਤੇ ਜਾਣਬੁਝ ਕੇ ਕਮੇਟੀ ਪ੍ਰਬੰਧਕਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲੀ ਜਾਪਦੀ ਹੈ।ਜਿਸ ਕਰਕੇ ਕਮੇਟੀ ਵੱਲੋਂ ਸਰਨਾ ਦੇ ਖਿਲਾਫ਼ ਅਪਰਾਧਿਕ ਮਾਨਹਾਨੀ ਦਾ ਮੁਕਦਮਾ ਦਰਜ਼ ਕਰਾਉਣ ਦਾ ਫੈਸਲਾ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਮੁਲਾਜਮ ਵੱਲੋਂ ਸਾਬਕਾ ਕਮੇਟੀ ਮੈਂਬਰ ਖਿਲਾਫ ਕਥਿਤ ਤੌਰ ਤੇ ਮਾਨਸਿਕ ਰੂਪ ’ਚ ਪਰੇਸ਼ਾਨ ਕਰਨ ਦੇ ਲਗਾਏ ਗਏ ਦੋਸ਼ਾਂ ਤੇ ਕਾਰਵਾਈ ਕਰਦੇ ਹੋਏ ਕਮੇਟੀ ਪ੍ਰਧਾਨ ਵੱਲੋਂ ਪਹਿਲੇ ਹੀ ਤਿੰਨ ਮੈਂਬਰੀ ਜਾਂਚ ਕਮੇਟੀ ਬਣਾ ਦਿੱਤੀ ਗਈ ਸੀ। ਜਿਸ ਵਿਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮੁਖ ਸਲਾਹਕਾਰ ਮਹਿੰਦਰ ਪਾਲ ਸਿੰਘ ਚੱਢਾ ਅਤੇ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਸ਼ਾਮਿਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਕਮੇਟੀ ਵੱਲੋਂ ਇਸ ਮਸਲੇ ਵਿਚ ਦੋਸ਼ੀ ਪਾਏ ਜਾਣ ਤੇ ਕਿਸੇ ਵੀ ਸਖਸ਼ ਨੂੰ ਬਚਾਇਆ ਨਹੀਂ ਜਾਵੇਗਾ।
ਸਰਨਾ ਨੂੰ ਆਪਣੀ ਪੀੜ੍ਹੀ ਹੇਠ ਸੋਟੀ ਫੇਰਨ ਦੀ ਸਲਾਹ ਦਿੰਦੇ ਹੋਏ ਉਨ੍ਹਾਂ ਸਰਨਾ ਨੂੰ ਨੈਤਿਕਤਾ ਦੀ ਦੁਹਾਈ ਦੇਣ ਤੋਂ ਪਹਿਲਾਂ ਆਪਣੀ ਕਥਨੀ ਅਤੇ ਕਰਨੀ ਦੀ ਪੜਚੋਲ ਕਰਨ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਸਾਬਕਾ ਕਮੇਟੀ ਮੈਂਬਰ ਦੇ ਖਿਲਾਫ਼ ਲਗੇ ਦੋਸ਼ਾਂ ਦੀ ਆੜ ’ਚ ਕਮੇਟੀ ਪ੍ਰਬੰਧਕਾਂ ਨੂੰ ਘਸੀਟਣ ਵਾਲੇ ਸਰਨਾ ਨੂੰ ਆਪਣੇ ਦਲ ਵਿਚ ਮਹਿਲਾ ਛੇੜਛਾੜ ਦੇ ਬੈਠੇ 5 ਹੀਰਿਆਂ ਬਾਰੇ ਵੀ ਆਪਣੀ ਚੁੱਪੀ ਤੋੜਨੀ ਚਾਹੀਦੀ ਹੈ। ਜਿਨ੍ਹਾਂ ਦੇ ਖਿਲਾਫ ਐਫ.ਆਈ.ਆਰ. ਦਰਜ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਰਨਾ ਨੇ 2017 ਕਮੇਟੀ ਚੋਣਾਂ ’ਚ ਉਮੀਦਵਾਰ ਬਣਾਇਆ ਸੀ। ਸਰਨਾ ਦੀ ਬਿਆਨਬਾਜ਼ੀ ਨੂੰ ਕਮੇਟੀ ਦੇ ਬੁਲਾਰੇ ਨੇ ਨੀਵੇਂ ਪੱਧਰ ਦੀ ਸਿਆਸਤ ਗਰਦਾਉਂਦੇ ਹੋਏ ਬੋਲਣ ਤੋਂ ਪਹਿਲਾ ਬੋਲੀ ਦੇ ਜਾਬਤੇ ਦਾ ਖਿਆਲ ਰੱਖਣ ਦੀ ਸਰਨਾ ਨੂੰ ਤਾਕੀਦ ਕੀਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply