Thursday, March 19, 2026

ਸ੍ਰੀ ਦਰਬਾਰ ਸਾਹਿਬ ਦੀ ਰੇਲ ਗੱਡੀਆਂ `ਚ ਚਾਹ ਕੇਤਲੀਆਂ ਉਪਰ ਤਸਵੀਰ `ਤੇ ਜਤਾਇਆ ਇਤਰਾਜ਼

ਰੇਲਵੇ ਵਿਭਾਗ ਪਾਬੰਦੀ ਦੇ ਹੁਕਮਾਂ ਨੂੰ ਮੁਕੰਮਲ ਤੌਰ ’ਤੇ ਲਾਗੂ ਕਰੇ – ਸ਼੍ਰੋਮਣੀ ਕਮੇਟੀ

SGPCਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਭਾਰਤੀ ਰੇਲਵੇ ਵੱਲੋਂ ਰੇਲ ਗੱਡੀਆਂ ’ਚ ਯਾਤਰੂਆਂ ਨੂੰ ਦਿੱਤੇ ਜਾਂਦੇ ਪਾਣੀ ਦੀਆਂ ਬੋਤਲਾਂ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੋਂ ਬਾਅਦ ਹੁਣ ਚਾਹ ਵਾਲੀਆਂ ਕੇਤਲੀਆਂ ’ਤੇ ਇਹ ਲੇਬਲ ਸਾਹਮਣੇ ਆਉਣ ’ਤੇ ਸ਼੍ਰੋਮਣੀ ਗੁਰਦੁਆਰਾ ਵੱਲੋਂ ਇਕ ਵਾਰ ਫਿਰ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ।ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ ਅਤੇ ਬੀ.ਐਸ.ਐਨ.ਐਲ ਨਾਲ ਰਾਬਤਾ ਕਾਇਮ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਲੇਬਲ ਤੁਰੰਤ ਹਟਾਉਣ ਲਈ ਕਿਹਾ ਹੈ।ਇਸ ਸਬੰਧੀ ਦੋਵਾਂ ਵਿਭਾਗਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਵੀ ਲਿਖੇ ਗਏ ਹਨ।
    ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਿੰਘ ਬੇਦੀ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਤਾਬਦੀ ਐਕਸਪ੍ਰੈੱਸ ਵਿਚ ਪਾਣੀ ਦੀਆਂ ਬੋਤਲਾਂ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਲੇਬਲ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ’ਤੇ ਸ਼੍ਰੋਮਣੀ ਕਮੇਟੀ ਦੀ ਕਾਰਵਾਈ ਤੋਂ ਬਾਅਦ ਰੇਲਵੇ ਦੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ ਨੇ ਜਵਾਬੀ ਪੱਤਰ ਰਾਹੀਂ ਇਸ ਨੂੰ ਅਣਜਾਣੇ ’ਚ ਹੋਈ ਭੁੱਲ ਦੱਸ ਕੇ  ਤਸਵੀਰ ਵਾਲੇ ਲੇਬਲ ਵਾਪਸ ਲੈਣ ਦਾ ਦਾਅਵਾ ਕੀਤਾ ਗਿਆ ਸੀ। ਲੇਕਿਨ ਹੁਣ ਇਕ ਵਾਰ ਫਿਰ ਇਹ ਲੇਬਲ ਚਾਹ ਵਾਲੀਆਂ ਕੇਤਲੀਆਂ ’ਤੇ ਪਾਏ ਜਾਣ ਨਾਲ ਸਿੱਖਾਂ ਵਿਚ ਭਾਰੀ ਰੋਸ ਫੈਲਿਆ ਹੈ। ੳੇੁਨ੍ਹਾਂ ਕਿਹਾ ਕਿ ਰੇਲ ਸਫ਼ਰ ਵਾਲੇ ਕੁੱਝ ਲੋਕਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਵਾਲੇ ਲੇਬਲਾਂ ਸਮੇਤ ਚਾਹ ਕੇਤਲੀਆਂ ਦੀਆਂ ਤਸਵੀਰਾਂ ਸ਼੍ਰੋਮਣੀ ਕਮੇਟੀ ਪਾਸ ਭੇਜੀਆਂ ਗਈਆਂ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕਿਸੇ ਨੂੰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਪਾਰਕ ਮਸ਼ਹੂਰੀ ’ਤੇ ਛਾਪਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
    ਬੇਦੀ ਨੇ ਕਿਹਾ ਕਿ ਰੇਲਵੇ ਵੱਲੋਂ ਪਾਣੀ ਅਤੇ ਚਾਹ ਦੀਆਂ ਬੋਤਲਾਂ ’ਤੇ ਮਸ਼ਹੂਰੀ ’ਚ ਇਸ ਪਾਵਨ ਅਸਥਾਨ ਦੀ ਤਸਵੀਰ ਛਾਪ ਕੇ ਵੱਡੀ ਗਲਤੀ ਕੀਤੀ ਹੈ ਅਤੇ ਉਸ ਤੋਂ ਜ਼ਿਆਦਾ ਦੁੱਖ ਦੀ ਗੱਲ ਹੈ ਕਿ ਵਿਭਾਗ ਵੱਲੋਂ ਇਹ ਲਿਖਤੀ ਭਰੋਸਾ ਦਿੱਤੇ ਜਾਣ ਤੋਂ ਬਾਅਦ ਵੀ ਇਸ ’ਤੇ ਮੁਕੰਮਲ ਰੋਕ ਨਹੀਂ ਲਗਾਈ ਗਈ।ਉਨ੍ਹਾਂ ਕਿਹਾ ਕਿ ਕੈਟਰਿੰਗ ਕਾਰਪੋਰੇਸ਼ਨ ਦੇ ਇਕ ਅਧਿਕਾਰੀ ਗੁਰਿੰਦਰਮੋਹਨ ਸਿੰਘ ਜੋ ਸਿੰਗਾਪੁਰ ਗਏ ਹੋਏ ਹਨ ਨਾਲ ਗੱਲਬਾਤ ਹੋਈ ਹੈ, ਜਿਸ ਨੇ ਇਸ ‘’ਤੇ ਮੁਕੰਮਲ ਪਾਬੰਦੀ ਦਾ ਦਾਅਵਾ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਜੇਕਰ ਅਜਿਹਾ ਮਾਮਲਾ ਫਿਰ ਸਾਹਮਣੇ ਆਇਆ ਹੈ ਤਾਂ ਉਸ ਦਾ ਪਤਾ ਲਗਾਇਆ ਜਾਵੇਗਾ।
     ਦੂਸਰੇ ਪਾਸੇ ਬੀ.ਐਸ.ਐਨ.ਐਲ ਦੇ ਇਕ ਉਚ ਅਧਿਕਾਰੀ ਦੀਪਕ ਗਰਗ ਨੇ ਵੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੀ ਮਸ਼ਹੂਰੀ ’ਤੇ ਰੋਕ ਦੀ ਗੱਲ ਆਖੀ ਹੈ ਅਤੇ ਭਵਿੱਖ ਵਿਚ ਅਜਿਹਾ ਨਾ ਕਰਨ ਦਾ ਵੀ ਭਰੋਸਾ ਦਿੱਤਾ ਹੈ। ਬੇਦੀ ਨੇ ਕਿਹਾ ਕਿ ਇਹ ਬੇਹੱਦ ਸੰਜ਼ੀਦਾ ਮਾਮਲਾ ਹੈ ਅਤੇ ਜੇਕਰ ਸੰਗਤਾਂ ਵਿਚ ਰੋਸ ਅਤੇ ਰੋਹ ਕਾਰਨ ਕੋਈ ਅਣ-ਸੁਖਾਵੀਂ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰੀ ਰੇਲਵੇ ਤੇ ਬੀ.ਐਸ.ਐਨ.ਐਲ. ਵਿਭਾਗ ਦੀ ਹੋਵੇਗੀ।
 

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply