ਭੀਖੀ, 18 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸਿਵਲ ਸਰਜਨ ਮਾਨਸਾ ਡਾ. ਅਨੂਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਸ਼ਵ ਹਾਈਪਰਟੈਂਸ਼ਨ ਦਿਵਸ (ਉਚ ਰਕਤਚਾਪ ਦਿਵਸ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰ ਹੋਡਲਾ ਕਲਾਂ ਵਿਖੇ ਮਨਾਇਆ ਗਿਆ।ਡਿਪਟੀ ਮਾਸ ਮੀਡੀਆ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਸਟ੍ਰੋਕ, ਹਾਰਟ ਅਟੈਕ, ਸਾਈਲੈਂਟ ਅਟੈਕ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ।ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਪੀੜ੍ਹੀ ਦਰ ਪੀੜ੍ਹੀ, ਜ਼ਿਆਦਾ ਨਮਕ ਤੇ ਚਿਕਨਾਈ ਯੁਕਤ ਭੋਜਨ, ਤੰਬਾਕੂ, ਸਿਗਰੇਟ ਅਤੇ ਸ਼ਰਾਬ ਦੀ ਵਰਤੋਂ ਤੋਂ ਇਲਾਵਾ ਸਰੀਰਿਕ ਕੰਮ ਘੱਟ ਕਰਨ ਨਾਲ ਹੁੰਦੀ ਹੈ।ਸੈਮੀਨਾਰ ਦੌਰਾਨ ਐਸ.ਆਈ ਲੀਲਾ ਰਾਮ ਨੇ ਇਸ ਬਿਮਾਰੀ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤੋਂ ਬਚਾਅ ਲਈ ਹਰ ਰੋਜ਼ ਕਸਰਤ ਕਰਨਾ, ਨਮਕ ਤੇ ਚਰਬੀ ਯੁਕਤ ਭੋਜਨ ਦੀ ਘੱਟ ਵਰਤੋਂ, ਆਪਣੇ ਭਾਰ ਨੂੰ ਕੰਟਰੋਲ ਵਿੱਚ ਰੱਖਣ ਤੇ ਹਰੀਆਂ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ।ਹਾਈਪਰਟੈਂਸਨ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ 1 ਜਨਵਰੀ 2018 ਤੋਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਇਸ ਦਾ ਇਲਾਜ ਸ਼ੁਰੂ ਹੋ ਚੁੱਕਾ ਹੈ, ਤਾਂ ਜੋ ਹਾਈਪਰਟੈਂਸਨ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਇਆ ਜਾ ਸਕੇ।