Wednesday, June 10, 2026

ਕਾਂਗਰਸ ਸਰਕਾਰ ਨੇ ਅਕਾਲੀ ਦਲ ਦੀ ਰੈਲੀ `ਤੇ ਪਾਬੰਦੀ ਲਾ ਕੇ ਕੀਤਾ ਲੋਕਤੰਤਰ ਦਾ ਕਤਲ – ਬਾਦਲ

ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ਼੍ਰੋਮਣੀ ਅਕਾਲੀ ਦਲ ਦੀ 16 ਸਤੰਬਰ ਨੂੰ ਫਰੀਦਕੋਟ ਵਿਖੇ ਕੀਤੀ ਜਾਣ ਵਾਲੀ ਸ਼ਾਂਤਮਈ ਪੋਲ ਖੋਲ੍ਹ PPN1409201801ਰੈਲੀ `ਤੇ ਪੰਜਾਬ ਸਰਕਾਰ ਵਲੋਂ ਪਾਬੰਦੀ ਲਾਉਣ ਦੇ ਫੈਸਲੇ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਦਿਨ-ਦਿਹਾੜੇ ਲੋਕਤੰਤਰ ਦਾ ਕਤਲ‘ ਕਰਾਰ ਦਿੱਤਾ ਹੈ।ਅਕਾਲੀ ਦਲ ਨੇ ਸਰਕਾਰ ਦੇ ਪਾਬੰਦੀ ਦੇ ਹੁਕਮ `ਤੇ ਨਜ਼ਰਸਾਨੀ ਅਤੇ ਸ਼ਾਂਤਮਈ ਰੈਲੀ ਕਰਨ ਦੀ ਆਗਿਆ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣ ਦਾ ਫੈਸਲਾ ਕੀਤਾ ਹੈ।
ਬਠਿੰਡਾ ਪ੍ਰੈਸ ਕਲੱਬ ਵਿਖੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ, ਜਿਸ ਦਾ ਮੁੱਢਲਾ ਫਰਜ਼ ਹੈ ਕਿ ਉਹ ਲੋਕਾਂ ਦੀਆਂ ਲੋਕਤੰਤਰੀ ਰੀਝਾਂ ਦੇ ਸ਼ਾਂਤਮਈ ਢੰਗ ਨਾਲ ਪ੍ਰਗਟਾਅ ਵਿਚ ਕਿਸੇ ਨੂੰ ਅੜਿੱਕਾ ਨਾ ਪਾਉਣ ਦੇਵੇ ਅਤੇ ਸੂਬੇ ਅੰਦਰ ਲੋਕਤੰਤਰੀ ਗਤੀਵਿਧੀਆਂ ਦੀ ਰਾਖੀ ਯਕੀਨੀ ਬਣਾਏ।
 ਅੱਜ ਸਰਕਾਰ ਨੇ ਲਗਭਗ ਸਵੀਕਾਰ ਕਰ ਲਿਆ ਹੈ ਕਿ ਪੰਜਾਬ ਵਿਚ ਸੰਵਿਧਾਨਿਕ ਢਾਂਚਾ ਇੰਨਾ ਜ਼ਿਆਦਾ ਤਹਿਸ ਨਹਿਸ ਹੋ ਚੁੱਕਿਆ ਹੈ ਕਿ ਇਹ ਇੱਕ ਮੁੱਖ ਧਾਰਾ ਵਾਲੀ ਸਿਆਸੀ ਪਾਰਟੀ ਨੂੰ ਸ਼ਾਂਤਮਈ ਲੋਕਤੰਤਰੀ ਰੈਲੀ ਕਰਨ ਦੀ ਆਗਿਆ ਨਹੀਂ ਦੇ ਸਕਦੀ।ਉਨ੍ਹਾਂ ਕਿਹਾ ਕਿ ਸਰਕਾਰ ਦਾ ਫੈਸਲਾ ਐਮਰਜੈਂਸੀ ਦੇ ਦਿਨਾਂ ਵਾਲੇ ਦਮਨ ਅਤੇ ਤਾਨਾਸ਼ਾਹੀ ਦੀ ਯਾਦ ਦਿਵਾਉਂਦਾ ਹੈ।ਬਾਦਲ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਰਾਸ਼ਟਰੀ ਵਿਰੋਧੀ ਤੱਤ ਜੋ ਕਿ ਸੂਬੇ ਦੇ ਅਮਨ ਅਤੇ ਫਿਰਕੂ ਸਦਭਾਵਨਾ ਦੇ ਦੁਸ਼ਮਣ ਹਨ, ਉਹ ਸੂਬੇ ਅੰਦਰ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ `ਤੇ ਤੁਲੇ ਹੋਏ ਹਨ। ਇਹ ਤੱਤ ਕੈਪਟਨ ਅਮਰਿੰਦਰ ਸਿੰਘ ਲਈ ਏਜੰਡਾ ਤੈਅ ਕਰ ਰਹੇ ਹਨ ਅਤੇ ਉਹ ਉਨ੍ਹਾਂ ਦੇ ਨਾਦਰਸ਼ਾਹੀ ਹੁਕਮਾਂ ਅੱਗੇ ਸਿਰ ਝੁਕਾ ਰਿਹਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਅਤੇ ਇਨ੍ਹਾਂ ਗਰਮਖ਼ਿਆਲੀ ਤੱਤਾਂ ਦਾ ਨਾਪਾਕ ਗਠਜੋੜ ਪੰਜਾਬ ਨੂੰ ਦੁਬਾਰਾ ਬਲਦੀ ਅੱਗ ਵਿਚ ਸੁੱਟ ਰਿਹਾ ਹੈ।
ਵੱਡੇ ਬਾਦਲ ਅਤੇ ਛੋਟੇ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਅਕਾਲੀ ਦਲ ਅਤੇ ਇਸ ਦੇ ਆਗੂਆਂ ਨੂੰ ਬਦਨਾਮ ਕਰਨ ਲਈ ਪੱਖਪਾਤੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਇੱਕ ਝੂਠੀ ਅਤੇ ਮਨਘੜਤ ਰਿਪੋਰਟ ਦਾ ਇਸਤੇਮਾਲ ਕੀਤਾ ਸੀ।ਕਾਂਗਰਸੀ ਆਗੂਆਂ ਨੇ ਧਮਕੀ ਦਿੱਤੀ ਸੀ ਕਿ ਅਕਾਲੀ ਦਲ ਦੇ ਆਗੂਆਂ ਨੂੰ ਪਿੰਡਾਂ ਵਿਚ ਨਹੀਂ ਵੜਣ ਦਿੱਤਾ ਜਾਵੇਗਾ।ਪਰੰਤੂ ਅਕਾਲੀ-ਭਾਜਪਾ ਦੇ ਧਰਨਿਆਂ ਅਤੇ ਅਬੋਹਰ ਰੈਲੀ ਨੂੰ ਲੋਕਾਂ ਵਲੋਂ ਦਿੱਤੇ ਵੱਡੇ ਹੁੰਗਾਰੇ ਨੇ ਕਾਂਗਰਸ ਦੇ ਪੈਰਾਂ  ਹੇਠੋਂ ਜ਼ਮੀਨ ਕੱਢ ਦਿੱਤੀ ਹੈ। ਸ਼ਾਂਤੀ ਦੇ ਇਨ੍ਹਾਂ ਦੁਸ਼ਮਣਾਂ, ਜਿਹਨਾਂ ਨੂੰ ਕਾਂਗਰਸ ਸਤਿਕਾਰ ਨਾਲ ‘ਗਰਮਖ਼ਿਆਲੀ‘ ਸੱਦਦੀ ਹੈ, ਨੇ ਅਕਾਲੀ-ਭਾਜਪਾ ਲਹਿਰ ਨੂੰ ਰੋਕਣ ਵਾਸਤੇ ਕੈਪਟਨ ਸਰਕਾਰ ਨੂੰ ਫਰੀਦਕੋਟ ਵਾਲੀ ਸ਼ਾਂਤਮਈ ਰੈਲੀ ਰੱਦ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ।ਉਨਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਇਸ ਦੀ ਸਰਕਾਰ ਸ਼ੁਰੂ ਤੋਂ ਹੀ ਇਨ੍ਹਾਂ ਗਰਮਖ਼ਿਆਲੀਆਂ ਨਾਲ ਰਲੀ ਹੋਈ ਹੈ, ਜਿਹੜੇ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਕਾਰਵਾਈ ਨਾਲ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਹੋ ਜਾਵੇਗਾ ਕਿ ਕਿਸ ਤਰ੍ਹਾਂ ਕਾਂਗਰਸ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਂਝ ਦੇ ਵਿਰੋਧੀਆਂ ਦਾ ਸਮਰਥਨ ਕਰ ਰਹੀ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਖਾੜਕੂਵਾਦ ਦੇ ਦਿਨਾਂ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀ ਸਰਕਾਰ ਨੇ ਲੋਕਤੰਤਰੀ ਗਤੀਵਿਧੀਆਂ `ਤੇ ਪਾਬੰਦੀ ਲਾ ਦਿੱਤੀ ਹੈ ਅਤੇ ਸਰਕਾਰ ਵਿਰੁੱਧ ਸ਼ਾਂਤਮਈ ਲੋਕਤੰਤਰੀ ਪ੍ਰਦਰਸ਼ਨਾਂ ਦੀ ਆਵਾਜ਼ ਨੂੰ ਘੁੱਟਿਆ ਹੈ।ਉਨ੍ਹਾਂ ਕਿਹਾ ਕਿ ਇਹ ਸਰਕਾਰ ਸਾਸ਼ਨ ਕਰਨ ਤੋਂ ਹੱਥ ਖੜ੍ਹੇ ਕਰ ਚੁੱਕੀ ਹੈ ਅਤੇ ਇਸ ਨੇ ਲਗਭਗ ਐਲਾਨ ਕਰ ਦਿੱਤਾ ਹੈ ਕਿ ਸੂਬੇ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਕਾਇਮ ਰੱਖਣ ਦੇ ਕਾਬਿਲ ਨਹੀਂ ਹੈ।।
     ਇਕ ਸਵਾਲ ਦੇ ਜਵਾਬ ਵਿੱਚ ਸਰਕਾਰ ਤੋਂ ਨਾ ਕਦੇ ਸੁਰੱਖਿਆ ਮੰਗੀ ਹੈ, ਨਾ ਹੀ ਮੰਗਾਂਗੇ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪੰਜਾਬ ਸਰਕਾਰ ਤੋਂ ਸੁਰੱਖਿਆ ਦੀ ਮੰਗ ਨਹੀਂ ਕੀਤੀ ਅਤੇ ਨਾ ਹੀ ਕਦੇ ਮੰਗਣਗੇ।ਸੁਖਬੀਰ ਬਾਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਘਟੀਆ ਵਤੀਰੇ ਦੀ ਨੁਮਾਇਸ਼ ਕਰਦਾ ਹੋਇਆ ਅਜਿਹਾ ਪ੍ਰਚਾਰ ਕਰ ਰਿਹਾ ਹੈ ਕਿ ਉਸ ਨੇ ਬਾਦਲਾਂ ਨੰੂ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਬਾਦਲ ਨੇ ਦੱਸਿਆ ਕਿ ਵੱਡੇ ਬਾਦਲ ਸਾਹਿਬ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੀ ਸਰਕਾਰੀ ਮਕਾਨ ਦੀ ਪੇਸ਼ਕਸ਼ ਨੰੂ ਵੀ ਸਵੀਕਾਰ ਨਹੀ  ਸੀ ਕੀਤਾ। ਇਸ ਸਰਕਾਰ ਤੋਂ ਕਿਸੇ ਤਰ੍ਹਾਂ ਦੀਆਂ ਰਿਆਇਤਾਂ ਦੀ ਲੋੜ ਨਹੀਂ ਹੈ, ਨਾ ਹੀ ਉਨਾਂ ਕਦੇ ਮੰਗੀਆਂ ਹਨ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply