ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਡੀ. ਸੀ. ਨੂੰ ਮੰਗ ਪੱਤਰ ਦਿੱਤਾ
ਅੰਮ੍ਰਿਤਸਰ, 8 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਦੇ ਸਿਰਸਾ ਵਿਚ ਇਕ ਵਿਸ਼ੇਸ਼ ਸਮਾਗਮ ਦੌਰਾਨ ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਸਿੱਖਾਂ ਨੂੰ ਵੰਡਣ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਵਿਰੁੱਧ ਸੰਗਤਾਂ ਨੂੰ ਜਾਗਰੂਕ ਕੀਤਾ।ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਸ੍ਰ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਮਾਗਮ ਤੋਂ ਪਹਿਲਾਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਸਿਰਸਾ ਦੇ ਡਿਪਟੀ ਕਮਿਸ਼ਨਰ ਨੂੰ ਹੁੱਡਾ ਸਰਕਾਰ ਵਲੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਵਿੱਚ ਇਕ ਯਾਦ ਪੱਤਰ ਸੌਂਪਿਆ ਗਿਆ।ਇਸ ਸਮੇਂ ਉਨ੍ਹਾਂ ਨਾਲ ਹਰਿਆਣਾ ਪ੍ਰਾਂਤ ਦੇ ਪ੍ਰਮੁੱਖ ਸਿੱਖ ਆਗੂ ਅਤੇ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।
ਸਮਾਗਮ ਵਿੱਚ ਬੋਲਦਿਆਂ ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਹਰਿਆਣਾ ਵਿਚ ਹੁੱਡਾ ਦੀ ਕਾਂਗਰਸ ਸਰਕਾਰ ਤੇ ਉਸਦੇ ਪਿੱਠੂਆਂ ਵੱਲੋਂ ਰਾਜਨੀਤਕ ਤੌਰ ਤੇ ਫਾਇਦਾ ਲੈਣ ਲਈ ਹਰਿਆਣਾ ਦੇ ਸਿੱਖਾਂ ਵਿਚ ਵੰਡੀਆਂ ਪਾਉਣ ਤੇ ਉਨ੍ਹਾਂ ਨੂੰ ਆਪਸ ਵਿੱਚ ਭਿੜਾਉਣ ਦੀਆਂ ਲੂੰਬੜ ਚਾਲਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਹਮੇਸ਼ਾਂ ਤੋਂ ਹੀ ਆਪਣੇ ਗੁਰਧਾਮਾਂ ਦੀ ਰਖਵਾਲੀ ਲਈ ਇਕਜੁੱਟ ਰਹੀ ਹੈ ਅਤੇ ਉਹ ਆਪਣੇ ਗੁਰਧਾਮਾਂ ਦੀ ਰਾਖੀ ਕਰਨਾ ਬਾਖੂਬੀ ਜਾਣਦੀ ਹੈ।ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ ਗੁਰਧਾਮਾਂ ਅਤੇ ਸਿੱਖ ਕੌਮ ਨੂੰ ਵੰਡਣ ਦੇ ਯਤਨਾਂ ਵਿਰੁੱਧ ਲਾਮਬੰਧ ਹੋਣ ਦੀ ਵੱਡੀ ਲੋੜ ਹੈ।ਉਨ੍ਹਾਂ ਨੇ ਜਦੋਂ ਸਿੱਖ ਸੰਗਤਾਂ ਨੂੰ ਇਤਿਹਾਸਕ ਹਵਾਲਿਆਂ ਦੇ ਨਾਲ ਭਾਵਪੂਰਕ ਸ਼ਬਦਾਂ ਵਿੱਚ ਸੰਬੋਧਨ ਕੀਤਾ ਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹਰਿਆਣੇ ਦੀਆਂ ਸੰਗਤਾਂ ਨੇ ਹਰਿਆਣਾ ਸਰਕਾਰ ਤੇ ਉਸ ਦੇ ਹੱਥਠੋਕਿਆਂ ਖਿਲਾਫ਼ ਜੰਗ ਵਿੱਡਣ ਲਈ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸਹਿਮਤੀ ਦਾ ਪ੍ਰਗਟਾਵਾ ਕੀਤਾ।ਜਥੇਦਾਰ ਅਵਤਾਰ ਸਿੰਘ ਨੇ ਸਮਾਗਮ ਵਿੱਚ ਹਾਜ਼ਰ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ ‘ਚ ਨਿਰੰਤਰ ਚੱਲਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਤਾਂ ਕਿ ਪੰਥ ਵਿਰੋਧੀਆਂ ਦੀ ਸ਼ਕਤੀ ਨੂੰ ਕਮਜੋਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ੯ ਜੁਲਾਈ ਨੂੰ ਕਰਨਾਲ ਦੇ ਡੀ.ਸੀ. ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਸਿਰਸਾ ਵਿਖੇ ਹਾਜ਼ਰ ਸੰਗਤਾਂ ਵਿਚੋਂ ਬਹੁਤ ਸਾਰੇ ਬੁਲਾਰਿਆਂ ਨੇ ਆਪਣੀਆਂ ਮਨੋਭਾਵਨਾਵਾਂ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਦਾ ਖੜਨ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਸ੍ਰ: ਚਰਨਜੀਤ ਸਿੰਘ ਥੋਥਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਹਰਿਆਣਾ, ਸ੍ਰ: ਹਰਭਜਨ ਸਿੰਘ ਸਮਾਣਾ, ਸ੍ਰ: ਜਗਸੀਰ ਸਿੰਘ ਮਾਂਗੇਆਣਾ, ਬੀਬੀ ਅਮਰਜੀਤ ਕੌਰ ਬਾੜਾ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਬਲਕੌਰ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਪਰਮਜੀਤ ਸਿੰਘ ਸਰੋਆ ਐਡੀ: ਸਕੱਤਰ ਸ਼੍ਰੋਮਣੀ ਕਮੇਟੀ, ਸ੍ਰ: ਜੋਗਿੰਦਰ ਸਿੰਘ ਅਹਿਰਵਾਂ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ, ਸ੍ਰ: ਪ੍ਰਕਾਸ਼ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬੀ ਗੁਰਦੇਵ ਕੌਰ, ਜਥੇਦਾਰ ਇਕਬਾਲ ਸਿੰਘ ਸਾਹੂਵਾਲਾ, ਸ੍ਰ: ਗੁਰਚਰਨ ਸਿੰਘ ਸਾਹੂਵਾਲਾ, ਸ੍ਰ: ਜਗਸੀਰ ਸਿੰਘ ਜੰਡਵਾਲਾ, ਸ੍ਰ: ਸ਼ੇਰ ਸਿੰਘ ਸਾਬਕਾ ਚੇਅਰਮੈਨ, ਸ੍ਰ: ਜਗਦੇਵ ਸਿੰਘ ਸਾਹੂਵਾਲਾ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।