ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ ਬਿਊਰੋ) – ਕਾਂਗਰਸ ਹਰ ਫ਼ਰੰਟ ’ਤੇ ਫੇਲ੍ਹ ਸਾਬਿਤ ਹੋਈ ਹੈ, ਜਿਸ ਦਾ ਪੁਖਤਾ ਸਬੂਤ ਸੱਤਾ ਹਾਸਲ ਕਰਨ ਵੇਲੇ ਲੋਕਾਂ ਨਾਲ ਕੀਤੇ ਗਏ ਝੂਠੇ ਵਾਅਦੇ ਅਤੇ ਜ਼ਿਲ੍ਹੇ ਦੇ ਵਿਕਾਸ ਪ੍ਰੋਜੈਕਟਾਂ ’ਤੇ ਲਗਾਈਆਂ ਰੋਕਾਂ ਹਨ ਅਤੇ ਜਨਤਾ ਨੇ ਨਿਗਮ ਚੋਣਾਂ ’ਚ ਸੂਬਾ ਸਰਕਾਰ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ, ਜਿਸ ਦਾ ਨਤੀਜਾ ਉਨ੍ਹਾਂ ਨੂੰ ਵੱਡੇ ਹਾਰ ਪ੍ਰਤੱਖ ਹੋਵੇਗਾ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਜਾਰੀ ਆਪਣੇ ਬਿਆਨ ’ਚ ਕੀਤਾ।
ਛੀਨਾ ਨੇ ਆਸ ਪ੍ਰਗਟਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੀ ਸਰਕਾਰ ਦੀ ਸਰਪ੍ਰਸਤੀ ਹੇਠ ਨਿਗਮ ਚੋਣਾਂ ’ਚ ਜਿੱਤ ਹਾਸਲ ਕਰਨ ਵਿੱਤ ਮੰਤਰੀ ਅਰੁਣ ਜੇਤਲੀ ਪਾਸੋਂ ਜ਼ਿਲ੍ਹੇ ਦੇ ਵਿਕਾਸ ਲਈ ਸ਼ਾਨਦਾਰ ਪ੍ਰੋਜੈਕਟ ਲਿਆਂਦੇ ਜਾਣਗੇ ਅਤੇ ਰੋਕੇ ਹੋਏ ਵਿਕਾਸ ਕਾਰਜਾਂ ਨੂੰ ਦੁਬਾਰਾ ਲੀਹਾਂ ’ਤੇ ਲਿਜਾਇਆ ਜਾਵੇਗਾ ਤਾਂ ਅੰਮ੍ਰਿਤਸਰ ਸ਼ਹਿਰ ਮੋਹਰਲੇ ਜ਼ਿਲ੍ਹਿਆਂ ’ਚ ਸ਼ੁਮਾਰ ਹੋ ਸਕੇ।ਉਨ੍ਹਾਂ ਕੈਪਟਨ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਉਂਦਿਆ ਕਿਹਾ ਕਿ ਉਹ ਨਿੱਜੀ ਪ੍ਰੋਗਰਾਮਾਂ ਅਤੇ ਸਮਾਰੋਹਾਂ ਦੇ ਉਦਘਾਟਨਾਂ ’ਚ ਰੁਝੇ ਰਹਿਣ ਵਾਲੇ ਇਨਸਾਨ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਮੋਮੋਠੱਗਣੀਆਂ ਗੱਲ੍ਹਾਂ ਨਾਲ ਜਿੱਤ ਤਾਂ ਹਾਸਲ ਕਰ ਲਈ ਪਰ ਸੱਤਾ ਹਾਸਲ ਕਰਨ ਉਪਰੰਤ ਜੋ ਵਿਸ਼ਵਾਸ਼ਘਾਤ ਉਨ੍ਹਾਂ ਭੋਲੀਭਾਲੀ ਜਨਤਾ ਨਾਲ ਕੀਤਾ ਹੈ, ਉਸ ਦਾ ਹਰਜਾਨਾ ਅਕਾਲੀ-ਭਾਜਪਾ ਦੇ ਉਮੀਦਵਾਰ ਨਗਰ ਨਿਗਮ ਦੀਆਂ ਚੋਣਾਂ ਉਹ ਵਸੂਲ ਕਰਨਗੇ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਸੂਬੇ ਦੇ ਵਿਕਾਸ ਲਈ ਕਿਸੇ ਜ਼ਿਲ੍ਹੇ ’ਚ ਕੋਈ ਵੱਡਾ ਪ੍ਰੋਜੈਕਟ ਲਗਾ ਸਕੀ, ਨਾ ਕਿਸਾਨਾਂ ਨਾਲੇ ਕੀਤੇ ਵਾਅਦੇ ਪੂਰੇ ਕੀਤੇ ਅਤੇ ਨਾ ਹੀ ਲੋਕਾਂ ’ਚ ਵਿੱਚਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਸਹੂਲਤਾਂ ਸਬੰਧੀ ਕੋਈ ਠੋਸ ਕਾਰਵਾਈ ਕਰ ਸਕੀ, ਸਗੋਂ ਵਿਦੇਸ਼ੀ ‘ਆਓ-ਭਗਤ’ ’ਚ ਹੀ ਮਸ਼ਰੂਫ਼ ਰਹੀ ਤੇ ਚੋਣਾਂ ਦੌਰਾਨ ਵੋਟਰਾਂ ਨੂੰ ਝੂਠੀਆਂ ਆਸਾਂ ਦੀ ਪੇਸ਼ਕਸ਼ ਕੀਤੀ ਹੈ।ਛੀਨਾ ਨੇ ਕਿਹਾ ਕਿ ਵਰਤਮਾਨ ਸ਼ਾਸਨਕਾਲ ਦੌਰਾਨ ਭ੍ਰਿਸ਼ਟਾਚਾਰ ਸਿਖ਼ਰਾਂ ਤੱਕ ਪੁੱਜ ਰਿਹਾ ਹੈ ਕਿਉਂਕਿ ਇਹ ਨੌਕਰਸ਼ਾਹ ਹਨ ਜੋ ਸਰਕਾਰ ਚਲਾ ਰਹੇ ਹਨ ਨਾ ਕਿ ਜਨਤਕ ਪ੍ਰਤੀਨਿਧ। ਸ਼ਾਇਦ ਇਹ ਇਕੋ ਇਕ ਸਰਕਾਰ ਹੈ, ਜੋ ਆਪਣੇ ਸ਼ਾਸਨ ਦੇ 6 ਮਹੀਨਿਆਂ ਦੇ ਅੰਦਰ ਸਭ ਤੋਂ ਵੱਧ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ।ਛੀਨਾ ਨੇ ਸੂਬਾ ਸਰਕਾਰ ’ਤੇ ਖੇਤੀ ਕਰਜ਼ਿਆਂ ਦੀ ਛੋਟ ਨੂੰ ਖ਼ਤਮ ਕਰਨ ’ਚ ਨਾਕਾਮ ਰਹਿਣ ’ਤੇ ਸਵਾਲ ਉਠਾਉਂਦਿਆ ਬੇਰੁਜ਼ਗਾਰੀ ਭੱਤੇ ਅਤੇ ਨੌਜਵਾਨ ਲਈ ਸਮਾਰਟ ਫੋਨ, ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਦੀ ਅਦਾਇਗੀ ਨੂੰ ਅਸਫ਼ਲ ਦੱਸਿਆ।
ਉਨ੍ਹਾਂ ਇਸ ਮੌਕੇ ਕ੍ਰਿਕੇਟਰ ਅਤੇ ਟੀ.ਵੀ ਚੈਨਲਾਂ ਦਾ ਸ਼ਿੰਗਾਰ ਬਣੇ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੋਣ ਪ੍ਰਚਾਰ ਮੌਕੇ ਉੱਚੇ-ਉੱਚੇ ਠਹਾਕਿਆਂ ਨਾਲ ਲੋਕਾਂ ਨੂੰ ਆਪਣੇ ਲੁਭਾਣੇ ਭਾਸ਼ਣਾਂ ਰਾਹੀਂ ਵੋਟਾਂ ਲੈਣ ’ਚ ਸਫ਼ਲ ਰਹੇ, ਪਰ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਲੋਕ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media