ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਗਈ ਧਰਮ ਪ੍ਰਚਾਰ ਲਹਿਰ ਤਹਿਤ ਜਨਵਰੀ 2018 ਤੋਂ ਲੈ ਕੇ ਹੁਣ ਤੱਕ 46 ਹਜ਼ਾਰ ਤੋਂ ਵੱਧ ਸੰਗਤਾਂ ਨੇ ਅੰਮ੍ਰਿਤਪਾਨ ਕੀਤਾ ਹੈ।ਇਸ ਤੋਂ ਇਲਾਵਾ ਜੂਨ ਮਹੀਨੇ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਦੇ ਵੱਡੀ ਗਿਣਤੀ ਵਿਚ ਗੁਰਮਤਿ ਕੈਂਪਾਂ ਤੋਂ ਇਲਾਵਾ ਲਗਾਤਾਰ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਗੁਰਦੁਆਰਿਆਂ ਵਿਚ ਪ੍ਰਚਾਰਕਾਂ ਤੇ ਢਾਡੀ ਕਵੀਸ਼ਰਾਂ ਵੱਲੋਂ ਲਗਾਤਾਰ ਪਹੁੰਚ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਲਹਿਰ ਲਗਾਤਾਰ ਜਾਰੀ ਹੈ ਅਤੇ ਇਸ ਤਹਿਤ ਪੰਜਾਬ ਨੂੰ ਮਾਝਾ, ਮਾਲਵਾ ਅਤੇ ਦੁਆਬਾ ਤਿੰਨ ਜੋਨਾਂ ਵਿਚ ਵੰਡ ਕੇ ਧਰਮ ਪ੍ਰਚਾਰ ਕਾਰਜ ਕੀਤੇ ਜਾ ਰਹੇ ਹਨ।ਉਨ੍ਹਾਂ ਪੰਜਾਬ ਅੰਦਰ ਕੀਤੇ ਗਏ ਅੰਮ੍ਰਿਤ ਸੰਚਾਰ ਸਮਾਗਮਾਂ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ 7 ਜਨਵਰੀ ਤੋਂ ਲੈ ਕੇ 27 ਮਈ ਤੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਏ ਵੱਖ ਵੱਖ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 8538 ਪ੍ਰਾਣੀ ਗੁਰੂ ਵਾਲੇ ਬਣੇ ਹਨ। ਇਸ ਤੋਂ ਇਲਾਵਾ ਮਾਲਵਾ ਜੋਨ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਮਈ ਮਹੀਨੇ ਤੱਕ 90 ਥਾਵਾਂ ’ਤੇ ਅੰਮ੍ਰਿਤ ਸੰਚਾਰ ਸਮਾਗਮ ਕੀਤੇ ਗਏ, ਜਿਨ੍ਹਾਂ ਵਿਚ 4452 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ।ਮਾਲਵਾ ਜੋਨ ਵਿਚ ਕੁਲ 12990 ਪ੍ਰਾਣੀ ਗੁਰੂ ਵਾਲੇ ਬਣੇ।ਉਨ੍ਹਾਂ ਦੱਸਿਆ ਕਿ ਮਾਝਾ ਜੋਨ ਵਿਚ ਅੰਮ੍ਰਿਤ ਛਕਣ ਵਾਲਿਆਂ ਦੀ ਕੁੱਲ ਗਿਣਤੀ 20541 ਹੈ।ਇਸ ਖੇਤਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਵੱਖ-ਵੱਖ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ ਜੂਨ ਮਹੀਨੇ ਤੱਕ 12140 ਪ੍ਰਾਣੀ ਗੁਰੂ ਵਾਲੇ ਬਣੇ, ਜਦਕਿ ਇਸ ਇਲਾਕੇ ਵਿਚ 78 ਥਾਵਾਂ ’ਤੇ ਹੋਏ ਵੱਖ-ਵੱਖ ਅੰਮ੍ਰਿਤ ਸੰਚਾਰ ਸਮੇਂ 8401 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ।ਇਨ੍ਹਾਂ ਦੀ ਕੁਲ ਗਿਣਤੀ 20541 ਹੈ।ਬੇਦੀ ਨੇ ਦੁਆਬਾ ਜੋਨ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 4 ਫਰਵਰੀ ਤੋਂ ਲੈ ਕੇ 30 ਮਈ ਤੱਕ 8993 ਪ੍ਰਾਣੀ ਅੰਮ੍ਰਿਤਧਾਰੀ ਹੋਏ ਅਤੇ ਇਸ ਖੇਤਰ ਵਿਚ 58 ਵੱਖ-ਵੱਖ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 3797 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ।ਉਨ੍ਹਾਂ ਦੱਸਿਆ ਕਿ ਦੁਆਬਾ ਖੇਤਰ ਵਿਚ ਅੰਮ੍ਰਿਤ ਛਕਣ ਵਾਲੇ ਕੁਲ ਪ੍ਰਾਣੀ 12790 ਹਨ।ਉਨ੍ਹਾਂ ਕਿਹਾ ਕਿ ਲੌਂਗੋਵਾਲ ਵੱਲੋਂ ਇਸ ਸਾਲ ਇੱਕ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਟੀਚਾ ਮਿਥਿਆ ਸੀ, ਜਿਨ੍ਹਾਂ ਵਿੱਚੋਂ ਪੰਜਾਬ ਅੰਦਰ 46 ਹਜ਼ਾਰ ਤੋਂ ਜ਼ਿਆਦਾ ਪ੍ਰਾਣੀ ਗੁਰੂ ਵਾਲੇ ਬਣੇ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਚੱਲਦੇ ਮਿਸ਼ਨਾਂ ਵੱਲੋਂ ਵੀ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਇਆ ਜਾ ਚੁੱਕਾ ਹੈ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media