Wednesday, July 1, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 48ਵਾਂ ਸਥਾਪਨਾ ਦਿਵਸਉਤਸ਼ਾਹ ਨਾਲ ਮਨਾਇਆ

ਸਿਖਿਆ ਦਾ ਮੰਤਵ ਚੰਗੇਰੇ ਵਿਦਵਾਨ ਅਤੇ ਦਾਰਸ਼ਨਿਕ ਪੈਦਾ ਕਰਨਾ – ਯੂ.ਜੀ.ਸੀ ਚੇਅਰਮੈਨ

PPN2411201710

ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 48ਵਾਂ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਸਵੇਰ ਵੇਲੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅਰਦਾਸ ਨਾਲ ਪੂਰੇ ਦਿਨ ਦੇ ਪ੍ਰੋਗਰਾਮ ਆਰੰਭ ਹੋਏ ਤੇ ਸ਼ਾਮ ਵੇਲੇ ਕੀਰਤਨ ਦਰਬਾਰ ਨਾਲ ਜਸ਼ਨਾਂ ਦੀ ਸਮਾਪਤੀ ਹੋਈ। ਵਿਦਵਾਨਾਂ ਨੇ ਆਪਣੇ ਭਾਸ਼ਣਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ, ਫਲਸਫੇ ਅਤੇ ਮੌਜੂਦਾ ਸਿਖਿਆ ਪ੍ਰਣਾਲੀ ਬਾਰੇ ਵਿਚਾਰ ਪ੍ਰਗਟਾਏ।ਯੂਨੀਵਰਸਿਟੀ ਦੇ ਵੱਖ ਵੱਖ ਸਥਾਨਾਂ ‘ਤੇ ਹੋਏ ਇਨ੍ਹਾਂ ਜਸ਼ਨਾਂ ਵਿਚ ਅਕਾਦਮਿਕ ਮਾਹਿਰਾਂ, ਵਿਦਵਾਨ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਸਭ ਨੇ ਰਲ ਮਿਲ ਕੇ ਗੁਰੂ ਕਾ ਲੰਗਰ ਛਕਿਆ। ਇਸ ਮੌਕੇ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਵਿਚ ਕਲਾ ਅਤੇ ਸਾਹਿਤਿਕ ਰੁਚੀਆਂ ਨੂੰ ਪੈਦਾ ਕਰਨ ਹਿਤ ਈ-ਮੈਗਜ਼ੀਨ ਰਸਾਲੇ ਦਾ ਪਹਿਲਾ ਅੰਕ ਵੀ ਜਾਰੀ ਕੀਤਾ ਗਿਆ।
ਪ੍ਰੋ. ਵੀਰਾਂਦਰ ਐਸ. ਚੌਹਾਨ, ਚੇਅਰਮੈਨ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ ਨੇ ਭਾਰਤ ਵਿਚ ਉਚੇਰੀ ਸਿਖਿਆ ਲਈ ਨਵੀਆਂ ਚੁਣੌਤੀਆਂ; ਪ੍ਰੋ. ਆਰ.ਐਨ.ਕੇ. ਬਾਮੇਜਾਈ, ਸਾਬਕਾ ਉੁਪ ਕੁਲਪਤੀ, ਐਸ.ਐਮ.ਵੀ.ਡੀ.ਯੂ. ਕਟੜਾ, ਜੰਮੂ ਨੇ ਉਚੇਰੀ ਸਿਖਿਆ ਦਾ ਮਿਆਰ ਅਤੇ ਸਾਸ਼ਨ- ਇਸ ਲਈ ਯੋਗ ਰਾਹ ਕਿਹੜਾ? ਅਤੇ ਚਿਰੰਜੀਵ ਸਿੰਘ, ਆਈ.ਏ.ਐਸ. (ਸੇਵਾਮੁਕਤ) ਪ੍ਰਧਾਨ, ਅਲਾਂਈਂਸ ਫਰੈਂਸੈਜ਼ ਬੰਗਲੌਰ ਅਤੇ ਸਾਬਕਾ ਰਾਜਦੂਤ ਭਾਰਤ ਸਰਕਾਰ ਯੂਨੈਸਕੋ, ਪੈਰਿਸ ਨੇ ਇਸ ਮੌਕੇ ਨਾਨਕ ਪੰਥ  21ਵੀਂ ਸਦੀ ਵਿਸ਼ਿਆਂ ‘ਤੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਵਿਦਿਅਕ ਭਾਸ਼ਣ ਦਿੱਤੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਵੱਖ-ਵੱਖ ਸਮਾਗਮਾਂ ਦੀ ਅਗਵਾਈ ਕੀਤੀ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਮੰਚ-ਸੰਚਾਲਨ ਕੀਤਾ ਜਦੋਂਕਿ ਡੀਨ, ਵਿਦਿਅਕ ਮਾਮਲੇ, ਪ੍ਰੋ. ਕਮਲਜੀਤ ਸਿੰਘ ਨੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।
ਪ੍ਰੋ. ਵੀਰਾਂਦਰ ਐਸ. ਚੌਹਾਨ ਨੇ ਇਸ ਮੌਕੇ ਮਾਡਰਨ ਸਿਖਿਆ ਪ੍ਰਣਾਲੀ ਦੇ ਵਿਕਾਸ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਦਾ ਆਰੰਭ 250 ਵਰ੍ਹੇ ਪਹਿਲਾਂ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਦੀਆਂ ਪਹਿਲਾਂ ਸਿਖਿਆ ਦਰਸ਼ਨ ਅਤੇ ਵਿਚਾਰਧਾਰਾ ‘ਤੇ ਕੇਂਦਰਿਤ ਸੀ।ਸਿਖਿਆ ਦੀ ਖੁਦਮੁਖਤਿਆਰੀ ਚੰਗੇ ਵਿਚਾਰਵਾਨ ਅਤੇ ਦਾਰਸ਼ਨਿਕਾਂ ਦੇ ਉਭਾਰ ਲਈ ਇਕ ਜਰੂਰੀ ਤੱਤ ਹੈ। ਬਸਤੀਵਾਦੀ ਜਾਂ ਅੰਗਰੇਜ਼ਾਂ ਦੇ ਦੌਰ ਵਿਚ ਉਭਰੇ ਭਾਰਤੀ ਸਿਖਿਆ ਤੰਤਰ ਨੇ ਚੰਗੇ ਵਿਚਾਰਵਾਨ ਤੇ ਦਾਰਸ਼ਨਿਕ ਪੈਦਾ ਕਰਨ ਦੀ ਬਜਾਇ ਕੇਵਲ ‘ਬਾਬੂ’ ਹੀ ਪੈਦਾ ਕੀਤੇ ਹਨ।  ਇਸ ਸਮੇਂ ਦੌਰਾਨ ਉਚੇਰੀ ਸਿਖਿਆ ਸਮਾਜਿਕ ਰੁਤਬੇ ਨਾਲ ਜੁੜਗਈ ਹੈ।ਅਜਾਦੀ ਵੇਲੇ ਭਾਰਤ ਵਿਚ 20 ਯੂਨੀਵਰਸਿਟੀਆਂ ਸਨ ਜਿਨ੍ਹਾਂ ਦੀ ਗਿਣਤੀ ਹੁਣ 700 ਦੇ ਲਗਪਗ ਪਹੁੰਚ ਗਈ ਹੈ।  ਪਿਛਲੇ ਸਾਲਾਂ ਦੌਰਾਨ ਸਿਖਿਆ ਨੂੰ ਨੌਕਰੀਆਂ ਨਾਲ ਜੋੜਿਆ ਗਿਆ ਹੈ ਜਦੋਂਕਿ ਸਿਖਿਆ ਸਿਖਣ ਦੀ ਸਮਰੱਥਾ ਅਤੇ ਅਜ਼ਾਦ ਸੋਚ ਨਾਲ ਸਬੰਧਤ ਹੈ। ਪਿਛਲੇ ਦਸ ਸਾਲਾਂ ਦੌਰਾਨ ਸਿਖਿਆ ਅਦਾਰਿਆਂ ਦੀ ਰੈਕਿੰਗ ਕਰਨ ਦਾ ਬਿਜ਼ਨਸ ਸ਼ੁਰੂ ਹੋਇਆ ਹੈ। ਚੰਗੀ ਰੈਕਿੰਗ ਵਾਲੇ ਸਿਖਿਆ ਅਦਾਰੇ ਤੋਂ ਡਿਗਰੀ ਕਰਨਾ ਚੰਗੀ ਤਨਖਾਹ ਵਾਲੀ ਨੌਕਰੀ ਪ੍ਰਾਪਤ ਕਰਨ ਨਾਲ ਜੁੜ ਗਿਆ ਹੈ ਜੋ ਕਿ ਸਿਖਿਆ ਦਾ ਅਸਲ ਮੁੱਦਾ ਨਹੀਂ ਹੈ।
ਪ੍ਰੋ. ਆਰ.ਐਨ.ਕੇ. ਬਾਮੇਜਾਈ ਨੇ ਕਿਹਾ ਕਿ ਉਚੇਰੀ ਸਿਖਿਆ ਲਈ ਗੁਣਵੱਤਾ ਅਤੇ ਪ੍ਰਸ਼ਾਸਨ ਮੁੱਖ ਮੁਦੇ ਹਨ। ਸਾਨੂੰ ਘੱਟ ਸਰੋਤਾਂ ਨਾਲ ਵੀ ਚੰਗੇਰੀ ਸਿਖਿਆ ਮੁਹਈਆ ਕਰਾਉਣ ਵੱਲਯਤਨ ਕਰਨੇ ਚਾਹੀਦੇ ਹਨ। ਮੌਜੂਦਾ ਦੌਰ ਵਿਚ ਸਿਖਿਆ ਵਿਦਿਆਰਥੀਆਂ ਨੂੰ ਨਿਪੰੁਨ ਬਣਾਉਦੀ ਹੈ ਅਤੇ ਰਹਿਣ-ਸਹਿਣ ਦੇ ਯੋਗ ਕਰਦੀ ਹੈ ਪਰ ਇਹ ਸਿਖਿਆ ਦਾ ਮੁੱਖ ਨਿਸ਼ਾਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਚੇਰੀ ਸਿਖਿਆ ਸੰਸਥਾਵਾਂ ਦੇ ਪ੍ਰਸ਼ਾਸਨਕ ਨਿਯਮਾਂ ਆਦਿ ਨੂੰ ਮੁੜ ਘੋਖਣਾ ਚਾਹੀਦਾ ਹੈ ਅਤੇ ਨਵੇਂ ਵਿਚਾਰਾਂ ਨੂੰ ਵੀ ਪਛਾਨਣਾ ਚਾਹੀਦਾਹੈ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪੁਚਾਉਣ ਲਈ ਨੌਜੁਆਨਾਂ ਨੂੰ ਤਿਆਰ ਕਰਨਾ ਚਾਹੀਦਾ ਹੈ।
ਚਿਰੰਜੀਵ ਸਿੰਘ ਨੇ ਕਿਹਾ ਕਿ ਨਾਨਕ ਪੰਥ ਧਰਮ ਦੀ ਗੱਲ ਕਰਦਾ ਹੈ ਮਜ਼ਹਬ ਦੀ ਨਹੀਂ। ਧਰਮ ਦਾ ਅਰਥ ਹੈ ਧਾਰਨ ਕਰਨਾ ਜਦੋਂਕਿ ਮਜ਼ਹਬ ਦਾ ਅਰਥ ਹੈ ਬੰਨ੍ਹਣਾ ਇਸ ਲਈ ਗੁਰੂ ਨਾਨਕ ਦੇਵ ਜੀ ਪੰਥ ਦੀ ਗੱਲ ਕਰਦੇ ਹਨ ਕਿ ਪ੍ਰਮਾਤਮਾ ਦੀ ਪ੍ਰਾਪਤੀ ਲਈ ਧਾਰਨ ਕੀਤਾ ਕੋਈ ਵੀ ਧਰਮ ਸਾਰਥਕ ਹੈ ਜੇਕਰ ਉਸਦੇ ਮੂਲ ਆਸ਼ੇ ਭਾਵ ਦਯਾ, ਪ੍ਰੇਮ, ਵੰਡ ਛੰਕਣ ਅਤੇ ਕਿਰਤ ਕਰਨ ਦੇ ਅਧਾਰ ਨੂੰ ਵਿਚ ਰੱਖ ਕੇ ਚੱਲਿਆ ਜਾਵੇ। ਉਨ੍ਹਾਂ ਕਿਹਾ ਕਿ ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਵਿਚ ਵੀ ਪ੍ਰੇਮ ਪੰਥ ਦੀ ਗੱਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚ ਮੌਜੂਦਾ ਦੌਰ ਵਿਚ ਕਈ ਤਰ੍ਹਾਂ ਦੇ ਹਾਂਪੱਖੀ ਤੇ ਨਾਂਹਪੱਖੀ ਰੁਝਾਨ ਵੇਖਣ ਨੂੰ ਮਿਲ ਰਹੇ ਹਨ। ਸਾਨੂੰ ਧਾਰਮਿਕ ਵਰਤਾਰਿਆਂ ਨੂੰ ਚਲਾਉਣ ਵਾਲੇ ਕੱਟੜਵਾਦੀ ਅਤੇ ਲਾਭਵਾਦੀ ਰੁਝਾਨਾਂ ਤੋਂ ਕਿਨਾਰਾਂ ਕਰਕੇ ਧਰਮ ਦੀ ਮੂਲ ਭਾਵਨਾ ਨੂੰ ਸਮਝਣਾ ਅਤੇ ਆਪਣੇ ਜੀਵਨ ਵਿਚ ਲਿਆਉਣਾ ਚਾਹੀਦਾ ਹੈ ਤਾਂ ਕਿ ਸਾਡੀ ਮਾਨਸਿਕਤਾ ਸਾਫ ਰਹਿ ਸਕੇ।
ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਵਿਸ਼ਵ ਪੱਧਰ ਦੀਆਂ ਗਿਆਨ ਪਰੰਰਪਰਾਵਾਂ ਨਾਲ ਗੋਸਟਿ ਕਰਨ ਲਈ ਵਿਸ਼ਵ ਪੱਧਰੀ ਖੋਜ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।ਵੀਹਵੀਂ ਸਦੀ ਵਿਚ ਅਸੀਂ ਆਪ ਹੀ ਸਿੱਖ ਪੰਥ ਨਾਲੋਂ ਉਦਾਸੀਆਂ, ਨਿਰਮਲਿਆਂ, ਦਲਿਤਾਂ ਅਤੇ ਹੋਰ ਸਮਾਜਿਕ, ਸਭਿਆਚਾਰਕ ਵਰਗਾਂ ਅਤੇ ਗਿਆਨ ਪਰੰਪਰਾਵਾਂ ਨੂੰ ਤੋੜਿਆ ਹੈ। ਇਕਵੀਂ ਸਦੀ ਸਿੱਖਾਂ ਲਈ ਜੋੜਨ ਦੀ ਸਦੀ ਹੈ। ਨਾਨਕ ਪੰਥ ਦਾ ਕਲਾਵਾ ਬਹੁਤ ਵੱਡਾ ਹੈ ਪਰ ਸਾਡੀ ਮਾਨਸਿਕਤਾ ਦਾ ਦਾਇਰਾ ਘੱਟ ਗਿਆ ਹੈ ਅਸੀਂ ਚੀਜ਼ਾਂ ਨੂੰ ਬਹੁਤ ਇਕਹਿਰਾ ਸੋਚਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖ ਸਮਾਜ ਕਿਰਿਆਸ਼ੀਲ਼ ਨਾਲ ਹੋ ਕੇ ਪ੍ਰਤੀਕਿਰਿਆਸ਼ੀਲ ਹੋ ਗਿਆ ਹੈ।ਪੰਥ ਵਿਚ ਨਿਘਾਰ ਵਾਲੀਆ ਹਾਲਤਾਂ ਲਈ ਕਾਫੀ ਹੱਦ ਤਕ ਅਸੀਂ ਆਪ ਤੇ ਹਾਲਾਤ ਹੀ ਜ਼ਿੰਮੇਵਾਰ ਹਨ।
ਸੰਗੀਤ ਪਰੰਪਰਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਆਪਣੀ ਇਕ ਕੀਰਤਨ ਗਾਇਨ ਸ਼ੈਲੀ ਹੈ ਜਿਸ ਨੂੰ ਸਿੱਖ ਅਜੇ ਤਕ ਪੂਰੀ ਤਰ੍ਹਾਂ ਖੋਜ ਨਹੀਂ ਸਕੇ।ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਰਬਾਬੀ ਪਰੰਪਰਾ, ਗੁਰੂ ਅਰਜਨ ਦੇਵ ਜੀ ਸਮੇਂ ਧਰੂਪਦ ਗਾਇਨ ਸ਼ੈਲੀ ਅਤੇ ਗੁਰੂ ਗੋਬਿੰਦ ਸਿੰਘ ਜੀ ਸਮੇਂ ਖਿਆਲ ਗਾਇਕੀ ਦਾ ਆਰੰਭ ਕੀਰਤਨ ਵਿਚ ਹੋਇਆ ਪਰ ਮੌਜੂਦਾ ਦੌਰ ਵਿਚ ਕੀਰਤਨ ਦੇ ਖੇਤਰ ਦੀ ਹਾਲਤ ਦਾ ਅੰਦਾਜਾ ਅਸੀਂ ਇਸ ਸਮੇਂ ਚੱਲ ਰਹੀਆਂ ਉਸ ਦੀਆਂ ਧੁਨੀਆਂ ਤੋਂ ਆਪ ਲਾ ਸਕਦੇ ਹਾਂ। ਵੀਂਹਵੀਂ ਸਦੀ ਵਿਚ ਇਮਾਰਤਸਾਜ਼ੀ ਅਤੇ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਵਿਚ ਵੀ ਸਿੱਖਾਂ ਦਾ ਅਵੇਸਲਾਪਨ ਸਾਫ ਝਲਕਦਾ ਹੈ।ਉਨ੍ਹਾਂ ਕਿਹਾ ਕਿ ਨਾਨਕ ਪੰਥ ਵਿਗਿਆਨ ਤੇ ਧਰਮ ਦੇ ਕਿਸੇ ਵਿਰੋਧ ਦੀ ਹਾਮੀ ਨਹੀਂ ਭਰਦਾ ਅਤੇ ਸਾਨੂੰ ਵਿਗਿਆਨ ਦਰਸ਼ਨ ਦੇ ਖੇਤਰ ਵਿਚ ਵੱਧ ਤੋਂ ਵੱਧ ਖੋਜ ਕਾਰਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬੀ ਸਮਾਜ ਤੇ ਸਭਿਆਚਾਰ ਵਿਚ ਸੰਗੀਤ ਦੀ ਚੋਣ ਪ੍ਰਤੀ ਵੀ ਮਾਨਸਿਕਤਾ ਦਾ ਪੱਧਰ ਨੀਵਾਂ ਹੋ ਗਿਆ ਹੈ।
ਇਨ੍ਹਾਂ ਜਸ਼ਨਾਂ ਦੇ ਹਿੱਸੇ ਵਜੋਂ ਹੋਏ ਵੱਖ-ਵੱਖ ਸਬੰਧਤ ਕਾਲਜਾਂ ਦੇ ਵਿਦਿਆਰਥੀਆਂ ਦੇ ਚਿਤਰਕਾਰੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਇਸ ਮੌਕੇ ਪ੍ਰਦਾਨ ਕੀਤੇ ਗਏ। ਵਾਈਸ ਚਾਂਸਲਰ ਨੇ ਆਏ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਸ਼ਾਮ ਵੇਲੇ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਕੀਰਤਨ ਦਰਬਾਰ ਕਰਵਾਇਆ ਗਿਆ। ਯੂਨੀਵਰਸਿਟੀ ਕੈਂਪਸ ਵਿਚ ਇਮਾਰਤਾਂ ‘ਤੇ ਦੀਪਮਾਲਾ ਕੀਤੀ ਗਈ।

Check Also

ਵਿਧਾਇਕ ਡਾ. ਗੁਪਤਾ ਨੇ ਕ੍ਰਿਕਟ ਪ੍ਰੇਮੀਆਂ ਲਈ ਮਿੰਨੀ ਗਰਾਊਂਡ ਦੇ ਨਿਰਮਾਣ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 1 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …

Leave a Reply