Saturday, November 14, 2026

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਵਾਲ, ਬੀਬੀਆਂ ਉਪਰ ਅੰਮ੍ਰਿਤ ਸੰਚਾਰ ਕਰਵਾਉਣ ‘ਤੇ ਰੋਕ ਕਿਓਂ?

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖ ਬੀਬੀਆਂ ਨੂੰ ਧਾਰਮਿਕ ਰਹੁਰੀਤਾਂ ਵਿਚ ਸ਼ਾਮਲ ਹੋਣ ਦੇ ਹੱਕ ਦੇ ਬਾਵਜ਼ੂਦ ਵੀ ਅੰਮ੍ਰਿਤ ਸੰਚਾਰ ਵਿੱਚ ਭਾਗ ਕਿਉਂ ਨਹੀ ਲੈਣ ਦਿੱਤਾ ਜਾਂਦਾ, PPN2306201704ਇਹ ਸਵਾਲ ਲੈ ਕੇ ਬੀਬੀਆਂ ਦੇ ਇਕ ਵਫਦ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ।ਬੀਬੀਆ ਵਲੋਂ  ਇਸ ਸਮੇਂ ਸੌਂਪੇ ਗਏ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਦੁਨੀਆਂ ਭਰ ਦੇ ਧਰਮਾਂ ਵਿੱਚੋਂ ਸਭ ਤੋਂ ਅਧੁਨਿਕ ਤੇ ਵਿਗਿਆਨਕ ਵਜੋਂ ਧਰਮ ਜਾਣੇ ਜਾਂਦੇ ਸਿੱਖ ਧਰਮ ਵਿੱਚ ਔਰਤਾਂ ਨੂੰ ਜੋ ਮਾਣ ਸਨਮਾਨ ਪ੍ਰਾਪਤ ਹੈ, ਉਹ ਕਿਸੇ ਹੋਰ ਧਰਮ ਵਿੱਚ ਨਹੀ ਹੈ।‘ਸਿੱਖਾਂ ਦਾ ਇਤਿਹਾਸ ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਇਸਤਰੀ ਜਾਤੀ ਦੇ ਯੋਗਦਾਨ ਨਾਲ ਭਰਪੂਰ ਹੈ।‘ਸੇਵਾ’ ਤੋਂ ਲੈ ਕੇ ‘ਮੈਦਾਨ ਏ ਜੰਗ’ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਬੀਬੀਆਂ ਵਲੋਂ ਪਾਏ ਗਏ ਯੋਗਦਾਨ ਨੂੰ ਭੁਲਾਇਆ ਨਹੀ ਜਾ ਸਕਦਾ।
ਮੰਗ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ, ਪੰਥ ਪ੍ਰਵਾਨਿਤ ਅਤੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਿਤ, ਸਿੱਖ ਰਹਿਤ ਮਰਿਆਦਾ ਵਿੱਚ ਵੀ ਬੀਬੀਆਂ ਨੂੰ ਪੰਜ ਪਿਆਰਿਆਂ ਵਜੋਂ ਸੇਵਾ ਨਿਭਾਉਣ ਦੀ ਆਗਿਆ ਹੈ, ਪਰ ਇਸ ‘ਤੇ ਅੱਜ ਤੱਕ ਅਮਲ ਨਹੀਂ ਹੋ ਸਕਿਆ।ਇਸ ਤਰਾਂ ਪੰਜ ਪਿਆਰਿਆਂ ਵਾਂਗ ਅੰਮ੍ਰਿਤ ਸੰਚਾਰ ਕਰਨ ਤੋਂ ਰੋਕਣਾ ਸਿੱਖ ਬੀਬੀਆਂ ਨਾਲ ਧੱਕਾ ਹੈ’।ਉਨਾਂ ਕਿਹਾ ਹੈ ਕਿ ਜਿਸ ਘਰ ਵਿਚ ਬੀਬੀ ਅੰਮ੍ਰਿਤਧਾਰੀ ਬਣ ਕੇ ਧਰਮ ਨਾਲ ਜੁੜੀ ਹੋਵੇਗੀ, ਉਸ ਘਰ ਵਿਚ ਪਤਿਤਪੁਣਾ, ਨਸ਼ੇ, ਭਰੂਣ ਹੱਤਿਆ ਵਰਗੀਆਂ ਅਲਾਮਤਾਂ ਘਰ ਨਹੀਂ ਕਰ ਸਕਣਗੀਆਂ।
ਇਸ ਮੌਕੇ ਬੀਬੀ ਰਾਜਪਾਲ ਕੌਰ, ਬੀਬੀ ਭੁਪਿੰਦਰ ਕੌਰ, ਬੀਬੀ ਸ਼ਰਨ ਕੌਰ, ਬੀਬੀ ਕੁਲਵੰਤ ਕੌਰ, ਬੀਬੀ ਜਸਮੀਤ ਕੌਰ, ਬੀਬੀ ਨਰਿੰਦਰ ਕੌਰ, ਬੀਬੀ ਜਸਪਾਲ ਕੌਰ, ਬੀਬੀ ਸਤਨਾਮ ਕੌਰ, ਬੀਬੀ ਲਖਵਿੰਦਰ ਕੌਰ, ਬੀਬੀ ਕੁਲਦੀਪ ਕੌਰ, ਬੀਬੀ ਬਲਵਿੰਦਰ ਕੌਰ ਤੇ ਬੀਬੀ ਹਰਜਿੰਦਰ ਕੌਰ ਆਦਿ ਬੀਬੀਆਂ ਨੇ ਮੰਗ ਕੀਤੀ ਕਿ ਅੰਮ੍ਰਿਤਧਾਰੀ ਸਿੰਘਣੀਆਂ ਦੁਆਰਾ ਅੰਮ੍ਰਿਤ ਸੰਚਾਰ ਕਰਨ ਦੀ ਸੇਵਾ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਪੂਰੇ ਸੰਸਾਰ ਵਿਚ ਇਸ ਨੂੰ ਪ੍ਰਚੱਲਿਤ ਕਰਨਾ ਚਾਹੀਦਾ ਹੈ।ਇਸ ਮੌਕੇ ਗਿਆਨੀ ਗੁਰਬਚਨ ਸਿੰਘ ਨੇ ਬੀਬੀਆਂ ਨੂੰ ਭਰੋਸਾ ਦਿੱਤਾ ਕਿ ਇਸ ਮੰਗ ਪੱਤਰ ‘ਤੇ ਇਕੱਤਰਤਾ ਦੌਰਾਨ ਪੰਜ ਸਿੰਘ ਸਾਹਿਬਾਨ ਵਿਚਾਰ ਕਰਨਗੇ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply