ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ
ਵੱਲੋਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਅਹਿਮ ਖੋਜਾਂ ਅਤੇ ਖੋਜ ਪ੍ਰਾਪਤੀਆਂ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਵਾਈਸ-ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵੱਲੋਂ ਅੱਜ ਇਥੇ ਆਨਲਾਈਨ ਰੀਸਰਚ ਵੈਬ ਪੋਰਟਲ ਲਾਂਚ ਕੀਤਾ ਗਿਆ ਜਿਸ ਰਾਹੀਂ ਯੂਨੀਵਰਸਿਟੀ ਵੱਲੋਂ ਕੀਤੀਆਂ ਖੋਜਾਂ ਅਤੇ ਖੋਜ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।ਇਹ ਖੋਜ ਪੋਰਟਲ ਪ੍ਰੋ. ਸੰਧੂ ਦੀ ਦਿਸ਼ਾ ਨਿਰਦੇਸ਼ਾਂ ਹੇਠ ਯੂਨੀਵਰਸਿਟੀ ਦੇ ਅਮਲੇ ਵੱਲੋਂ ਹੀ ਬਣਾਇਆ ਗਿਆ ਹੈ।ਇਸ ਮੌਕੇ ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ, ਇੰਚਾਰਜ ਕੰਪਿਊਟਰ ਸੈਂਟਰ, ਸ਼੍ਰੀ ਤੀਰਥ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਸ਼ਾਮਿਲ ਸਨ।
ਇਸ ਪੋਰਟਲ ਵਿਚ ਯੂਨੀਵਰਸਿਟੀ ਵੱਲੋਂ ਉਚ ਪੱਧਰੀ ਖੋਜ ਜਿਹੜੀ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਰਨਲਾਂ ਵਿਚ ਛਪ ਚੁੱਕੀ ਹੈ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫਰੰਸਾਂ, ਸਿੰਪੋਜ਼ੀਆ ਅਤੇ ਸੈਮੀਨਾਰਾਂ ਵਿਚ ਫੈਕਲਟੀ ਮੈਂਬਰ ਅਤੇ ਖੋਜਾਰਥੀਆਂ ਦੀ ਸ਼ਮੂਲੀਅਤ ਅਤੇ ਪੇਪਰ ਪੇਸ਼ਕਾਰੀ ਆਦਿ ਬਾਰੇ ਜਾਣਕਾਰੀ ਉਪਲਬਧ ਹੋਵੇਗੀ। ਇਹ ਜਾਣਕਾਰੀ ਇਕ ਗ੍ਰਾਫ ‘ਤੇ ਆਧਾਰਿਤ ਵੀ ਦੇਖੀ ਜਾ ਸਕੇਗੀ।ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਇਹ ਸੁਵਿਧਾ ਹਾਸਲ ਹੋਵੇਗੀ ਕਿ ਇਸ ਪੋਰਟਲ ਉਪਰ ਆਪਣੇ ਰੀਸਰਚ ਪੇਪਰ ਅਪਲੋਡ ਕਰ ਸਕਣ ਤਾਂ ਜੋ ਉਨ੍ਹਾਂ ਦੀ ਖੋਜ ਤੋਂ ਹੋਰ ਖੋਜਾਰਥੀ ਵੀ ਲਾਹੇਵੰਦ ਹੋ ਸਕਣ।ਇਸ ਸਬੰਧੀ ਜਾਣਕਾਰੀ ਬਾਰੇ ਪੂਰੀ ਸੁਰੱਖਿਆ ਅਤੇ ਨਿੱਜਤਾ ਦਾ ਖਿਆਲ ਰੱਖਿਆ ਜਾਵੇਗਾ ਅਤੇ ਹਰ ਵਰਤੋਕਾਰ ਨੂੰ ਇਕ ਯੂਨੀਕ ਯੂਜ਼ਰ ਨੇਮ ਅਤੇ ਪਾਸਵਰਡ ਦਿੱਤਾ ਜਾਵੇਗਾ।ਇਹ ਪੋਰਟਲ ਅਧਿਆਪਕਾਂ ਤੇ ਖੋਜਾਰਥੀਆਂ ਦੀਆਂ ਖੋਜ ਪ੍ਰਾਪਤੀਆਂ ਤੇ ਸਹਿਯੋਗ ਨੂੰ ਦਰਸਾਏਗਾ।ਇਸ ਪੋਰਟਲ ਜ਼ਰੀਏ ਅਧਿਆਪਕ ਅਤੇ ਖੋਜਾਰਥੀ ਆਪਣੀਆਂ ਪ੍ਰਾਪਤੀਆਂ ਅਤੇ ਅਕਾਦਮਿਕ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਸਾਂਝੀ ਕਰ ਸਕਣਗੇ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media