ਖ਼ਾਲਸਾ ਸੀ: ਸੈਕੰ: ਸਕੂਲ ਵਿਖੇ ‘ਤੀਜ਼ਾ ਅੰਤਰ-ਖ਼ਾਲਸਾ ਕਾਲਜ ਸਕੂਲਜ਼ ਖੇਡ ਮੁਕਾਬਲਾ’ ਸੰਪੰਨ
ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਦੇਸ਼ ਦੀ ਉਨਤੀ ’ਚ ਔਰਤਾਂ ਦਾ ਅਤੇ ਸ਼ੁੱਧ ਤੇ ਸਾਫ਼-ਸੁੱਥਰੇ ਵਾਤਾਵਰਣ ਲਈ ਰੁੱਖਾਂ ਦਾ ਬਹੁਤ ਮਹੱਤਵ ਹੈ।ਕਿਉਂਕਿ ਜਿੱਥੇ ਰੁੱਖ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਕਾਬੂ ਕਰਨ ਅਤੇ ਮਨੁੱਖੀ ਨੂੰ ਸਰੀਰਿਕ ਪੱਖੋਂ ਤੰਦਰੁਸਤ ਰੱਖਣ ਲਈ ਸਹਾਈ ਹੁੰਦੇ ਹਨ, ਉਥੇ ਔਰਤਾਂ ਦਾ ਦੇਸ਼ ਦੀ ਰਾਖੀ ਲਈ ਕੁਰਬਾਨੀਆਂ ਅਤੇ ਤਰੱਕੀ ਲਈ ਵੱਡਮੁੱਲਾ ਯੋਗਦਾਨ ਰਿਹਾ ਹੈ।ਇਹ ਵਿਚਾਰ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਧਰਮਪਤਨੀ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਤੀਜਾ ਅੰਤਰ ਖ਼ਾਲਸਾ ਕਾਲਜ ਸਕੂਲਜ਼ ਖੇਡ ਮੁਕਾਬਲਾ’ ਮੌਕੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਸੰਬੋਧਨ ਕਰਦਿਆਂ ਕਹੇ।
ਇਸ ਤੋਂ ਪਹਿਲਾਂ 2 ਰੋਜ਼ਾ ਅੰਡਰ-14 ਅਤੇ 17 ਪ੍ਰਤੀਯੋਗਤਾ ਦੇ ਆਖ਼ਰੀ ਦਿਨ ਖ਼ਾਲਸਾ ਮੈਨੇਜ਼ਮੈਂਟ ਅਧੀਨ ਚਲ ਰਹੀਆਂ ਵਿੱਦਿਅਕ ਸੰਸਥਾਵਾਂ ਦੇ ਸਕੂਲਾਂ ਜਿਨ੍ਹਾਂ ’ਚ ਖ਼ਾਲਸਾ ਕਾਲਜ ਸੀ: ਸੈਕੰ: ਸਕੂਲ (ਲੜਕੇ), ਖ਼ਾਲਸਾ ਕਾਲਜ ਪਬਲਿਕ ਸਕੂਲ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਦੇ ਵਿਦਿਆਰਥੀਆਂ ਦਰਮਿਆਨ ਵਾਲੀਵਾਲ, ਫੁੱਟਬਾਲ, ਰੱਸਾਕੱਸੀ, ਦੌੜਾਂ, ਲੰਬੀ ਛਾਲ, ਖੋ-ਖੋ ਆਦਿ ਦੇ ਮੁਕਾਬਲੇ ਹੋਏ ’ਚ ਵਿਦਿਆਰਥੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ।ਜਿਸ ’ਚ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੇ ਓਵਰਆਲ ਟਰਾਫ਼ੀ ਹਾਸਲ ਕੀਤੀ। ਜਦ ਕਿ ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਨੇ ਦੂਜਾ ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ।
ਸ੍ਰੀਮਤੀ ਛੀਨਾ ਨੇ ਦੇਸ਼ ਉੱਚ ਅਹੁਦਿਆਂ ’ਤੇ ਬਿਰਾਜਮਾਨ ਸਖਸ਼ੀਅਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਅਸੀ ਆਪਣੇ ਪਿਛੋਕੜ ਤੇ ਮੌਜ਼ੂਦਾ ਸਮੇਂ ’ਤੇ ਝਾਤ ਮਾਰੀਏ ਤਾਂ ਕਈ ਨਾਮਵਰ ਸਖਸ਼ੀਅਤਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ, ਜਿਨ੍ਹਾਂ ਨੇ ਛੋਟੀ ਉਮਰੇ ਹੀ ਵਿੱਦਿਆ ਦੇ ਨਾਲ ਖੇਡਾਂ ’ਚ ਨਾਮਣਾ ਖੱਟ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿੱਦਿਆ ਦੇ ਨਾਲ ਖੇਡਾਂ ਜਿੱਥੇ ਵਿਦਿਆਰਥੀਆਂ ਨੂੰ ਰੋਜ਼ਗਾਰ ਦਾ ਮੌਕਾ ਪ੍ਰਦਾਨ ਕਰਦੀਆਂ ਹਨ ਉੱਥੇ ਬੱਚਿਆਂ ਦਾ ਸਰੀਰਿਕ ਪੱਖੋਂ ਵਿਕਾਸ ਵੀ ਹੁੰਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ’ਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਇਸ ਮੌਕੇ ਸ੍ਰੀਮਤੀ ਛੀਨਾ ਨੇ ਪ੍ਰਿੰ: ਡਾ. ਗੋਗੋਆਣੀ ਨਾਲ ਮਿਲਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ।
ਡਾ. ਗੋਗੋਆਣੀ ਨੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਪੁੱਜੀਆਂ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਛੀਨਾ ਵੱਲੋਂ ਆਉਂਦੇ ਸਾਲ ਖੇਡਾਂ ’ਚ ਹੋਰ ਗੇਮਾਂ ਨੂੰ ਸ਼ਾਮਿਲ ਕਰਨ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਮੈਨੇਜ਼ਮੈਂਟ ਵਿਦਿਆਰਥੀਆਂ ਦੀ ਹਰੇਕ ਗਤੀਵਿਧੀ ’ਤੇ ਨਜ਼ਰ ਰੱਖਦੀ ਹੈ ਤਾਂ ਜੋ ਵਿੱਦਿਆ ਅਤੇ ਖੇਡਾਂ ’ਚ ਸ਼ਾਨਦਾਰ ਉਪਲਬੱਧੀਆਂ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਯੋਗ ਇਨਾਮ ਤਕਸੀਮ ਕਰਕੇ ਨਿਵਾਜਿਆ ਜਾ ਸਕੇ।
ਇਸ ਮੌਕੇ ਜੁਆਇੰਟ ਸਕੱਤਰ ਸੁਖਦੇਵ ਸਿੰਘ ਅਬਦਾਲ, ਮੈਂਬਰ ਗੁਰਮਹਿੰਦਰ ਸਿੰਘ, ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ, ਪ੍ਰਿੰਸੀਪਲ ਸ੍ਰੀਮਤੀ ਪੁਨੀਤ ਨਾਗਪਾਲ, ਪ੍ਰਿੰਸੀਪਲ ਗੁਰਿੰਦਜੀਤ ਕੌਰ, ਪ੍ਰਿੰਸੀਪਲ ਸ੍ਰੀਮਤੀ ਦਵਿੰਦਰ ਕੌਰ ਸੰਧੂ, ਸਾਬਕਾ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਤੇ ਹੋਰ ਸਖਸ਼ੀਅਤਾਂ ਤੇ ਵਿਦਿਆਰਥੀ ਮੌਜ਼ੂਦ ਸਨ।
Punjab Post Daily Online Newspaper & Print Media