
ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਖ਼ਾਲਸਾ ਕਾਲਜ ਦੀ ਮੈਨੇਜ਼ਮੈਂਟ ਦੁਆਰਾ ਵਿਦਿਆਰਥੀਆਂ ਨੂੰ ਹਰੇਕ ਪ੍ਰਕਾਰ ਦੀਆਂ ਆਧੁਨਿਕ ਤੇ ਹੋਰਨਾਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਨ ਦੀ ਕੜੀ ਨੂੰ ਅੱਗੇ ਤੋਰਦਿਆਂ ਅੱਜ ਕੌਂਸਲ ਦੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਮੌਜ਼ੂਦਗੀ ’ਚ ਖ਼ਾਲਸਾ ਕਾਲਜ ਗਰਲਜ਼ ਹੋਸਟਲ ਦੇ ਵਿਹੜੇ ’ਚ ‘ਮਾਤਾ ਸਾਹਿਬ ਕੌਰ ਹੋਸਟਲ’ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਛੀਨਾ ਨੇ ਕਿਹਾ ਕਿ ਤਜ਼ਰਬੇਕਾਰ ਸਟਾਫ਼ ਦੁਆਰਾ ਕਰਵਾਈ ਜਾਂਦੀ ਮਿਹਨਤ ਸਦਕਾ ਕਾਲਜ ਜਿੱਥੇ ਉੱਚ ਵਿੱਦਿਅਕ ਸੰਸਥਾ ਦੇ ਨਾਂਅ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਥੇ ਕਾਲਜ ਦੇ ਵਿਦਿਆਰਥੀ ਦੇਸ਼ ਦੇ ਕੋਨੇ-ਕੋਨੇ ’ਚ ਉਚ ਅਹੁੱਦਿਆਂ ’ਤੇ ਬਿਰਾਜਮਾਨ ਹੋ ਕੇ ਅਤੇ ਬਿਜਨੈਸਮੈਨਾਂ ਵਜੋਂ ਉਭਰ ਕੇ ਦੇਸ਼ ਦਾ ਨਾਂ ਚਮਕਾ ਰਹੇ ਹਨ।ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਦੀ ਹਰੇਕ ਤਰ੍ਹਾਂ ਦੀ ਸੁੱਖ-ਸੁਵਿਧਾ ਅਤੇ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਗਵਰਨਿੰਗ ਕੌਂਸਲ ਦੀ ਮੈਨੇਜ਼ਮੈਂਟ ਹਮੇਸ਼ਾਂ ਯਤਨਸ਼ੀਲ ਹੈ।ਛੀਨਾ ਨੇ ਕਿਹਾ ਕਿ 4 ਮੰਜਿਲਾਂ ਅਤੇ 1 ਬੇਸਮੈਂਟ ਵਾਲੇ ਇਸ ਹੋਸਟਲ ’ਚ 91 ਵੱਡੇ ਥ੍ਰੀ ਬੈਡ ਅਤੇ 22 ਛੋਟੇ ਸਿੰਗਲ ਬੈਡ ਕਮਰੇ ਹਨ ਅਤੇ ਇਸਦੀ ਬੇਸਮੈਂਟ ’ਚ ਇਕ ਰੀਡਿੰਗ ਰੂਮ, ਇਨਡੋਰ ਗੇਮਜ਼ ਅਤੇ ਜਿਮ ਦੀ ਸੁਵਿਧਾ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੀ ਗਈ ਹੈ।
ਹੋਸਟਲ ਦੇ ਉਦਘਾਟਨ ਤੋਂ ਪਹਿਲਾਂ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਅਰਦਾਸ ਕੀਤੀ ਗਈ, ਜਿਸ ’ਚ ਕੌਂਸਲ ਦੇ ਜੁਆਇੰਟ ਸਕੱਤਰ ਨਿਰਮਲ ਸਿੰਘ, ਸਰਦੂਲ ਸਿੰਘ ਮੰਨਨ, ਖ਼ਾਲਸਾ ਕਾਲਜ ਪ੍ਰਿੰਸੀਪਲ ਜੇ.ਐਸ ਢਿੱਲੋਂ, ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰਿੰਸੀਪਲ ਡਾ. ਅਮਰਪਾਲ ਸਿੰਘ, ਪ੍ਰਿੰਸੀਪਲ ਡਾ. ਐਸ. ਐਸ. ਸਿੱਧੂ, ਪ੍ਰਿੰਸੀਪਲ ਤੇਜਿੰਦਰ ਕੌਰ ਬਿੰਦਰਾ, ਪ੍ਰਿੰਸੀਪਲ ਡਾ. ਆਰ.ਕੇ ਧਵਨ, ਪ੍ਰਿੰਸੀਪਲ ਨਿਰਮਲ ਸਿੰਘ ਭੰਗੂ, ਸ੍ਰੀ ਐਨ.ਕੇ ਸ਼ਰਮਾ, ਡਾ. ਚਰਨਜੀਤ ਸਿੰਘ, ਪ੍ਰੋ: ਸੁਪਨਿੰਦਰ ਕੌਰ, ਪ੍ਰੋ: ਸਵਿੰਦਰ ਕੌਰ, ਪ੍ਰੋ: ਪ੍ਰਭਜੋਤ ਕੌਰ ਆਦਿ ਤੋਂ ਇਲਾਵਾ ਵਿਦਿਆਰਥਣਾਂ ਨੇ ਮੌਜ਼ੂਦ ਸਨ।ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣਾਂ ਦੀ ਵਧਦੀ ਗਿਣਤੀ ’ਦੇ ਮੱਦੇਨਜ਼ਰ ਕਾਲਜ ’ਚ ਇਕ ਹੋਰ ਨਵੇਂ ਮਾਤਾ ਸਾਹਿਬ ਕੌਰ ਹੋਸਟਲ ਦਾ ਨਿਰਮਾਣ ਕੀਤਾ ਗਿਆ ਹੈ।ਜਿਸ ਵਿੱਚ ਕੁੱਲ 113 ਵੱਡੇ ਅਤੇ ਛੋਟੇ ਖੁੱਲ੍ਹੇ ਅਤੇ ਹਵਾਦਾਰ ਕਮਰੇ ਹਨ ਅਤੇ ਵਿਦਿਆਰਥਣਾਂ ਮਨੋਰੰਜਨ ਲਈ ਇਕ ਸਾਂਝੀ ਐਲ.ਈ.ਡੀ ਵੀ ਲਗਾਈ ਗਈ ਹੈ।ਇਸ ਤੋਂ ਇਲਾਵਾ ਇੰਟਰਨੈੱਟ ਦੀ ਸਹੂਲਤ ਵਿਚਾਰਅਧੀਨ ਹੈ।ਉਨ੍ਹਾਂ ਕਿਹਾ ਹੋਸਟਲ ਨੂੰ ਵਿਦਿਆਰਥਣਾਂ ਦੀ ਹਰੇਕ ਜਰੂਰਤ ਨੂੰ ਧਿਆਨ ’ਚ ਰੱਖ ਕੇ ਤਿਆਰ ਕਰਵਾਇਆ ਗਿਆ ਹੈ ਤਾਂ ਜੋ ਵਿਦਿਆਰਥਣਾਂ ਸਹੀ ਤਰੀਕੇ ਨਾਲ ਰੀਡਿੰਗ ਰੂਮ ’ਚ ਪੜ੍ਹਾਈ ਦੇ ਨਾਲ-ਨਾਲ ਹੋਸਟਲ ’ਚ ਠੀਕ ਢੰਗ ਨਾਲ ਰਹਿ ਸਕਣ।
ਇਸ ਮੌਕੇ ਛੀਨਾ ਨੇ ਹੋਸਟਲ ਦਾ ਦੌਰਾ ਕਰਕੇ ਸਫ਼ਾਈ ਵਿਵਸਥਾ ਅਤੇ ਵਿਦਿਆਰਥਣਾਂ ਨੂੰ ਪਰੋਸੇ ਜਾਂਦੇ ਪਕਵਾਨਾਂ ਸਬੰਧੀ ਜਾਇਜਾ ਲੈਂਦਿਆਂ ਖਾਣਾ ਪਕਵਾਉਣ ਵਾਲੇ ਵਿਅਕਤੀਆਂ ਨੂੰ ਸਾਫ਼-ਸਫ਼ਾਈ ਅਤੇ ਸ਼ੁੱਧ ਤੇ ਤਾਜ਼ਾ ਭੋਜਨ ਬਣਾਉਣ ਦੀਆਂ ਹਦਾਇਤਾਂ ਵੀ ਕੀਤੀਆਂ।ਉਨ੍ਹਾਂ ਕਿਹਾ ਕਿ ਕਾਲਜ ਮੈਨੇਜ਼ਮੈਂਟ ਵਿਦਿਆਰਥੀਆਂ ਦੀ ਸਿਹਤ ਪ੍ਰਤੀ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕਰੇਗਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media