ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕੀਤੇ ਜਾਣ ਵਾਲੇ ਕੰਮਾਂ ਬਾਰੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਸ਼ਹਿਰ ਵਿਚ ਕੀਤੇ ਜਾਣ ਵਾਲੇ ਵੱਖ-ਵੱਖ ਵਿਕਾਸ ਕੰਮਾਂ ਨੂੰ
ਵਿਉਂਤਬੱਧ ਢੰਗ ਨਾਲ ਉਲੀਕਣ ਦੇ ਮਕਸਦ ਨਾਲ ਅੰਮਿ੍ਰਤਸਰ ਸਮਾਰਟ ਸਿਟੀ ਮਿਸ਼ਨ ਵਲੋਂ ਵੱਖ-ਵੱਖ ਕੰਮਾਂ ਦੇ ਸੰਭਾਵੀ ਬੋਲੀਕਾਰਾਂ, ਸਹੂਲਤਾਂ ਦੇ ਸਕਣ ਵਾਲੀਆਂ ਫਰਮਾਂ ਦੇ ਨੁੰਮਾਇਦਿਆਂ ਅਤੇ ਅਧਿਕਾਰੀਆਂ ਦੀ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਦੀ ਅਗਵਾਈ ਸਮਾਰਟ ਸਿਟੀ ਮਿਸ਼ਨ ਦੇ ਮੁਖੀ ਦੀਪਤੀ ਉਪਲ ਆਈ.ਏ.ਐਸ ਨੇ ਕੀਤੀ।ਮੈਡਮ ਉਪਲ ਨੇ ਦੱਸਿਆ ਕਿ ਸਮਾਰਟ ਸਿਟੀਜ਼ ਮਿਸ਼ਨ ਦਾ ਮੰਤਵ ਸਥਾਨਕ ਖੇਤਰ ਦੇ ਵਿਕਾਸ ਅਤੇ ਤਕਨਾਲੋਜੀ ਦੀ ਵਰਤੋਂ ਕਰਕੇ ਲੋਕਾਂ ਦੇ ਜੀਵਨ ਦੀ ਗੁਣਵਤਾ ਅਤੇ ਆਰਥਿਕ ਵਿਕਾਸ ਨੂੰ ਬਿਹਤਰ ਬਣਾਉਣਾ ਹੈ।ਇਸ ਲਈ ਤਕਨਾਲੋਜੀ ਜੋ ਸਮਾਰਟ ਨਤੀਜੇ ਵੱਲ ਖੜਦੀ ਹੈ, ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਣੀ ਹੈ।ਉਨਾਂ ਦੱਸਿਆ ਕਿ ਅੰਮ੍ਰਿਤਸਰ ਸਮਾਰਟ ਸਿਟੀ ਮਿਸ਼ਨ ਤਹਿਤ ਬਹੁਤ ਸਾਰੇ ਪ੍ਰਾਜੈਕਟ ਪਾਈਪਲਾਈਨ ਵਿਚ ਹਨ, ਜੋ ਕਿ ਗੁਰੂ ਨਗਰੀ ਨੂੰ ਦੇਸ਼ ਦਾ ਸ਼ਾਨਦਾਰ ਸ਼ਹਿਰ ਵੀ ਬਣਾਏਗੀ।
ਉਨਾਂ ਦੱਸਿਆ ਕਿ ਆਈ ਸੀ ਸੀ ਸੀ (ਇੰਟੈਗਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ) ਉਹਨਾਂ ਵਿੱਚੋਂ ਇੱਕ ਹੈ, ਜੋ ਕਿ ਪੁਲਿਸ, ਟਰੈਫਿਕ ਪੁਲਿਸ ਦੇ ਨਜ਼ਰੀਏ ਤੋਂ ਸ਼ਹਿਰ ਦੀ ਸੁਰੱਖਿਆ ਅਤੇ ਨਿਗਰਾਨੀ ਦਾ ਸੰਪੂਰਨ ਹੱਲ ਮੁਹੱਈਆ ਕਰਵਾਏਗਾ।ਉਨਾਂ ਦੱਸਿਆ ਕਿ ਇਸ ਅਧੀਨ ਸ਼ਹਿਰ ਵਿਚ ਸੀਸੀਟੀਵੀ ਨਿਗਰਾਨੀ, ਸਾੳੂਂਡ ਸਿਸਟਮ, ਐਮਰਜੈਂਸੀ ਕਾਲ ਬਾਕਸ ਅਤੇ ਪੈਨਿਕ ਬਟਨ, ਵਾਈ-ਫਾਈ, ਵਾਤਾਵਰਣ ਸੈਂਸਰ ਅਤੇ ਪਾਣੀ ਦੀ ਕੁਆਲਟੀ ਐਨਾਲਾਈਜ਼ਰ, ਠੋਸ ਰਹਿੰਦ-ਖੂੰਹਦ ਪ੍ਰਬੰਧ, ਸਮਾਰਟ ਪਾਰਕਿੰਗ, ਸਟਰੀਟ ਲਾਈਟਾਂ ਆਦਿ ਦਾ ਕੰਮ ਸ਼ਾਮਿਲ ਹੈ।
ਉਨਾਂ ਦੱਸਿਆ ਕਿ ਇਸ ਵਰਕਸ਼ਾਪ ਦਾ ਮੰਤਵ ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਲਈ ਹੱਲ, ਨਵੀਂ ਤਕਨਾਲੋਜੀ, ਫੀਡ ਬੈਕ ਅਤੇ ਉਦਯੋਗਾਂ ਤੋਂ ਸੁਝਾਅ ਦੀ ਜਾਣਕਾਰੀ ਪ੍ਰਾਪਤ ਕਰਨਾ ਸੀ।ਟੀਚੇ ਦੀ ਪ੍ਰਾਪਤੀ ਲਈ ਤਕਨੀਕੀ ਸੰਭਾਵਨਾਵਾਂ ਬਾਰੇ ਆਪਣੀ ਪੇਸ਼ਕਾਰੀ ਦੇਣ ਲਈ ਮੁੱਖ ਭਾਗੀਆਂ ਨੇ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ।ਉਹਨਾਂ ਨੇ ਵੱਖ-ਵੱਖ ਸਾਧਨਾਂ ਅਤੇ ਉਪਕਰਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।ਮੈਡਮ ਉਪਲ ਨੇ ਕਿਹਾ ਕਿ ਇਹ ਵਰਕਸ਼ਾਪ ਯਕੀਨੀ ਤੌਰ ‘ਤੇ ਪ੍ਰਸਤਾਵਿਤ ਪ੍ਰਾਜੈਕਟ ਨੂੰ ਉਤਸ਼ਾਹਿਤ ਕਰੇਗੀ ਅਤੇ ਬਹੁਤ ਛੇਤੀ ਹੀ ਅਮਿ੍ਰਤਸਰ ਨੂੰ ਇਕ ਸ਼ਾਨਦਾਰ ਸ਼ਹਿਰ ਬਣਾ ਦਿੱਤਾ ਜਾਵੇਗਾ।ਇਸ ਮੌਕੇ ਪ੍ਰਾਜੈਕਟ ਦੇ ਨੋਡਲ ਅਧਿਕਾਰੀ ਐਸ. ਸੁਨੀਲ ਮਹਾਜਨ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।
Punjab Post Daily Online Newspaper & Print Media