ਸਿੱਖਿਆ ਮੰਤਰੀ ਵਲੋਂ ਕਨੂੰਨੀ ਕਾਰਵਾਈ ਦੀ ਵੀ ਸਖਤ ਚੇਤਾਵਨੀ
ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਸਿੱਖਿਆ ਅਤੇ ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ ਹਾਲ ਹੀ ਵਿਚ ਪੱਕੇ ਕੀਤੇ ਅਧਿਆਪਕਾਂ ਦੀਆਂ
ਤਨਖਾਹਾਂ ਵਿਚ ਹੋਈ ਕਮੀ ਦਾ ਰੌਲਾ ਪਾ ਕੇ ਪਟਿਆਲਾ ਵਿਖੇ ਧਰਨੇ ’ਤੇ ਬੈਠੇ ਸਾਂਝਾ ਮੋਰਚਾ ਯੂਨੀਅਨ ਦੇ ਨੇਤਾਵਾਂ ਨੂੰ ਚੇਤਾਵਨੀ ਦਿੰਦੇ ਕਿਹਾ ਹੈ ਕਿ ਉਹ ਸਕੂਲ ਸਮੇਂ ’ਤੇ ਧਰਨਾ ਦੇ ਕੇ ਬੱਚਿਆਂ ਦੀ ਪੜਾਈ ਖਰਾਬ ਨਾ ਕਰਨ।ਉਨਾਂ ਕਿਹਾ ਕਿ ਯੂਨੀਅਨ ਨੇਤਾ ਤਰੁੰਤ ਆਪਣੇ ਸਕੂਲਾਂ ਵਿਚ ਪਰਤ ਜਾਣ, ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ।ਉਨਾਂ ਕਿਹਾ ਕਿ ਉਹ ਅਧਿਆਪਕ ਜੋ ਪਹਿਲਾਂ ਕੇਂਦਰ ਸਰਕਾਰ ਦੇ ਫੰਡਾਂ ਸਹਾਰੇ ਚੱਲਦੀਆਂ ਸੁਸਾਇਟੀਆਂ ਦੇ ਮੁਲਾਜ਼ਮ ਸਨ ਅਤੇ ਇੰਨਾਂ ਦੇ ਭਵਿੱਖ ’ਤੇ ਹਰ ਵੇਲੇ ਤਲਵਾਰ ਲਟਕਦੀ ਸੀ, ਨੂੰ ਪੱਕੇ ਕਰਨ ਦਾ ਫੈਸਲਾ ਇੰਨਾਂ ਯੂਨੀਅਨ ਨੇਤਾਵਾਂ ਨਾਲ ਤਿੰਨ ਮੀਟਿੰਗਾਂ ਕਰਨ ਉਪਰੰਤ ਹੀ ਲਿਆ ਗਿਆ ਹੈ, ਜੋ ਕਿ ਅੱਜ ਆਪਣੇ ਨਿੱਜੀ ਸਵਾਰਥਾਂ ਕਰਕੇ ਅਧਿਆਪਕ ਵਰਗ ਨੂੰ ਗੁੰਮਰਾਹ ਕਰ ਰਹੇ ਹਨ।ਉਨਾਂ ਕਿਹਾ ਕਿ ਅਜਿਹੇ ਅਧਿਆਪਕ ਆਗੂ ਬੱਚਿਆਂ ਦੀ ਪੜਾਈ ਆਪਣੀ ਚੌਧਰ ਲਈ ਖਰਾਬ ਨਾ ਕਰਨ, ਜੇਕਰ ਜ਼ਿਆਦਾ ਲੀਡਰੀ ਦਾ ਸ਼ੌਕ ਹੈ ਤਾਂ ਨੌਕਰੀ ਛੱਡ ਕੇ ਸਿਆਸਤ ਵਿਚ ਆ ਜਾਣ।ਉਨਾਂ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਨੇਤਾਵਾਂ ਦੇ ਪਿੱਛੇ ਲੱਗ ਕੇ ਆਪਣਾ ਅਤੇ ਵਿਦਿਆਰਥੀਆਂ ਦਾ ਭਵਿੱਖ ਖਰਾਬ ਨਾ ਕਰਨ।
ਅੱਜ ਸਥਾਨਕ ਮਾਲ ਰੋਡ ਸਕੂਲ ਵਿਚ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਇਨਾਮ ਵੰਡ ਸਮਾਗਮ ਵਿਚ ਸੰਬੋਧਨ ਕਰਦੇ ਸੋਨੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੀਤੀ ਗਈ ਅਧਿਆਪਕਾਂ ਦੀ ਭਰਤੀ ਵਿਚ ਇਨਾਂ ਸੁਸਾਇਟੀਆਂ ਦੇ 800 ਅਧਿਆਪਕ ਟੈਸਟ ਦੇ ਕੇ ਪੱਕੇ ਹੋਏ ਹਨ ਅਤੇ ਉਨਾਂ ਨੂੰ ਵੀ ਮੁੱਢਲੀ ਤਨਖਾਹ ਦਿੱਤੀ ਜਾ ਰਹੀ ਹੈ, ਪਰੰਤੂ ਇੰਨਾਂ ਅਧਿਆਪਕਾਂ ਨੂੰ ਉਨਾਂ ਨਾਲੋਂ ਵੀ 5000 ਰੁਪਏ ਵੱਧ ਤਨਖਾਹ ਦੇਣ ਦਾ ਇਤਹਾਸਕ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ, ਜਿਸ ਦਾ ਇੰਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਹੈ, ਪ੍ਰੰਤੂ ਕੁੱਝ ਨੇਤਾ, ਆਪਣੇ ਨਿੱਜੀ ਮੁਫਾਦ ਲਈ ਇੰਨਾਂ ਅਧਿਆਪਕਾਂ ਨੂੰ ਗੁੰਮਰਾਹ ਕਰ ਰਹੇ ਹਨ।ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਅਧਿਆਪਕ ਬਤੌਰ ਸੁਸਾਇਟੀ ਮੁਲਾਜ਼ਮ ਬੀਤੇ ਲੰਮੇ ਅਰਸੇ ਤੋਂ ਇਕ ਤਰਾਂ ਹਵਾ ਵਿਚ ਹੀ ਸਨ, ਨੂੰ ਪੱਕੇ ਕਰਨ ਦਾ ਫੈਸਲਾ ਪੰਜਾਬ ਸਰਕਾਰ ਨੇ ਇਨਾਂ ਦੇ ਵਧੀਆ ਭਵਿੱਖ ਨੂੰ ਮੁੱਖ ਰੱਖ ਕੇ ਲਿਆ ਹੈ, ਜਿਸ ਦਾ ਇੰਨਾਂ ਨੂੰ ਸਵਾਗਤ ਕਰਨਾ ਚਾਹੀਦਾ ਹੈ।
ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਪ੍ਰੋਵਾਈਡਰਾਂ ਨੂੰ ਪੱਕਾ ਕਰਨ ਲਈ ਵੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਨਿਕਟ ਭਵਿੱਖ ਵਿਚ ਸਰਬ ਸਿੱਖਿਆ ਅਭਿਆਨ ਤਹਿਤ ਸਕੂਲਾਂ ਵਿਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਐਸ.ਟੀ.ਆਰ, ਏ.ਆਈ.ਈ, ਈ.ਜੀ.ਐਸ, ਆਈ.ਈ.ਵੀ ਅਧਿਆਪਕਾਂ ਨੂੰ ਵੀ ਪੱਕਾ ਕਰ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਸਕੂਲਾਂ ਵਿਚ ਇਮਤਾਹਨਾਂ ਦੇ ਦਿਨ ਨੇੜੇ ਆ ਰਹੇ ਹਨ ਅਤੇ ਅਧਿਆਪਕ ਧਰਨੇ, ਮੁਜ਼ਾਹਰੇ ਛੱਡ ਕੇ ਬੱਚਿਆਂ ਦੀ ਪੜਾਈ ਵੱਲ ਧਿਆਨ ਦੇਣ, ਜੋ ਕਿ ਉਨਾਂ ਦਾ ਜ਼ਰੂਰੀ ਫਰਜ਼ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media