ਧੂਰੀ/ਸੰਗਰੂਰ, 11ਅਗਸਤ (ਪ੍ਰਵੀਨ ਗਰਗ/ਮਹੇਸ਼ ਜਿੰਦਲ) – ਇਥੋਂ ਨੇੜਲੇ ਪਿੰਡ ਹਰੇੜੀ ਵਿਚ ਇੱਕ ਗੁਰਸਿੱਖ ਪਰਿਵਾਰ ਦੀ ਅੰਮ੍ਰਿਤਧਾਰੀ ਮਹਿਲਾ ਦੇ ਕੇਸ ਕੱਟੇ ਜਾਣ ਦਾ ਮਾਮਲਾ
ਸਾਹਮਣੇ ਆਇਆ ਹੈ।ਭਾਵੇਂ ਮੁੱਢਲੇ ਤੌਰ ’ਤੇ ਪੁਲੀਸ ਨੂੰ ਮਾਮਲਾ ਸ਼ੱਕੀ ਜਾਪ ਰਿਹਾ ਹੈ ਪਰੰਤੂ ਪੁਲੀਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਉਧਰ, ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੰਗਰੂਰ ਇਕਾਈ ਵਲੋਂ ਕਿਹਾ ਹੈ ਕਿ ਜੇ ਪਰਿਵਾਰ ਸਹਿਮਤੀ ਦੇਵੇ ਤਾਂ ਤਰਕਸ਼ੀਲ ਟੀਮ ਘਟਨਾ ਦੀ ਜਾਂਚ ਕਰਨ ਲਈ ਤਿਆਰ ਹੈ।ਬੀਤੀ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਪਿੰਡ ਹਰੇੜੀ ਵਿਚ ਇੱਕ ਗੁਰਸਿੱਖ ਪਰਿਵਾਰ ਦੇ ਘਰ ਉਸ ਸਮੇਂ ਪਿੰਡ ਦੇ ਲੋਕਾਂ ਦਾ ਇਕੱਠ ਹੋ ਗਿਆ ਜਦੋਂ ਘਰ ਵਿਚ ਹੀ ਮੌਜੂਦ ਪਰਿਵਾਰ ਦੀ ਅੰਮ੍ਰਿਤਧਾਰੀ ਔਰਤ ਦੇ ਕੇਸ ਕੱਟੇ ਜਾਣ ਦੀ ਘਟਨਾ ਸਾਹਮਣੇ ਆਈ।ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ.ਡੀ ਨਾਹਰ ਸਿੰਘ ਅਤੇ ਥਾਣਾ ਸਦਰ ਪੁਲੀਸ ਦੇ ਐਸ.ਐਚ.ਓ ਰਣਜੀਤ ਸਿੰਘ ਸਮੇਤ ਪੁਲੀਸ ਪਾਰਟੀ ਦੇ ਮੌਕੇ ’ਤੇ ਪੁੱਜੇ ਅਤੇ ਪਰਿਵਾਰ ਪਾਸੋਂ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਅੰਮ੍ਰਿਤਧਾਰੀ ਬੀਬੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਘਰ ਵਿਚ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਵਿਹੜੇ ’ਚ ਆਈ ਤਾਂ ਉਸ ਦੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ ਅਤੇ ਘਬਰਾਹਟ ਹੋਣ ਕਾਰਨ ਉਹ ਡਿੱਗ ਪਈ।
ਮਹਿਲਾ ਦੇ ਪਤੀ ਭਗਵੰਤ ਸਿੰਘ ਦਾ ਕਹਿਣਾ ਹੈ ਕਿ ਉਹ ਵਿਹੜੇ ਵਿਚ ਹੀ ਮੌਜੂਦ ਸੀ ਅਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਰਾਜਵਿੰਦਰ ਨੂੰ ਚੁੱਕ ਕੇ ਮੰਜੇ ’ਤੇ ਪਾਇਆ।ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ਰਾਜਵਿੰਦਰ ਡਿੱਗੀ ਸੀ ਉਥੇ ਕੱਟੇ ਹੋਏ ਵਾਲ ਪਏ ਸੀ।ਉਨ੍ਹਾਂ ਦੱਸਿਆ ਕਿ ਉਸ ਦੀ ਸ਼ਾਦੀ ਨੂੰ ਕਰੀਬ 16 ਸਾਲ ਹੋ ਗਏ ਹਨ ਅਤੇ ਕਦੇ ਵੀ ਕੋਈ ਸਮੱਸਿਆ ਨਹੀਂ ਆਈ।ਪਿੰਡ ਦੇ ਸਰਪੰਚ ਸਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਸਾਰਾ ਪਰਿਵਾਰ ਗੁਰਸਿੱਖ ਹੈ ਅਤੇ ਇਸ ਘਟਨਾ ਨਾਲ ਸਮੁੱਚੇ ਪਰਿਵਾਰ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।ਉਨ੍ਹਾਂ ਕਿਹਾ ਕਿ ਪਰਿਵਾਰ ਵਿਚ ਕੋਈ ਕਲੇਸ਼ ਨਹੀਂ ਹੈ ਅਤੇ ਨਾ ਹੀ ਪਰਿਵਾਰ ਵਿਚ ਕੋਈ ਆਰਥਿਕ ਸਮੱਸਿਆ ਹੈ ਇਸ ਮੌਕੇ ’ਤੇ ਪੁੱਜੇ ਡੀ.ਐਸ.ਪੀ ਨਾਹਰ ਸਿੰਘ ਅਤੇ ਥਾਣਾ ਮੁਖੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਸਮੁੱਚਾ ਪਰਿਵਾਰ ਘਰ ਵਿਚ ਮੌਜੂਦ ਸੀ ਜਿਸ ਕਰ ਕੇ ਕਿਸੇ ਵੀ ਹਾਲਤ ਵਿਚ ਅਜਿਹੀ ਘਟਨਾ ਦਾ ਵਾਪਰਨਾ ਸੰਭਵ ਨਹੀਂ ਹੋ ਸਕਦਾ।ਮੁੱਢਲੇ ਤੌਰ ’ਤੇ ਮਾਮਲਾ ਸ਼ੱਕੀ ਜਾਪ ਰਿਹਾ ਹੈ ਅਤੇ ਪੁਲੀਸ ਮਨੋਵਿਗਿਆਨਕ ਤੌਰ ’ਤੇ ਅਤੇ ਹੋਰ ਵੀ ਸਾਰੇ ਪੱਖਾਂ ਤੋਂ ਜਾਂਚ ਕਰ ਰਹੀ ਹੈ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media