Wednesday, March 25, 2026

ਬਾਬਾ ਮਹਿਰਾਜ ਤੇ ਸਿਧਾਣਾ ਰਿਹਾਈ ਲਈ ਜਬਰਦਸਤ ਰੋਸ ਮਾਰਚ

PPN0711201703ਬਠਿੰਡਾ, 7 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਮਾਂ ਬੋਲੀ ਨੂੰ ਪੰਜਾਬ ਵਿੱਚ ਲਾਗੂ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੌਰਾਨ ਦਲ ਖ਼ਾਲਸਾ ਦੇ ਬਾਬਾ ਹਰਦੀਪ ਸਿੰਘ ਗੁਰੂਸਰ ਤੇ ਮਾਲਵਾ ਯੂਥ ਫੈਡਰੇਸ਼ਨ ਦੇ ਲੱਖਾ ਸਿਧਾਣਾ ਨੂੰ ਬਿਨਾ ਸ਼ਰਤ ਰਿਹਾਅ ਕਰਵਾਉਣ ਲਈ ਸ਼ਹਿਰ ਵਿੱਚ ਇੱਕ ਜਬਰਦਸਤ ਰੋਸ ਮਾਰਚ ਕੀਤਾ।ਪੰਜਾਬੀ ਮਾਂ ਬੋਲੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਮਿੰਨੀ ਸਕੱਤਰੇਤ ਅੱਗ ਇੱਕ ਰੋਸ ਧਰਨਾ ਵੀ ਦਿੱਤਾ।ਜਿਸ ਨੂੰ ਸੰਬੋਧਨ ਕਰਦਿਆਂ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਬੁਲਾਰਿਆਂ ਨੇ ਬਾਬਾ ਮਹਿਰਾਜ ਤੇ ਲੱਖਾ ਸਿਧਾਣਾ ਦੀ ਗਿਰਫ਼ਤਾਰੀ ਦਾ ਸਖ਼ਤ ਵਿਰੋਧ ਕਰਦਿਆਂ ਉਹਨਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ।
ਦਲ ਖ਼ਾਲਸਾ ਦੇ ਆਗੂਆਂ ਤੇ ਡਾ. ਗਾਂਧੀ ਦੀ ਟੀਮ ਦੇ ਬੁਲਾਰਿਆਂ ਨੇ ਮਾਂ ਬੋਲੀ ਦੇ ਸਾਰੇ ਹਿਤੈਸੀਆਂ ’ਤੇ ਕੀਤੇ ਝੂਠੇ ਪਰਚੇ ਤੁਰੰਤ ਵਾਪਸ ਲੈਣ ਦੀ ਗੱਲ ਵੀ ਕਹੀ।ਬਠਿੰਡਾ ਦੀਆਂ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਮਰਚ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਲਾਏ ਧਰਨੇ ਨੂੰ ਸੰਬੋਧਨ ਕਰਦਿਆ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਲੱਖਾ ਸਿਧਾਣਾ ਦੀ ਗਿਰਫ਼ਤਾਰੀ ਦੀ ਸਖ਼ਤ ਨਿੰਦਿਆ ਕਰਦਿਆਂ ਕਿਹਾ ਕਿ ਦਿਨੋ ਦਿਨ ਸੁੰਗੜ ਰਿਹਾ ਦਿੱਲੀ ਦਾ ਰਾਸ਼ਟਰਵਾਦ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਦੀਆਂ ਭਾਸ਼ਾਵਾਂ, ਉਹਨਾਂ ਦੀ ਪਹਿਚਾਣ ਅਤੇ ਉਹਨਾਂ ਦੀ ਵੱਖਰੀ ਹੋਂਦ ਨੂੰ ਖ਼ਤਮ ਕਰ ਰਿਹਾ ਹੈ। ਜਿਸ ਤਹਿਤ ਹੀ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਨੂੰ ਇੱਕ ਸਾਜਿਸ਼ ਤਹਿਤ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਇਸ ਪੋਚਾ ਮਾਰੂ ਮੁਹਿੰਮ ਤੋਂ ਤੁਰੰਤ ਬਾਅਦ 10 ਨਵੰਬਰ ਤੱਕ ਪੰਜਾਬੀ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਤੇ ਦੂਜੇ ਪਾਸੇ ਕੇਂਦਰ ਸਰਕਾਰ ਇਸ ਕਾਰਵਾਈ ’ਤੇ ਔਖ ਪ੍ਰਗਟ ਕਰ ਰਿਹਾ ਹੈ ਜਿਸ ਤੋਂ ਉਸ ਦੀ ਪੰਜਾਬੀ ਮਾਂ ਬੋਲੀ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਹੈ। ਉਹਨਾਂ ਕਿਹਾ ਕਿ ਇਹ ਗਿਰਫ਼ਤਾਰੀ ਇਕੱਲੀ ਕਿਸੇ ਛੋਟੀ ਜਿਹੀ ਘਟਨਾ ਦਾ ਸਬੂਤ ਨਹੀਂ ਸਗੋਂ ਇਹ ਇੱਕ ਕੌਮ ਦੀ ਹੋਂਦ ਨੂੰ ਕਾਇਮ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਤਾਨਾਸ਼ਾਹੀ ਢੰਗ ਦਬਾਇਆ ਜਾ ਰਿਹਾ ਹੈ। ਉਹਨਾਂ ਐਕਸਨ ਕਮੇਟੀ ਨੂੰ ਭਰੋਸਾ ਦਿੱਤਾ ਕਿ ਉਹ ਕਮੇਟੀ ਜੋ ਵੀ ਅਗਲਾ ਪ੍ਰੋਗਰਾਮ ਦੇਵੇਗੀ ਉਸ ਮੁਤਾਬਕ ਤਿਆਰੀਆਂ ਕਰਕੇ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਡਾ. ਧਰਮਵੀਰ ਗਾਂਧੀ ਦੀ ਟੀਮ ਵੱਲੋਂ ਬੁਲਾਰੇ ਮੈਡਮ ਹਰਮੀਤ ਕੌਰ ਬਰਾੜ ਨੇ ਪੰਜਾਬੀ  ਲਾਗੂ ਕਰਵਾਉਣ ਲਈ ਕੀਤੇ ਸ਼ਾਂਤਮਈ ਤੇ ਲੋਕਤੰਤਰ ਢੰਗ ਨੂੰ ਸੂਬਾ ਹਕੂਮਤ ਵੱਲੋਂ ਡੰਡੇ ਦੇ ਜ਼ੋਰ ਦੇ ਖ਼ਤਮ ਕਰਨ ਦੀ ਨਿੰਦਿਆ ਕਰਦਿਆ ਕਿਹਾ ਕਿ ਬਠਿੰਡਾ ਪੁਲਿਸ ਨੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਰ ਕੇ ਦੇਸ਼ ਵਿਦੇਸ਼ ਦੇ ਸਮੁੱਚੇ ਪੰਜਾਬੀਆਂ ਨੂੰ ਭਾਜੀ ਪਾਈ ਹੈ, ਜਿਸ ਨੂੰ ਹੁਣ ਮੋੜਨ ਦਾ ਸਮਾਂ ਆ ਗਿਆ ਹੈ।ਉਹਨਾਂ ਕਿਹਾ ਕਿ ਡਾ. ਧਰਮਵੀਰ ਗਾਂਧੀ ਦੀ ਸਮੁੱਚੀ ਟੀਮ ਇਹਨਾਂ ਗ੍ਰਿਫ਼ਤਾਰੀਆਂ ਦੀ ਸਖ਼ਤ ਨਿੰਦਿਆ ਕਰਦੀ ਹੋਏ ਐਕਸਨ ਕਮੇਟੀ ਵੱਲੋਂ ਉਲੀਕੇ ਗਏ ਸੰਘਰਸ਼ ਦੇ ਹਰ ਪੜਾਅ ’ਤੇ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦਿੱਤਾ ਜਾਵੇਗਾ। ਉਹਨਾਂ ਬਠਿੰਡਾ ਇਲਾਕੇ ਵਿੱਚੋਂ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਕੀਤੇ ਗਏ ਯਤਨਾਂ ਦੀ ਸਲਾਘਾ ਕਰਦਿਆ ਇਸ ਲਹਿਰ ਨੂੰ ਪੰਜਾਬ ਦੇ ਕੋਨੇ ਕੋਨੇ ਤੱਕ ਪਹੁਚਾਣ ਦੀ ਗੱਲ ਕੀਤੀ।
ਡਾ. ਪਦਮਾ ਗਾਂਧੀ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਪੰਜਾਬ ਵਿੱਚ ਹਰ ਥਾਂ, ਹਰ ਦਫ਼ਤਰ ਵਿੱਚ ਪੰਜਾਬੀ ਮਾਂ ਬੋਲੀ ਤੁਰੰਤ ਲਾਗੂ ਕਰਨ ਦੀ ਮੰਗ ਕਰਨ ਦੀ ਮੰਗ ਕੀਤੀ।ਉਹਨਾਂ ਕਿਹਾ ਕਿ ਪੰਜਾਬੀ ਕਾਨੂੰਨ ਮੁਤਾਬਕ ਹਰ ਅਦਾਲਤ ਦੀ ਹਰ ਕਾਰਵਾਈ ਪੰਜਾਬੀ ਵਿੱਚ ਅਮਲੀ ਰੂਪ ਲਿਆਉਣ ਲਈ ਕਿਹਾ।
ਨੌਜਵਾਨ ਆਗੂ ਰਾਜਵਿੰਦਰ ਸਿੰਘ ਰਾਏਖਾਨਾ ਨੇ ਧਰਨੇ ਨੂੰ ਸੰਬੋਧਨ ਕਰਦਿਆ ਸੂਬਾ ਹਕੂਮਤ ਤੇ ਜਿਲਾ ਪ੍ਰਸ਼ਾਸਨ ਦਾ ਦੋਗਲਾ ਚਿਹਰਾ ਨੰਗਾ ਕੀਤਾ। ਉਹਨਾਂ ਕਿਹਾ ਕਿ ਪੋਚਾ ਮਾਰੂ ਮੁਹਿੰਮ ਤੋਂ ਤੁਰੰਤ ਮਗਰੋਂ ਇੱਕ ਪਾਸੇ ਸੂਬਾ ਹਕੂਮਤ ਪੰਜਾਬੀ ਸਬੰਧੀ ਮੰਗਾਂ ਮੰਨਣ ਦਾ ਐਲਾਨ ਕਰਦੀ ਹੈ। ਦੂਜੇ ਪਾਸੇ ਪੰਜਾਬੀ ਹਿਤੈਸੀਆਂ ’ਤੇ ਝੂਠੇ ਪਰਚੇ ਦਰਜ਼ ਕਰਕੇ ਦੋ ਅਹਿਮ ਆਗੂਆਂ ਬਾਬਾ ਹਰਦੀਪ ਸਿੰਘ ਤੇ ਲੱਖਾ ਸਿਧਾਣਾ ਨੂੰ ਜੇਲਾਂ ਦੀਆਂ ਸਲਾਖਾਂ ਪਿੱਛੇ ਡੱਕ ਇਸ ਸੰਘਰਸ਼ ਨੂੰ ਅਗਵਾਈ ਵਿਹੂਣਾ ਕਰਨਾ ਚਾਹੁੰਦੀ ਹੈ ਅਤੇ ਉਹ ਇਸ ਚਾਲ ਨੂੰ ਸਫ਼ਲ ਨਹੀਂ ਹੋਣ ਦੇਣਗੇ।
ਰੋਸ ਧਰਨੇ ਮਗਰੋਂ ਸ਼ਹਿਰ ਵਿਚੋਂ ਦੀ ਇੱਕ ਜਬਰਦਸਤ ਰੋਸ ਮਾਰਚ ਕੱਢਿਆ ਗਿਆ। ਜਿਸ ਦੌਰਾਨ ਨੌਜਾਵਾਨ ਨੇ ਹੱਥਾਂ ਵਿੱਚ ਵੱਡ ਅਕਾਰੀ ਫਲੈਕਸਾਂ ਫੜ ਕੇ ਜੇਲਾਂ ਵਿੱਚ ਸੁੱਟੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ।
ਇਸ ਮੌਕੇ ਦਲ ਖ਼ਾਲਸਾ ਦੇ ਕੋ-ਆਰਡੀਨੇਟਰ ਜਸਵੀਰ ਸਿੰਘ ਖਡੂਰ, ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ,ਐਕਸਨ ਕਮੇਟੀ ਤੇ ਲੇਖਕ ਬਲਜਿੰਦਰ ਸਿੰਘ ਬਾਗੀ ਕੋਟਭਾਰਾ, ਮਾਲਵਾ ਯੂਥ ਫੈਡਰੇਸ਼ਨ ਦੇ ਨਿੱਕਾ ਸਿਧਾਣਾ, ਮੇਜਰ ਸਿੰਘ ਕਾਲੋਕੇ, ਜਥੇਦਾਰ ਪੰਜਗਰਾਈ, ਦਲ ਖ਼ਾਲਸਾ ਦੇ ਅਮਰੀਕ ਸਿੰਘ ਈਸੜੂ, ਕਮਿੱਕਰ ਸਿੰਘ, ਜਿਲਾ ਮੀਤ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ, ਗੁਰਮਤਿ ਸੇਵਾ ਲਹਿਰ ਦੇ ਡਾ. ਰਾਜਵੀਰ ਸਿੰਘ ਰੌਂਤਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਗੁਰਪ੍ਰੀਤ ਸਿੰਘ ਗੰਗਾ, ਡੀ. ਐਸ. ਓ. ਵੱਲੋਂ ਹੁਸਨਿੰਦਰ ਸਿੰਘ ਕੋਟਫ਼ੱਤਾ, ਟੀ. ਐਸ. ਯੂ. ਵੱਲੋਂ ਨੈਬ ਸਿੰਘ ਤੇ ਵਰਕਰ, ਆਪ ਦੇ ਐਮ. ਐਲ. ਏ. ਕੁਲਤਾਰ ਸਿੰਘ ਸੰਧਵਾ, ਨਵਦੀਪ ਸਿੰਘ ਜੀਂਦਾ ਜਿਲਾ ਮੀਤ ਪ੍ਰਧਾਨ ਆਪ, ਸਿੱਖ ਸਟੂਡੈਂਟ ਫੈਡਰੇਸ਼ਨ ਅਖੰਡ ਅਕਾਲੀ ਦਲ 1920 ਦੇ ਦਲੇਰ ਸਿੰਘ ਡੋਡ, ਥਰਮਲ ਪਲਾਟ ਮੁਲਾਜਮ ਤਾਲਮੇਲ ਕਮੇਟੀ ਵੱਲੋਂ ਇਕਬਾਲ ਸਿੰਘ ਪੂਹਲਾ, ਪੰਜਾਬੀ ਸਾਹਿਤ ਸਭਾ ਜਸਪਾਲ ਮਾਨਖੇੜਾ, ਜਸਪਾਲ ਖੋਖਰ, ਟੀਚਰਜ਼ ਹੋਮ ਬਠਿੰਡਾ ਵੱਲੋਂ ਲਛਮਣ ਸਿੰਘ ਮਲੂਕਾ, ਕਿਰਤੀ ਕਿਸਾਨ ਯੂਨੀਅਨ ਵੱਲੋਂ ਅਮਰਜੀਤ ਸਿੰਘ ਹਨੀ, ਕਲੱਬ ਆਗੂ ਬਬਲਾ ਸਿੰਘ ਸ਼ੇਰ ਗਿੱਲ ਆਦਿ ਵੀ ਸ਼ਾਮਲ ਸਨ।ਇਸ ਮਗਰੋਂ ਡੀ.ਸੀ ਬਠਿੰਡਾ ਨੂੰ ਇਹਨਾਂ ਮੰਗਾਂ ਮਸਲਿਆਂ ਸਬੰਧੀ ਇੱਕ ਮੰਗ ਪੱਤਰ ਦੇ ਕੇ ਇਸ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply