ਪਰਾਲੀ ਤੇ ਨਾੜ ਨੂੰ ਖੇਤਾਂ `ਚ ਵਾਹ ਕੇ ਵੱਧ ਕਮਾਈ ਕਰਦੇ ਕਿਸਾਨ ਦੀ ਕਹਾਣੀ
ਅੰਮਿ੍ਤਸਰ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿੱਥੇ ਅੱਜ ਗਰੀਨ ਟਿ੍ਰਬਿੳੂਨਲ ਵੱਲੋਂ ਕੀਤੀ ਗਈ ਸਖਤੀ ਕਾਰਨ ਸਰਕਾਰ ਕਿਸਾਨਾਂ ਨੂੰ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਨਾ ਸਾੜ ਕੇ ਖੇਤ ਵਿਚ ਹੀ ਵਾਹਉਣ ਦੀ ਸਲਾਹ ਦੇ ਰਹੀ ਹੈ, ਉਥੇ ਅੱਜ ਤੋਂ ਕਰੀਬ ਸੱਤ ਸਾਲ ਪਹਿਲਾਂ ਇਸ ਤਕਨੀਕ ਨੂੰ ਆਪਣੀ ਅਕਲ ਅਤੇ ਲੋੜ ਅਨੁਸਾਰ ਅਪਨਾ ਲੈਣ ਵਾਲੇ ਕਿਸਾਨ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਵਾਹ ਕੇ ਦੁੱਗਣੀ ਕਮਾਈ ਕਰ ਰਹੇ ਹਨ।ਇਸ ਨਾਲ ਜਿੱਥੇ ਉਨਾਂ ਦੀ ਜ਼ਮੀਨ ਦੀ ਉਪਜਾੳੂ ਸ਼ਕਤੀ ਤੇਜ਼ੀ ਨਾਲ ਵਧਣ ਕਾਰਨ ਫਸਲਾਂ ਦਾ ਝਾੜ ਵਧਿਆ ਹੈ, ਉਥੇ ਨਾਮਾਤਰ ਖਾਦ ਅਤੇ ਦਵਾਈ ਦੀ ਵਰਤੋਂ ਹੋਣ ਕਾਰਨ ਖੇਤੀ ਖਰਚੇ ਬਹੁੱਤ ਘੱਟ ਹੋਇਆ ਹੈ। ਅੱਜ ਜਦ ਇਸ ਬਾਬਤ ਅਜਨਾਲਾ ਹਲਕੇ ਦੇ ਪਿੰਡ ਰਾਜੀਆਂ ਦੇ ਕਿਸਾਨ ਬਲਵਿੰਦਰ ਸਿੰਘ ਦੇ ਖੇਤ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਕਿ ਉਸਦੀ ਫਸਲ ਵਾਕਿਆ ਹੀ ਘੱਟ ਖਾਦ ਪਾਉਣ ਦੇ ਬਾਵਜੂਦ ਦੂਸਰੇ ਕਿਸਾਨਾਂ ਨਾਲੋਂ ਵਧੀਆ ਹੈ ਅਤੇ ਵੱਖਰੀ ਨਜ਼ਰ ਆਉਂਦੀ ਹੈ।
ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਪਰਿਵਾਰਕ ਵੰਡ ਵੇਲੇ ਜਮੀਨ ਪਿਤਾ ਜੀ ਦੇ ਵੱਡੇ ਹੋਣ ਕਾਰਨ ਮਾੜੀ ਪੈ ਗਈ, ਜੋ ਕਿ ਕਲਰਾਠੀ ਅਤੇ ਨੀਵੀਂ ਸੀ। ਖੇਤ ਵਿਚੋਂ ਕਮਾਈ ਘੱਟ ਗਈ ਤਾਂ ਅਸੀਂ ਆਪਣੀ ਸਮਝ ਅਨੁਸਾਰ ਕਣਕ ਦੀ ਰਹਿੰਦ-ਖੂੰਹਦ, ਜਿਸ ਵਿਚ ਪਰਾਲੀ ਅਤੇ ਨਾੜ ਮੁੱਖ ਤੌਰ ’ਤੇ ਸ਼ਾਮਿਲ ਹੈ, ਨੂੰ ਖੇਤਾਂ ਵਿਚ ਹੀ ਰਲਾਉਣ ਦਾ ਸੋਚ ਲਿਆ। ਸ਼ੁਰੂ ਵਿਚ ਤਾਂ 2 ਕੁ ਕਿੱਲਿਆਂ ਵਿਚ ਇਹ ਤਜ਼ਰਬਾ ਕੀਤਾ, ਪਰ ਜਦ 2 ਸਾਲ ਬਾਅਦ ਇਸਦੇ ਨਤੀਜੇ ਮਿਲਣ ਲੱਗੇ ਤਾਂ ਅਸੀਂ ਸਾਰੇ ਰਕਬੇ, ਜੋ ਕਿ ਇਸ ਵੇਲੇ ਕਰੀਬ 22 ਏਕੜ ਹੈ, ਵਿਚ ਇਸ ਨੂੰ ਅਪਨਾ ਲਿਆ।
ਉਨਾਂ ਦੱਸਿਆ ਕਿ 2011 ਤੋਂ ਮੇਰੇ ਪੁੱਤਰ ਸਤਨਾਮ ਸਿੰਘ ਅਤੇ ਚਰਨਜੀਤ ਸਿੰਘ ਲਗਾਤਾਰ ਪਰਾਲੀ ਤੇ ਨਾੜ ਖੇਤ ਵਿਚ ਵਾਹ ਰਹੇ ਹਨ, ਜਿਸ ਨਾਲ ਸਾਡੀ ਕਣਕ ਅਤੇ ਝੋਨੇ ਦਾ ਝਾੜ ਹੈਰਾਨੀਜਨਕ ਵਧਿਆ ਹੈ, ਜੋ ਕਿ ਆਮ ਕਿਸਾਨ ਤਾਂ ਮੰਨਣ ਨੂੰ ਤਿਆਰ ਨਹੀਂ ਹੁੰਦੇ। ਝੋਨੇ ਦੀ ਗੱਲ ਕਰਦੇ ਉਨਾਂ ਦੱਸਿਆ ਕਿ ਅਸੀਂ ਝੋਨੇ ਨੂੰ ਕੇਵਲ ਇਕ ਬੋਰੀ ਯੂਰੀਆ ਪਾਈ ਹੈ ਅਤੇ ਕੋਈ ਦਵਾਈ ਦੀ ਸਪਰੇਅ ਵੀ ਨਹੀਂ ਕੀਤੀ, ਜਦਕਿ ਬਾਕੀ ਕਿਸਾਨ ਇਕ ਬੋਰੀ ਡੀ ਏ ਪੀ ਅਤੇ ਤਿੰਨ ਬੋਰੀ ਯੂਰੀਆ ਪ੍ਰਤੀ ਏਕੜ ਪਾ ਚੁੱਕੇ ਹਨ। ਇਸ ਦੇ ਬਾਵਜੂਦ ਸਾਡਾ ਝੋਨਾ ਉਨਾਂ ਨਾਲੋਂ ਵਧੀਆ ਹੈ ਅਤੇ ਵੱਧ ਝਾੜ ਦੇਵੇਗਾ। ਪਿਛਲੀ ਕਣਕ ਦੀ ਗੱਲ ਕਰਦੇ ਉਨਾਂ ਦੱਸਿਆ ਕਿ ਸਾਡਾ ਔਸਤਨ ਝਾੜ 26 ਕੁਇੰਟਲ ਪ੍ਰਤੀ ਏਕੜ ਰਿਹਾ, ਜਦਕਿ ਆਮ ਕਿਸਾਨ 20 ਕੁਇੰਟਲ ਤੋਂ ਹੇਠਾਂ ਰਹੇ ਸਨ। ਉਨਾਂ ਦੱਸਿਆ ਕਿ ਅਸੀਂ ਪਰਾਲੀ ਨੂੰ ਖੇਤ ਵਿਚ ਖਿਲਾਰ ਕੇ ਹਲਕਾ ਪਾਣੀ ਦਿੰਦੇ ਹਾਂ ਅਤੇ ਉਪਰੰਤ ਰੋਟਾਵੇਟਰ ਨਾਲ ਵਾਹ ਕੇ ਕਣਕ ਬੀਜ ਦਿੰਦੇ ਹਾਂ। ਇਸੇ ਤਰਾਂ ਕਣਕ ਦੇ ਨਾੜ ਦੀ ਤੂੜੀ ਬਣਾ ਕੇ ਬਾਕੀ ਬਚਦਾ ਨਾੜ ਉਲਟਾਵੇਂ ਹੱਲ ਨਾਲ ਧਰਤੀ ਵਿਚ ਦਬਾ ਦਿੰਦੇ ਹਾਂ ਅਤੇ ਪਾਣੀ ਲਗਾ ਕੇ ਝੋਨਾ ਬੀਜ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਸਾਨੂੰ ਇਸ ਵਿਚ ਜ਼ਰਾ ਜਿੰਨੀ ਵੀ ਮੁਸ਼ਿਕਲ ਨਹੀਂ ਆਈ।
ਇਸ ਦੇ ਲਾਭ ਦੱਸਦੇ ਉਨਾਂ ਦੱਸਿਆ ਕਿ ਇਸ ਤਰਾਂ ਜਿੱਥੇ ਸਾਡੀ ਜ਼ਮੀਨ ਉਪਜਾੳੂ ਹੋਈ ਹੈ ਉਥੇ ਹਰ ਸਾਲ ਜੈਵਿਕ ਮਾਦਾ ਧਰਤੀ ਵਿਚ ਮਿਲਣ ਨਾਲ ਉਚੀ ਵੀ ਹੋਈ ਹੈ। ਜ਼ਮੀਨ ਵਿਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਪੌਦੇ ਵੱਧ ਤਾਕਤਵਰ ਹੁੰਦੇ ਹਨ।
ਇਸ ਬਾਬਤ ਤਕਨੀਕੀ ਪੱਖ ਦੱਸਦੇ ਖੇਤੀਬਾੜੀ ਅਧਿਕਾਰੀ ਸ. ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਜਦ ਧਰਤੀ ਵਿਚ ਜੈਵਿਕ ਮਾਦਾ ਪਰਾਲੀ ਤੇ ਨਾੜ ਦੇ ਮਿਲਣ ਨਾਲ ਵੱਧਦਾ ਹੈ ਤਾਂ ਜ਼ਮੀਨ ਨਰਮ ਹੁੰਦੀ ਹੈ, ਜਿਸ ਵਿਚ ਨਮੀ ਬਣੀ ਰਹਿੰਦੀ ਹੈ ਅਤੇ ਪੌਦੇ ਦੀਆਂ ਜੜਾਂ ਨੂੰ ਫੈਲਣਾ ਅਸਾਨ ਹੋ ਜਾਂਦਾ ਹੈ, ਜੋ ਕਿ ਪੌਦੇ ਦੇ ਵਾਧੇ ਵਿਚ ਸਹਾਈ ਹੁੰਦਾ ਹੈ। ਇਸ ਤਰਾਂ ਘੱਟ ਪਾਣੀ ਲਗਾਉਣ ਨਾਲ ਵੀ ਫਸਲ ਵੱਧ ਝਾੜ ਦਿੰਦੀ ਹੈ। ਉਨਾਂ ਦੱਸਿਆ ਕਿ ਉਲਟਾਵੇਂ ਹੱਲ ਵੱਗ ਜਾਣ ਨਾਲ ਨਦੀਨਾਂ ਦੇ ਬੀਜ ਧਰਤੀ ਵਿਚ ਜ਼ਿਆਦਾ ਡੂੰਘੇ ਚਲੇ ਜਾਂਦੇ ਹਨ ਅਤੇ ਉਗਦਾ ਨਹੀਂ। ਇਸ ਤਰਾਂ ਫਸਲ ਨਦੀਨਾਂ ਤੋਂ ਵੀ ਫਸਲ ਬਚ ਜਾਂਦੀ ਹੈ। ਫਸਲ ਨੂੰ ਆਮ ਨਾਲੋਂ ਘੱਟ ਕੀੜੇ ਪੈਣ ਦਾ ਤਰਕ ਦਿੰਦੇ ਉਨਾਂ ਦੱਸਿਆ ਕਿ ਵੱਧ ਖਾਦ ਪੈਣ ਨਾਲ ਪੱਤਿਆਂ ਵਿਚ ਕਲੋਰੋਫਿਲ ਦੀ ਮਾਤਰਾ ਵੱਧਦੀ ਹੈ, ਜੋ ਕਿ ਫਸਲ ਨੂੰ ਹਾਨੀ ਪਹੁੰਚਾਉਣ ਵਾਲੇ ਕੀੜੀਆਂ ਨੂੰ ਆਪਣੇ ਵੱਲ ਖਿੱਚਦੀ ਹੈ, ਜਦਕਿ ਜੈਵਿਕ ਮਾਦੇ ਵਿਚ ਫਸਲ ਭਾਵੇਂ ਜ਼ਿਆਦਾ ਤਾਕਤਵਰ ਹੁੰਦੀ ਹੈ, ਪਰ ਘੱਟ ਕਲੋਰੋਫਿਲ ਹੋਣ ਕਾਰਨ ਕੀੜੇ ਉਸ ਵੱਲ ਆਕਰਸ਼ਿਤ ਨਹੀਂ ਹੁੰਦੇ। ਉਨਾਂ ਨੇ ਜਿਲੇ ਦੇ ਬਾਕੀ ਕਿਸਾਨਾਂ ਨੂੰ ਵੀ ਅਜਿਹਾ ਖੇਤੀ ਮਾਡਲ ਅਪਨਾਉਣ ਦਾ ਸੱਦਾ ਦਿੰਦੇ ਕਿਹਾ ਕਿ ਜੇਕਰ ਕਿਸਾਨ ਅਜਿਹਾ ਕਰਨ ਲੱਗ ਜਾਣ ਤਾਂ ਖੇਤੀ ਲਾਹੇਵੰਦ ਧੰਦਾ ਬਣ ਜਾਵੇਗੀ।
Punjab Post Daily Online Newspaper & Print Media