ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਰੁੱਖ ਅਤੇ ਮਨੁੱਖ ਦੀ ਸਾਂਝ ਨੂੰ ਚੇਤਾ ਕਰਵਾਉਂਦੇ ਆ ਰਹੇ
ਮੌਨਸੂਨ ਦੇ ਮੌਸਮ ਵਿਚ ਸ਼ਹਿਰ ਨੂੰ ਖੂਬਸੂਰਤ ਕਰਨ ਲਈ ਯੋਜਨਾਬੱਧ ਢੰਗ ਨਾਲ ਰੁੱਖ ਲਗਾਉਣ ਅਤੇ ਉਨਾਂ ਨੂੰ ਪਾਲਣ ਦਾ ਸੱਦਾ ਜਿਲ੍ਹਾ ਵਾਸੀਆਂ ਨੂੰ ਦਿੱਤਾ ਹੈ।ਅੱਜ ਇਸ ਵਿਸ਼ੇ ‘ਤੇ ਜਿਲ੍ਹੇ ਦੀਆਂ ਗੈਰ ਸਰਕਾਰੀ ਸੰਸਥਾਵਾਂ ਅਤੇ ਸ਼ਹਿਰ ਦੀਆਂ ਨਾਮੀ ਹਸਤੀਆਂ ਨਾਲ ਮੀਟਿੰਗ ਕਰਦੇ ਹੋਏ ਉਨਾਂ ਕਿਹਾ ਕਿ ਰੁੱਖ ਭਾਵੇਂ ਥੋੜੇ ਲੱਗਣ ਪਰ ਉਨ੍ਹਾਂ ਨੂੰ ਪਾਲਣ ਦਾ ਕੰਮ ਨੇਪਰੇ ਚਾੜੋ।ਉਨ੍ਹਾਂ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕੀ ਉਹ ਸਮੁੱਚੇ ਸ਼ਹਿਰ ਦੀ ਵਿਉਂਤਬੰਦੀ ਕਰਕੇ ਖਾਕਾ ਤਿਆਰ ਕਰਨ ਜਿਸ ਅਨੁਸਾਰ ਸ਼ਹਿਰ ਵਿਚ ਫੁੱਲਾਂ ਵਾਲੇ, ਵੱਖ-ਵੱਖ ਰੰਗਾਂ ਵਾਲੇ ਅਤੇ ਛਾਂ ਦਿੰਦੇ ਰੁੱਖਾਂ ਦੀ ਚੋਣ ਕੀਤੀ ਜਾ ਸਕੇ।ਉਨਾਂ ਕਿਹਾ ਕਿ ਰੁੱਖ ਲਗਾਉਣ ਦੇ ਟੀਚੇ ਪੂਰੇ ਕਰਨ ਲਈ ਗਿਣਤੀ ਵਧਾਉਣੀ ਕਾਫੀ ਨਹੀਂ, ਬਲਕਿ ਇਨਾਂ ਨੂੰ ਪਾਲਣਾ ਮਾਇਨੇ ਰੱਖਦਾ ਹੈ।ਸੰਘਾ ਨੇ ਸਕੂਲ ਮੁਖੀਆਂ ਨੂੰ ਸੁਝਾਅ ਦਿੱਤਾ ਕਿ ਉਹ ਬੱਚਿਆਂ ਨੂੰ ਇੰਨਾਂ ਬੂਟਿਆਂ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕਰਨ, ਜਿਸ ਨਾਲ ਉਨਾਂ ਦਾ ਪਿਆਰ ਰੁੱਖਾਂ ਨਾਲ ਬਣੇਗਾ।
ਸੰਘਾ ਨੇ ਸੁਝਾਅ ਦਿੱਤਾ ਕਿ ਸ਼ਹਿਰ ਵਿੱਚ ਘੱਟ ਉਚਾਈ ਅਤੇ ਘੱਟ ਖਿਲਰਣ ਵਾਲੇ ਰੁੱਖ ਜਿਸ ਵਿਚ ਪਿੰਕੇਸ਼ੀਆ, ਲੈਜੀਸਟੋਨੀਆ, ਅਮਲਤਾਸ, ਕਚਨਾਰ, ਗੁਲਮੋਹਰ, ਮਿਗਨੋਲੀਆ ਅਤੇ ਮੋਲਸਰੀ ਆਦਿ ਦੇ ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਬੂਟਿਆਂ ਨੂੰ ਪਾਣੀ ਦੇਣ ਕਾਰਪੋਰੇਸਨ ਅਤੇ ਨਗਰ ਸੁਧਾਰ ਟਰਸਟ ਦੀ ਮਦਦ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਵੀ ਸਹਿਯੋਗ ਕਰਨ ਲਈ ਤਿਆਰ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਦਾਈ ਖਿਦਮਤਗਾਰ, ਮਿਸ਼ਨ ਆਗਾਜ, ਲਾਇਨਜ਼ ਕਲੱਬ, ਅੰਮ੍ਰਿਤਸਰ ਵਿਕਾਸ ਮੰਚ ਅਤੇ ਹੋਰ ਕਈ ਨਾਮੀ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਸ਼ਾਮਿਲ ਸਨ, ਜਿੰਨਾਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਇਸ ਰੁੱਖ ਲਗਾਉ ਮੁਹਿੰਮ ਵਿਚ ਵੱਧ ਤੋਂ ਵੱਧ ਸਾਥ ਦੇਣ ਦੀ ਹਾਮੀ ਭਰੀ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਜਨਰਲ ਵਿਕਾਸ ਹੀਰਾ ਤੇ ਮੈਡਮ ਅਲਕਾ, ਜਿਲ੍ਹਾ ਜੰਗਲਾਤ ਅਧਿਕਾਰੀ ਸ੍ਰੀ ਰਾਜੇਸ਼ ਗੁਲਾਟੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media