ਕੋਚ ਪੰਜਾਬ ਦੀ ਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਾਉਣ ਯੋਗਦਾਨ – ਐਸ.ਡੀ.ਐਮ
ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਿਹਤਮੰਦ ਕਰਨ ਲਈ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲ੍ਹੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਖੇਡ ਵਿਭਾਗ ਨੂੰ ਪੂਰੀ ਤਰਾਂ ਸਰਗਰਮ ਕੀਤਾ ਗਿਆ ਹੈ।ਇਸ ਤਹਿਤ ਜੂਨ ਮਹੀਨੇ ਸਾਰੇ ਕੋਚਿੰਗ ਕੇਂਦਰਾਂ ਵਿਚ ਖਿਡਾਰੀਆਂ ਦੇ ਕੰਡੀਸ਼ਨਿੰਗ ਕੈਂਪ ਲਗਾਉਣ ਦੀ ਹਦਾਇਤ ਕੀਤੀ ਗਈ ਹੈ, ਜਿਸ ਵਿਚ ਨੌਜਵਾਨਾਂ ਨੂੰ ਸਰੀਰਕ ਫਿਟਨੈਸ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਚ ਸਾਰੇ ਜਿਲ੍ਹੇ ਦੇ ਕੋਚਾਂ ਦਾ ਕੰਡੀਸ਼ਿਨਿੰਗ ਕੈਂਪ ਲਗਾਇਆ ਗਿਆ, ਜਿਸ ਦੀ ਅਗਵਾਈ ਖੇਡ ਅਧਿਕਾਰੀ ਗੁਰਲਾਲ ਸਿੰਘ ਰਿਆੜ ਨੇ ਕੀਤੀ।ਉਨਾਂ ਦੱਸਿਆ ਕਿ ਇਸ ਕੈਂਪ ਵਿਚ ਕੋਚਾਂ ਨੂੰ ਖੇਡ ਮੈਦਾਨਾਂ ਦੀ ਸਫਾਈ ਅਤੇ ਸਰੀਰਕ ਫਿਟਨੈਸ ਲਈ ਨੌਜਾਵਨਾਂ ਨੂੰ ਪ੍ਰੇਰਿਤ ਕਰਨ ਲਈ ਤਿਆਰ ਕੀਤਾ ਗਿਆ।
ਰਿਆੜ ਨੇ ਦੱਸਿਆ ਕਿ ਇਸ ਵਿਸ਼ੇਸ਼ ਕੈਂਪ ਵਿਚ ਪਹੁੰਚੇ ਐਸ.ਡੀ.ਐਮ ਨਿਤੀਸ਼ ਸਿੰਗਲਾ ਨੇ ਕੋਚਾਂ ਨੂੰ ਪ੍ਰੇਰਿਤ ਕਰਦੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਅੱਗੇ ਵਾਂਗ ਹੱਸਦਾ-ਵੱਸਦਾ ਵੇਖਣਾ ਚਾਹੁੰਦੇ ਹਨ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਆਪਣੇ ਨੌਜਵਾਨ ਸਰੀਰਕ ਫਿਟਨੈਸ ਲਈ ਆਪਣੇ ਆਪ ਨੂੰ ਤਿਆਰ ਕਰਨ।ਉਨਾਂ ਕਿਹਾ ਕਿ ਅਜਿਹਾ ਖੇਡਾਂ ਅਤੇ ਨਸ਼ਿਆਂ ਦੇ ਤਿਆਗ ਕਰਕੇ ਹੀ ਹੋ ਸਕਦਾ ਹੈ ਅਤੇ ਕੇਵਲ ਖੇਡ ਵਿਭਾਗ ਹੀ ਇਸ ਲਈ ਜ਼ਿਲ੍ਹੇ ਵਿਚ ਸਾਜ਼ਗਾਰ ਮਾਹੌਲ ਤਿਆਰ ਕਰ ਸਕਦਾ ਹੈ। ਉਨਾਂ ਇਸ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰਾਂ ਦੀ ਮਦਦ ਦੇਣ ਦਾ ਭਰੋਸਾ ਦਿੰਦੇ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਇਸ ਮੁਹਿੰਮ ਨਾਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਜੁੜਣ।
ਇਸ ਮੌਕੇ ਸਾਈਕਲਿੰਗ ਕੋਚ ਸਿਮਰਨਜੀਤ ਸਿੰਘ, ਫੁੱਟਬਾਲ ਕੋਚ ਦਲਜੀਤ ਸਿੰਘ, ਬਾਕਸਿੰਗ ਕੋਚ ਜਸਪ੍ਰੀਤ ਸਿੰਘ, ਕਬੱਡੀ ਕੋਚ ਨੀਤੂ, ਜਿਮਨਾਸਟਿਕ ਕੋਚ ਅਕਾਸ਼ਦੀਪ, ਬਲਬੀਰ ਸਿੰਘ, ਰਜਨੀ ਸੈਣੀ ਤੇ ਨੀਤੂ ਬਾਲਾ, ਅਥਲੈਟਿਕ ਕੋਚ ਸਵਿਤਾ ਕੁਮਾਰੀ, ਹੈਂਡਬਾਲ ਕੋਚ ਜਸਵੰਤ ਸਿੰਘ, ਟੇਬਲ ਟੈਨਿਸ ਕੋਚ ਅਸ਼ੋਕ ਕੁਮਾਰ, ਕੁਸ਼ਤੀ ਕੋਚ ਕਰਨ ਸ਼ਰਮਾ, ਜੂਡੋ ਕੋਚ ਕਰਮਜੀਤ ਸਿੰਘ ਅਤੇ ਖੇਡ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।