ਸੱਭਿਆਚਾਰਕ ਪ੍ਰੋਗਰਾਮ ਨੇ ਸਰੋਤੇ ਕੀਲੇ
ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ੲਤਿਹਾਸਕ ਖ਼ਾਲਸਾ ਕਾਲਜ ਨੇ ਸਮੇਂ ਦੀਆਂ ਸੁਨਿਹਰੀ ਤੰਦਾਂ ਦੇ ਪੜ੍ਹਾਵਾਂ ਨੂੰ ਹੰਢਾਉਂਦਿਆਂ ਅੱਜ ਆਪਣੇ 126ਵੇਂ ਸਾਲਾਨਾ ਸਥਾਪਨਾ ਦਿਵਸ ਮੌਕੇ ਸਾਬਕਾ ਵਿਦਿਆਰਥੀਆਂ ਦੀ ਮਿਲਨੀ ‘ਐਲੂਮਨੀ ਮੀਟ-2018’ ਉਸ ਵੇਲੇ ਭਾਵੁਕ ਹੋ ਗਈ, ਜਦੋਂ ਇੱਥੇ ਪੁੱਜੇ ਪੁਰਾਣੇ ਵਿਦਿਆਰਥੀਆਂ ਨੇ ਕਾਲਜ ਗੁਜ਼ਾਰੇ ਸੁਨਿਹਰੇ ਪਲਾਂ ਨੂੰ ਯਾਦ ਕੀਤਾ।ਦੇਸ਼-ਵਿਦੇਸ਼ ਤੋਂ ਆਪਣੇ ਵੱਖ-ਵੱਖ ਉੱਚ ਅਹੁਦਿਆਂ ’ਤੇ ਬਿਰਾਜਮਾਨ ਵਿਦਿਆਰਥੀਆਂ ਨੇ ਜਿੱਥੇ ਕਾਲਜ ਵੇਲੇ ਨੂੰ ਯਾਦ ਕੀਤਾ, ਉਥੇ ਉਨ੍ਹਾਂ ਮੈਨੇਜ਼ਮੈਂਟ ਦੁਆਰਾ ਕੀਤੇ ਵਿਕਾਸ ਅਤੇ 7 ਤੋਂ 19 ਤੱਕ ਵਿੱਦਿਅਕ ਸੰਸਥਾਵਾਂ ਦੀ ਗਿਣਤੀ ਦੇ ਵਾਧੇ ਦੀ ਸਹਾਰਨਾ ਕੀਤੀ।
ਦੇਸ਼-ਵਿਦੇਸ਼ ਤੋਂ ਆਏ ਸਾਬਕਾ ਵਿਦਿਆਰਥੀਆਂ ਨੇ ਭਾਵੁਕ ਹੋ ਕੇ ਇਕ-ਦੁੂਜੇ ਨਾਲ ਇੱਥੇ ਬਿਤਾਏ ਸਮੇਂ ਬਾਰੇ ਸਾਂਝਾਂ ਪਾਈਆਂ ਅਤੇ ਆਪਣੇ ‘ਮਾਤਾਈ ਅਦਾਰੇ’ ਦੀ ਵਿੱਦਿਅਕ ਅਤੇ ਸੱਭਿਆਚਾਰਕ ਸਰਵਉੱਚਤਾ ਲਈ ਹਮੇਸ਼ਾਂ ਕੰਮ ਕਰਨ ਦੀ ਇੱਛਾ ਵੀ ਪ੍ਰਗਟਾਈ। ਉਹ ਅੱਜ ਸਵੇਰ ਤੋਂ ਹੀ ਕਾਲਜ ਕੈਂਪਸ ਵਿਖੇ ਪਧਾਰਨੇ ਸ਼ੁਰੂ ਹੋਏ ਅਤੇ ਲਗਾਤਾਰ ਵਿਦਿਆਰਥੀਆਂ ਦਾ ਕਾਲਜ ਵਿਖੇ ਤਾਂਤਾਂ ਲੱਗਿਆ ਰਿਹਾ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ, ਆਨੇਰਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਿੰ: ਡਾ. ਮਹਿਲ ਸਿੰਘ ਨੇ ਇਨ੍ਹਾਂ ’ਚੋਂ ਸੀਨੀਅਰ ਸਾਬਕਾ ਵਿਦਿਆਰਥੀਆਂ ਡਾ. ਖੇਮ ਸਿੰਘ ਗਿੱਲ, ਸਾਬਕਾ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਆਈ. ਪੀ. ਐਸ. ਅਧਿਕਾਰੀ ਡਾ. ਮਨਮੋਹਨ ਸਿੰਘ, ਆਈ.ਜੀ ਬਠਿੰਡਾ ਰੇਂਜ਼ ਮੁਖਵਿੰਦਰ ਸਿੰਘ ਛੀਨਾ, ਪੰਜਾਬ ਨਾਟਸ਼ਾਲਾ ਦੇ ਮੁੱਖੀ ਜਤਿੰਦਰ ਸਿੰਘ ਬਰਾੜ, ਜਰਮਨੀ ਤੋਂ ਆਏ ਆਇਲ ਇੰਜ਼ੀਨੀਅਰ ਕੁਲਦੀਪ ਸਿੰਘ ਸੰਧੂ, ਉਘੇ ਪਹਿਲਵਾਨ ਕਰਤਾਰ ਸਿੰਘ ਗਿੱਲ ਅਤੇ ਉਘੇ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੂੰ ਇਸ ਮੌਕੇ ਵਿਸ਼ੇਸ਼ ਤੌਰ ’ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਮਜੀਠੀਆ ਨੇ ਕਿਹਾ ਕਿ ਖ਼ਾਲਸਾ ਕਾਲਜ ਨੂੰ ਯੂ.ਜੀ.ਸੀ ਵੱਲੋਂ ਖੁਦਮੁਖਤਿਆਰ ਸੰਸਥਾ ਐਲਾਨਿਆ ਗਿਆ।ਉਨ੍ਹਾਂ ਨੇ ਐਲੂਮਨੀ ਵੱਲੋਂ ਇਸ ਕਾਰਜ ਨੂੰ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ।
ਇਸ ਮੌਕੇ ਕਾਲਜ ਦੇ ਵਿਦਿਆਰਥੀ ਵਲੋਂ ਆਪਣੀ ਕਲਾਕਾਰੀ ਰਾਹੀਂ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ। ਪ੍ਰੋਗਰਾਮ ਦੌਰਾਨ ਸਾਬਕਾ ਵਿਦਿਆਰਥੀਆਂ ਨੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਨੂੰ ਨਿਹਾਰਿਆ। ਸਾਬਕਾ ਵਿਦਿਆਰਥੀਆਂ ਨੇ ਵੱਖ-ਵੱਖ ਸੰਦੇਸ਼ਾਂ ਰਾਹੀਂ ਆਪਣੀਆਂ ਕਾਮਯਾਬੀਆਂ ਨੂੰ ਕਾਲਜ ਤੋਂ ਪ੍ਰਾਪਤ ਕੀਤੀ ਵਿੱਦਿਆ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ’ਚ ਕਾਲਜ ਅਤੇ ਇਸ ਦੀਆਂ ਦੂਸਰੀਆਂ ਸੰਸਥਾਵਾਂ ਦੇ ਵਿਸਥਾਰ ਲਈ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹਨ।
ਡਾ. ਮਹਿਲ ਸਿੰਘ ਨੇ ਕਿਹਾ ਕਿ ਮਿਲਨੀ ਦਾ ਮੁੱਖ ਮੰਤਵ ਸਾਬਕਾ ਵਿਦਿਆਰਥੀਆਂ ਨੂੰ ਕਾਲਜ ਵੇਲੇ ਦੀ ਅਭੁੱਲ ਯਾਦਾਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ।ਉਨ੍ਹਾਂ ਕਿਹਾ ਕਿ ਇਸ ਸਬੰਧੀ ਦੇਸ਼-ਵਿਦੇਸ਼ ’ਚ ਵੱਸ ਰਹੇ ਤੇ ਉੱਚ ਅਹੁਦਿਆਂ ’ਤੇ ਬਿਰਾਜਮਾਨ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੂੰ ਨਿਯਮਤ ਸੱਦਾ ਭੇਜਿਆ ਗਿਆ ਸੀ।ਐਲੂਮਨੀ ਮੀਟ ’ਚ ਪੁੱਜੇ ਕਈ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਕਾਲਜ ’ਚ ਬੀਤੇ ਸੁਨਿਹਰੀ ਪਲਾਂ ਨੂੰ ਯਾਦ ਕਰਦਿਆ ਅੱਜ ਦੇ ਇਤਿਹਾਸਕ ਸਮੇਂ ਨੂੰ ਕੈਮਰਿਆਂ ’ਚ ਕੈਦ ਵੀ ਕੀਤਾ।
ਇਸ ਮੌਕੇ ਵਧੀਕ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਫਾਇਨਾਂਸ ਸਕੱਤਰ ਗੁਨਬੀਰ ਸਿੰਘ, ਅਜਮੇਰ ਸਿੰਘ ਹੇਰ, ਸਰਦੂਲ ਸਿੰਘ ਮੰਨਨ, ਰਾਜਬੀਰ ਸਿੰਘ, ਸੁਖਦੇਵ ਸਿੰਘ ਅਬਦਾਲ, ਮੈਂਬਰ ਜਤਿੰਦਰ ਸਿੰਘ ਬਰਾੜ, ਗੁਰਮਹਿੰਦਰ ਸਿੰਘ, ਸੰਤੋਖ ਸਿੰਘ ਸੇਠੀ, ਹਰਮਿੰਦਰ ਸਿੰਘ ਫ਼ਰੀਡਮ, ਪ੍ਰਿੰ: ਜਗਦੀਸ਼ ਸਿੰਘ, ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ, ਪਰਮਜੀਤ ਸਿੰਘ ਬੱਲ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਜੇ.ਐਸ ਢਿੱਲੋਂ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਅੰਡਰ ਸੈਕਟਰੀ ਡੀ. ਐਸ ਰਟੌਲ, ਪੰਜਾਬ ਪੋਸਟ ਅਖਬਾਰ ਦੇ ਮੁੱਖ ਸੰਪਾਦਕ ਜਸਬੀਰ ਸਿੰਘ ਸੱਗੂ, ਉਦਯੋਗ ਵਿਭਾਗ ਅੰਮ੍ਰਿਤਸਰ ਦੇ ਏ.ਜੀ.ਐਮ, ਚਾਰਟਰਡ ਅਕਾਉਂਟੈਂਟ ਅਸ਼ਵਨੀ ਕਾਲੀਆ, ਅੇਡੋਵੋਕੇਟ ਗੁਰਪ੍ਰੀਥ ਸਿੰਘ ਗਰੋਵਰ ਆਦਿ ਤੋਂ ਇਲਾਵਾ ਕਈ ਅਹਿਮ ਸਖ਼ਸ਼ੀਅਤਾਂ, ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।