ਧੂਰੀ, 29 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਤਹਿਸੀਲ ਕੰਪਲੈਕਸ ਧੂਰੀ ਦੇ ਫਰਦ ਕੇਂਦਰ ਦਾ ਸਰਵਰ ਡਾਊਨ ਰਹਿਣ ਕਾਰਨ ਆਪਣੀਆਂ ਜਾਇਦਾਦਾਂ ਸਬੰਧੀ ਰੈਵੀਨਿਊ ਰਿਕਾਰਡ ਦੀ ਜਾਣਕਾਰੀ ਲੈਣ ਆਏ ਲੋਕਾਂ ਨੂੰ ਇਨੀਂ ਦਿਨੀਂ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।ਸੂਬਾ ਸਰਕਾਰ ਦੇ ਮਾਲ ਮਹਿਕਮੇ ਵੱਲੋਂ ਫਰਦਾਂ ਨਾਲ ਸਬੰਧਤ ਸਾਰਾ ਰਿਕਾਰਡ ਕਲਾਊਡ ਸਰਵਰ `ਤੇ ਡਾਊਨਲੋਡ ਕਰਨ ਤੋਂ ਬਾਅਦ ਭਾਵੇਂ ਦੇਸ਼-ਵਿਦੇਸ਼ ਵਿੱਚ ਬੈਠੇ ਲੋਕ ਆਨਲਾਈਨ ਆਪਣੀਆਂ ਜਾਇਦਾਦਾਂ ਸਬੰਧੀ ਰੈਵੀਨਿਊ ਰਿਕਾਰਡ ਦੀ ਹਰ ਜਾਣਕਾਰੀ ਘਰ ਬੈਠੇ ਹੀ ਹਾਸਲ ਕਰ ਸਕਦੇ ਹਨ, ਪ੍ਰੰਤੂ ਪਿਛਲੇ ਕੁੱਝ ਸਮੇਂ ਤੋਂ ਸਾਰਾ ਡਾਟਾ ਕਲਾਊਡ ਸਰਵਰ ਉੱਤੇ ਡਾਊਨਲੋਡ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ ਫਰਦਾਂ ਲੈਣ ਵਿੱਚ ਮੁਸ਼ਕਿਲ ਆਉਣ ਲੱਗ ਪਈ ਹੈ।ਇਸ ਸਬੰਧੀ ਜਦੋਂ ਫਰਦ ਕੇਂਦਰ ਧੂਰੀ ਦੇ ਏ.ਐਸ.ਐਮ ਯੋਗੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਦੇ-ਕਦੇ ਸਰਵਰ ਡਾਊਨ ਹੋ ਜਾਂਦਾ ਹੈ ਪ੍ਰੰਤੂ ਆਨਲਾਈਨ ਕੰਮ ਹੋਣ ਦੇ ਕਾਰਨ ਉਹ ਹਰ ਸੰਭਵ ਯਤਨ ਕਰਕੇ ਇੱਥੇ ਆਉਣ ਵਾਲੇ ਲੋਕਾਂ ਨੂੰ ਮੌਕੇ `ਤੇ ਹੀ ਫਰਦਾਂ ਮੁਹੱਈਆਂ ਕਰਵਾਉਣ ਵਿੱਚ ਜੁਟੇ ਹੋਏ ਹਨ ਅਤੇ ਉਹ ਫਰਦ ਕੇਂਦਰ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ।ਉਹਨਾਂ ਕਿਹਾ ਕਿ ਅਗਰ ਫਿਰ ਵੀ ਕਿਸੇ ਵਿਅਕਤੀ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਸਿੱਧਾ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ।
ਵਰਣਨਯੌਗ ਹੈ ਕਿ ਫਰਦਾਂ ਦਾ ਸਾਰਾ ਰਿਕਾਰਡ ਕਲਾਊਡ ਸਰਵਰ ਉੱਪਰ ਡਾਊਨਲੋਡ ਹੋਣ ਤੋਂ ਪਹਿਲਾਂ ਫਰਦ ਕੇਂਦਰਾਂ ਦਾ ਸਰਵਰ ਤਹਿਸੀਲ ਕੰਪਲੈਕਸ ਤੱਕ ਹੀ ਸੀਮਤ ਸੀ ਅਤੇ ਲੋਕਾਂ ਨੂੰ ਵੀ ਫਰਦਾਂ ਲੈਣ ਵਿੱਚ ਕੋਈ ਮੁਸ਼ਕਿਲ ਨਹੀਂ ਸੀ ਹੁੰਦੀ, ਪ੍ਰੰਤੂ ਹੁਣ ਸੂਬਾ ਭਰ ਵਿੱਚ ਇੱਕ ਸਰਵਰ ਹੋਣ ਨਾਲ ਅਕਸਰ ਵਿਭਾਗ ਦਾ ਸਰਵਰ ਡਾਊਨ ਹੀ ਰਹਿੰਦਾ ਹੈ। ਸਥਾਨਕ ਲੋਕਾਂ ਦੀ ਉਚ ਅਧਿਕਾਰੀਆਂ ਪਾਸੋਂ ਮੰਗ ਹੈ ਕਿ ਇਸ ਸਮੱਸਿਆ ਤੋਂ ਜ਼ਲਦ ਨਿਜਾਤ ਦਿਲਵਾਈ ਜਾਵੇ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media