
ਅੰਮ੍ਰਿਤਸਰ, 11 ਅਗਸਤ (ਸੁਖਬੀਰ ਸਿੰਘ)- ਸਰਕਾਰੀ ਆਯੁਰਵੈਦਿਕ ਮੈਡੀਕਲ ਕਾਲਜ, ਪਟਿਆਲਾ ਵਿਖੇ ਪਿਛਲੇ 3 ਸਾਲਾਂ ਤੋਂ ਕੋਈ ਵੀ ਦਾਖਲਾ ਨਹੀਂ ਸੀ ਹੋ ਰਿਹਾ, ਜਿਸ ਬਾਰੇ ਸ੍ਰੀ ਅਨਿਲ ਜੋਸ਼ੀ, ਮੈਡੀਕਲ ਸਿੱਖਿਆ ਤੇ ਖੋਜ਼ ਮੰਤਰੀ ਵੱਲੋਂ ਸਖਤ ਨੋਟਿਸ ਲੈਂਦਿਆਂ ਹੋਇਆਂ ਕਾਲਜ ਦੀ ਸਮੂਹ ਫੈਕਲਿਟੀ ਨਾਲ ਜੂਨ ਮਹੀਨੇ ਵਿੱਚ ਇੱਕ ਮੀਟਿੰਗ ਕੀਤੀ ਗਈ ਸੀ।ਕਾਲਜ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਜਾਣ ਕੇ ਉਨ੍ਹਾਂ ਨੂੰ ਤੁਰੰਤ ਦੂਰ ਕਰਨ ਦੇ ਹੁਕਮ ਕੀਤੇ ਗਏ ਸਨ ਅਤੇ ਸੁਚੱਜਾ ਪ੍ਰਸ਼ਾਸ਼ਨ ਦੇਣ ਹਿੱਤ ਮੰਤਰੀ ਜੀ ਵੱਲੋਂ ਕਾਲਜ ਦੇ ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੰਟ ਦੀ ਤੁਰੰਤ ਬਦਲੀ ਦੇ ਹੁਕਮ ਕੀਤੇ ਗਏ ਸਨ। ਇਸ ਦੇ ਨਾਲ ਹੀ ਮੰਤਰੀ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ ਵਰਧਨ ਨਾਲ ਵੀ ਇਹ ਮਾਮਲਾ ਨਿੱਜੀ ਤੌਰ ਤੇ ਉਠਾਇਆ ਗਿਆ ਸੀ ਅਤੇ ਆਯੁਰਵੈਕਿ ਕੌਂਸਲ ਵੱਲੋਂ ਕਾਲਜ ਨੂੰ ਬੀ.ਏ.ਐਮ.ਐਸ. ਕੋਰਸ ਵਿੱਚ ਸੀਟਾਂ ਭਰਨ ਦੀ ਇਜ਼ਾਜ਼ਤ ਦੇਣ ਲਈ ਬੇਨਤੀ ਕੀਤੀ ਗਈ ਸੀ। ਡਾ: ਹਰਸ਼ ਵਰਧਨ ਅਤੇ ਸੀ੍ਰ ਅਨਿਲ ਜ਼ੋਸ਼ੀ ਮੰਤਰੀ ਦੇ ਯਤਨਾਂ ਸਦਕਾ ਇਸ ਕਾਲਜ ਨੂੰ 40 ਸੀਟਾਂ ਭਰਨ ਦੀ ਇਜ਼ਾਜ਼ਤ ਮਿਲ ਗਈ ਹੈ।ਸ੍ਰੀ ਜ਼ੋਸ਼ੀ ਨੇ ਆਸ ਪ੍ਰਗਟਾਈ ਹੈ ਕਿ ਇਹ ਕਾਲਜ ਪਹਿਲਾਂ ਵਾਂਗ ਆਯੁਰਵੈਦਿਕ ਦੇ ਖੇਤਰ ਵਿੱਚ ਆਪਣਾ ਸਥਾਨ ਹਾਸਲ ਕਰਕੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰੇਗਾ ਅਤੇ ਇਸ ਦੇ ਨਾਲ ਹੀ ਕਾਲਜ ਵਿਖੇ ਇੰਨਡੋਰ ਪਲੇਮਸੈਂਟ ਡਿਪਾਰਟਮੈਂਟ ਵਧੀਆ ਢੰਗ ਨਾਲ ਕੰਮ ਕਰਦਿਆਂ ਹੋਇਆਂ ਸਮਾਜ ਦੀ ਸੇਵਾ ਕਰੇਗਾ।ਸ੍ਰੀ ਜੋਸ਼ੀ ਨੇ ਆਪਣੇ ਤੌਰ ਤੇ ਡਾ: ਹਰਸ਼ ਵਰਧਨ, ਕੇਂਦਰੀ ਸਿਹਤ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
Punjab Post Daily Online Newspaper & Print Media