Wednesday, July 29, 2026

ਸਰਕਾਰੀ ਦਫਤਰਾਂ `ਚ ਅਫਸਰਸ਼ਾਹੀ ਭਾਰੂ, ਜਾਣ ਬੁੱਝ ਕੇ ਉਲਝਾਏ ਜਾਂਦੇ ਹਨ ਲੋਕਾਂ ਦੇ ਕੰਮ – ਭ੍ਰਿਸ਼ਟਾਚਾਰ ਵਿਰੋਧੀ ਫਰੰਟ

ਸਮਰਾਲਾ, 18 ਅਗਸਤ (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਾਸਿਕ ਮੀਟਿੰਗ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮਾਛੀਵਾੜਾ, ਖਮਾਣੋਂ ਦੀਆਂ ਇਕਾਈਆਂ ਤੋਂ ਇਲਾਵਾ ਸਮਰਾਲਾ ਇਲਾਕੇ ਦੇ ਜੀ.ਓ.ਜੀ ਨੇ ਵੀ ਹਿੱਸਾ ਲਿਆ। ਮੀਟਿੰਗ ਦੀ ਸ਼ੁਰੂਆਤ ਵਿੱਚ ਸਵਿੰਦਰ ਸਿੰਘ ਨੇ ਪਿਛਲੇ ਮਹੀਨੇ ਦੌਰਾਨ ਫਰੰਟ ਵੱਲੋਂ ਨਿਪਟਾਏ ਚਾਰ ਕੇਸਾਂ ਬਾਰੇ ਜਾਣਕਾਰੀ ਦਿੱਤੀ।ਖਮਾਣੋਂ ਦੇ ਜੀ.ਓ.ਜੀ ਸਰਾਓ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਰਕਾਰੀ ਮਹਿਕਮਿਆਂ ਦੇ ਕੰਮਕਾਰ ਵਿੱਚ ਵਿੱਚ ਆ ਰਹੀ ਗਿਰਾਵਟ ਨੂੰ ਦੂਰ ਕਰਨ ਅਤੇ ਕਮੀਆਂ ਪੇਸ਼ੀਆਂ ਸਬੰਧੀ ਸਰਕਾਰ ਨੂੰ ਸੂਚਿਤ ਕਰਨ ਦੀ ਜਿੰਮੇਵਾਰੀ ਲਗਾਈ ਹੈ, ਪ੍ਰੰਤੂ ਜਦੋਂ ਉਹ ਕਿਸੇ ਸਰਕਾਰੀ ਦਫਤਰ ਨੂੰ ਚੈਕ ਕਰਦੇ ਹਾਂ ਤਾਂ ਕਰਮਚਾਰੀ ਉਲਟਾ ਉਨਾਂ ਦੇ ਗਲ਼ ਪੈਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਨਿਰਾਸ਼ ਹੋਣਾ ਪੈਂਦਾ ਹੈ।
ਜੀ.ਓ.ਜੀ ਐਸ.ਪੀ ਸਿੰਘ ਲੁਧਿਆਣਾ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਸਾਰੇ ਦਫਤਰਾਂ ਵਿੱਚ ਅਫਸਰਸ਼ਾਹੀ ਭਾਰੂ ਹੋਈ ਪਈ ਹੈ ਅਤੇ ਲੋਕਾਂ ਦੇ ਸਹੀ ਕੰਮ ਵੀ ਜਾਣ ਬੁੱਝ ਕੇ ਉਲਝਾਏ ਜਾਂਦੇ ਹਨ, ਉਨ੍ਹਾਂ ਨੂੰ ਸੁਲਝਾਉਣ ਲਈ ਰਿਸ਼ਵਤ ਦਾ ਸਹਾਰਾ ਲਿਆ ਜਾਂਦਾ ਹੈ, ਜੋ ਕਿ ਭ੍ਰਿਸ਼ਟਾਚਾਰ ਦਾ ਮੁੱਢ ਬੰਨਦੀ ਹੈ।ਜੀ.ਓ.ਜੀ ਚਮਕੌਰ ਸਿੰਘ ਲੁਧਿਆਣਾ ਨੇ ਸਮਰਾਲਾ ਫਰੰਟ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ, ਜੋ ਦਿਨ ਰਾਤ ਸਮਰਾਲਾ ਇਲਾਕੇ ਦੀ ਨਿਸ਼ਕਾਮ ਸੇਵਾ ਕਰ ਰਿਹਾ ਹੈ।ਫਰੰਟ ਦੇ ਆਰ.ਟੀ.ਆਈ ਦੇ ਇੰਚਾਰਜ ਦਰਸ਼ਨ ਸਿੰਘ ਕੰਗ ਨੇ ਪੰਜਾਬ ਦੇ ਪੰਚਾਇਤੀ ਰਾਜ ਦੀ ਢਿੱਲੀ ਕਾਰਗੁਜ਼ਾਰੀ ਦੀ ਨਿੰਦਿਆ ਕੀਤੀ, ਖਾਸ ਕਰਕੇ ਬੀ. ਡੀ.ਪੀ.ਓ ਦਫਤਰ ਸਮਰਾਲਾ ਭ੍ਰਿਸ਼ਟਾਚਾਰ ਵਿੱਚ ਪੂਰੀ ਤਰ੍ਹਾਂ ਗਲਤਾਨ ਹੋ ਚੁੱਕਾ ਹੈ।ਅਮਰਜੀਤ ਸਿੰਘ ਬਾਲਿਓਂ ਨੇ ਕਿਹਾ ਕਿ ਮੌਜੂਦਾ ਪ੍ਰਸ਼ਾਸਨ ਸਿਰਫ ਮੌਜੂਦਾ ਹੁਕਮਰਾਨ ਰਾਜਸੀ ਲੋਕਾਂ ਦੇ ਇਸ਼ਾਰਿਆਂ `ਤੇ ਹੀ ਚੱਲ ਰਿਹਾ ਹੈ, ਜਿਵੇਂ ਪਿਛਲੇ 10 ਸਾਲ ਦੂਜੀ ਧਿਰ ਆਪਣਾ ਹੁਕਮ ਚਲਾਉਂਦੀ ਰਹੀ ਅਤੇ ਦੂਜੀ ਧਿਰ ਇਹੀ ਕੁੱਝ ਕਰ ਰਹੀ ਹੈ।ਇਹ ਦੋਨੋਂ ਧਿਰਾਂ ਮਿਲ ਕੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਲੁੱਟ ਰਹੀਆਂ ਹਨ।ਜੰਗ ਸਿੰਘ ਭੰਗਲਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਕਰਜੇ ਮੁਆਫ਼ ਕਰਨ ਦੀ ਵਾਅਦਾਖਿਲਾਫੀ ਤੋਂ ਬਾਅਦ ਕਿਸਾਨਾਂ ਦੀਆਂ ਖੁਦਕੁਸ਼ੀਆਂ ਪਹਿਲਾਂ ਨਾਲੋਂ ਜ਼ਿਆਦਾ ਹੋ ਰਹੀਆਂ ਹਨ।
ਅਖੀਰ `ਚ ਕਮਾਂਡੈਂਟ ਰਛਪਾਲ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਨਿਘਾਰ ਆ ਚੁੱਕਾ ਹੈ, ਗਰੀਬਾਂ ਦੀਆਂ ਕੁੜੀਆਂ ਨੂੰ ਰੱਜੇ-ਪੁੱਜੇ ਮੁੰਡੇ ਬਾਹਰਲੇ ਰਾਜਾਂ ਨੂੰ ਵਰਗਲਾ ਕੇ ਲਿਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸਮਰਾਲਾ ਦੇ ਮੇਨ ਚੌਂਕ ਲਾਗੇ ਕੁੱਝ ਲੋਕ ਸਿਆਸੀ ਲੋਕਾਂ ਦੇ ਅਸ਼ੀਰਵਾਦ ਨਾਲ ਗਰੀਨ ਬੈਲਟ ਨੂੰ ਉਜਾੜ ਕੇ ਇਥੇ ਦੁਕਾਨਾਂ ਪਾ ਕੇ ਆਪਣੇ ਨਜਾਇਜ ਕਬਜੇ ਕਰਨਾ ਚਾਹੁੰਦੇ ਹਨ।ਉਨ੍ਹਾਂ ਆਮ ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਇੱਕਜੁੱਟ ਹੋਣ ਦਾ ਸੱਦਾ ਦਿੱਤਾ ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਹਰਬੰਸਪੁਰਾ, ਬਲਦੇਵ ਸਿੰਘ ਖਮਾਣੋਂ, ਅਵਤਾਰ ਸਿੰਘ ਉਟਾਲਾਂ, ਰਜਿੰਦਰ ਸਿੰਘ ਸਮਰਾਲਾ, ਕੇਵਲ ਕ੍ਰਿਸ਼ਨ ਸ਼ਰਮਾ, ਸੁਰਿੰਦਰ ਕੁਮਾਰ, ਸੂਬੇਦਾਰ ਦਵਿੰਦਰ ਸਿੰਘ, ਮਨਜੀਤ ਕੌਰ, ਦਵਿੰਦਰ ਕੌਰ ਅਤੇ ਰਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply