ਪ੍ਰਾਜੈਕਟ ਨਾਲ ਸੂਬੇ ਵਿਚ ਸਿੱਧੇ ਰੁਜ਼ਗਾਰ ਦੇ ਪੈਦਾ ਹੋਣਗੇ 1000 ਮੌਕੇ
ਚੰਡੀਗੜ੍ਹ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਪੰਜਾਬ ਸਰਕਾਰ ਨੇ ਅੱਜ ਪਿੰਡ
ਧਨਾਨਸੂ ਵਿਖੇ ਬਣਨ ਵਾਲੀ ਹਾਈਟੈਕ ਸਾਈਕਲ ਵੈਲੀ ਵਿੱਚ ਆਲਾ ਦਰਜੇ ਦਾ ਉਦਯੋਗਿਕ ਪਾਰਕ ਸਥਾਪਤ ਕਰਨ ਲਈ ਹੀਰੋ ਸਾਈਕਲਜ਼ ਲਿਮਟਿਡ ਨੂੰ 100 ਏਕੜ ਜਮੀਨ ਅਲਾਟ ਕਰਨ ਦਾ ਸਮਝੌਤਾ ਕੀਤਾ ਗਿਆ।ਜਿਸ ਨਾਲ ਲੁਧਿਆਣਾ ਦੇ ਹਾਈਟੈਕ ਸਾਈਕਲ, ਈ-ਬਾਈਕ, ਈ-ਵਹੀਕਲ ਅਤੇ ਲਾਈਟ ਇੰਜੀਨੀਅਰਿੰਗ ਇੰਡਸਟਰੀ ਨੂੰ ਵੱਡਾ ਹੁਲਾਰਾ ਮਿਲੇਗਾ।
ਅੱਜ ਇਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਮੌਜੂਦਗੀ ਵਿਚ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ) ਦੇ ਐਮ.ਡੀ ਰਾਹੁਲ ਭੰਡਾਰੀ ਅਤੇ ਹੀਰੋ ਸਾਈਕਲਜ਼ ਲਿਮਟਿਡ ਦੇ ਚੇਅਰਮੈਨ ਪੰਕਜ ਮੁਝਾਲ ਨੇ ਇਸ ਸਬੰਧੀ ਇਕ ਸਮਝੌਤੇ `ਤੇ ਹਸਤਾਖਰ ਕੀਤੇ।ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ।ਉਦਯੋਗ, ਸੀ.ਆਈ.ਆਈ, ਪੀ.ਐਚ.ਡੀ ਚੈਂਬਰ ਆਫ ਕਾਮਰਸ ਅਤੇ ਨਿਵੇਸ਼ਕਾਂ ਦੀਆਂ ਹੋਰ ਨੁਮਾਇੰਦਾ ਐਸੋਸੀਏਸ਼ਨਾਂ ਦੀ ਇਹ ਮੰਗ ਸੀ ਕਿ ਲੁਧਿਆਣੇ ਨੇੜੇ ਆਧੁਨਿਕ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਵਾਲਾ ਇਕ ਨਵਾਂ ਉਦਯੋਗਿਕ ਪਾਰਕ ਸਥਾਪਿਤ ਕੀਤਾ ਜਾਵੇ।ਇਸ ਸੰਦਰਭ ਵਿਚ ਹੀ ਪੰਜਾਬ ਸਰਕਾਰ ਨੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਬਿਲਕੁੱਲ ਨਜ਼ਦੀਕ ਪਿੰਡ ਧਨਾਨਸੂ ਵਿਖੇ 380 ਏਕੜ ਰਕਬੇ ਵਿਚ ਪੀ.ਐਸ.ਆਈ.ਈ.ਸੀ ਰਾਹੀਂ ਹਾਈਟੈਕ ਸਾਈਕਲ ਵੈਲੀ ਸਥਾਪਿਤ ਕਰਨ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ।
ਮੰਤਰੀ ਨੇ ਆਖਿਆ ਕਿ ਇਹ ਪ੍ਰਾਜੈਕਟ ਹੀਰੋ ਸਾਈਕਲ ਲਿਮਟਡ ਅਤੇ ਇਸ ਦੇ ਨਾਲ ਜੁੜੇ ਪਲਾਇਰਾਂ/ ਸਹਾਇਕ ਉਦਯੋਗਿਕ ਯੂਨਿਟਾਂ ਰਾਹੀਂ 400 ਕਰੋੜ ਰੁਪਏ ਦਾ ਨਿਵੇਸ਼ ਲਿਆਵੇਗਾ ਅਤੇ ਸਿੱਧੇ ਰੁਜ਼ਗਾਰ ਦੇ 1000 ਮੌਕੇ ਪੈਦਾ ਹੋਣਗੇ।ਉਨਾਂ ਕਿਹਾ ਕਿ ਇਸ ਉਦਯੋਗਿਕ ਪਾਰਕ ਦੀ ਸਮਰਥਾ ਸਾਲਾਨਾ 4 ਮਿਲੀਅਨ ਸਾਈਕਲ ਤਿਆਰ ਕਰਨ ਦੀ ਹੋਵੇਗੀ ਅਤੇ ਇਹ ਪ੍ਰਾਜੈਕਟ 36 ਮਹੀਨਿਆਂ ਵਿੱਚ ਅਮਲ `ਚ ਆਵੇਗਾ।
ਉਦਯੋਗ ਤੇ ਵਪਾਰ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਹੀਰੋ ਸਾਈਕਲਜ਼ ਲਿਮਟਡ ਦੀ ਚੋਣ ਉਦੇਸ਼, ਮੁਕਾਬਲਾ ਅਤੇ ਤਕਨੀਕੀ ਬੋਲੀ ਪ੍ਰਕਿਰਿਆ ਰਾਹੀਂ `ਪ੍ਰਾਜਕੈਟ ਕੰਪਨੀ` ਵਜੋਂ ਕੀਤੀ ਗਈ ਹੈ ਜਿਸ ਤਹਿਤ ਸਾਈਕਲ, ਈ-ਬਾਈਕ ਵਰਗੇ ਵਹੀਕਲਾਂ ਨੂੰ ਬਣਾਉਣ ਲਈ ਐਂਕਰ ਯੂਨਿਟ ਸਥਾਪਤ ਕਰਨ ਦੇ ਨਾਲ-ਨਾਲ ਹਾਈਟਕ ਵੈਲੀ ਵਿੱਚ ਸਹਾਇਕ ਸਨਅਤੀ ਯੂਨਿਟਾਂ ਸਮੇਤ ਉਦਯੋਗਿਕ ਪਾਰਕ ਨੂੰ ਵਿਕਸਤ ਕੀਤਾ ਜਾਵੇਗਾ। ਅਲਾਟ ਕੀਤੀ ਜ਼ਮੀਨ ਵਿਚ ਸਮੁੱਚੇ ਉਦਯੋਗਿਕ ਪਾਰਕ ਦਾ ਵਿਕਾਸ ਕਰਨ ਦੀ ਜ਼ਿੰਮੇਵਾਰੀ ਹੀਰੋ ਸਾਈਕਲਜ਼ ਲਿਮਟਡ ਦੀ ਹੋਵੇਗੀ।ਇਸ ਪ੍ਰਸਤਾਵਿਤ ਪ੍ਰਾਜੈਕਟ ਤਹਿਤ ਹੀਰੋ ਸਾਈਕਲਜ਼ ਲਿਮਟਡ ਵਲੋਂ 50 ਏਕੜ ਰਕਬੇ ਨੂੰ ਆਪਣੇ ਐਂਕਰ ਯੂਨਿਟ ਵਜੋਂ ਵਿਕਸਤ ਕੀਤਾ ਜਾਵੇਗਾ ਜਦਕਿ ਬਾਕੀ 50 ਏਕੜ ਰਕਬੇ ਲਈ ਕੌਮੀ ਅਤੇ ਕੌਮਾਂਤਰੀ ਮੈਨੂਫੈਕਚਰਿੰਗ ਕੰਪਨੀਆਂ ਨੂੰ ਸਹਾਇਕ ਯੂਨਿਟ ਲਾਉਣ ਦਾ ਸੱਦਾ ਦਿੱਤਾ ਜਾਵੇਗਾ।
ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਹੀਰੋ ਸਾਈਕਲਜ਼ ਲਿਮਟਡ ਦੇ ਚੇਅਰਮੈਨ ਪੰਕਜ ਮੁੰਜਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਪ੍ਰਵਾਨਗੀ ਦੇਣ ਲਈ ਉਹ ਨਿੱਜੀ ਤੌਰ `ਤੇ ਸੂਬਾ ਸਰਕਾਰ ਦੇ ਰਿਣੀ ਹਨ।ਉਨਾਂ ਨੇ ਉਮੀਦ ਜ਼ਾਹਰ ਕੀਤੀ ਕਿ ਲੁਧਿਆਣਾ ਵਿਖੇ ਹਾਈਟੈਕ ਸਾਈਕਲ ਵੈਲੀ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਨਮੂਨੇ ਤੌਰ `ਤੇ ਉਭਰੇਗੀ ਜੋ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਵੇਗੀ।
ਮੁੰਜਾਲ ਨੇ ਦੱਸਿਆ ਕਿ ਇਕੱਲਾ ਹੀਰੋ ਗਰੁੱਪ ਸਾਲਾਨਾ 10 ਮਿਲੀਅਨ ਸਾਈਕਲ ਬਣਾੳਂੁਦਾ ਹੈ ਜੋ ਵਿਸ਼ਵ ਵਿੱਚ ਬਣਦੇ ਕੁੱਲ ਸਾਈਕਲਾਂ ਦਾ 7.5 ਫੀਸਦੀ ਹੈ। ਉਨਾਂ ਦੱਸਿਆ ਕਿ ਧਨਾਨਸੂ ਵਿਖੇ ਬਣਨ ਜਾ ਰਹੀ ਹਾਈਟੈਕ ਸਾਈਕਲ ਵੈਲੀ ਭਾਰਤ ਅਤੇ ਯੂਰਪ ਵਿੱਚ ਸਾਈਕਲ ਦੇ ਉਤਪਾਦਨ ਦੀ 50 ਫੀਸਦੀ ਮੰਗ ਪੂਰੀ ਕਰੇਗੀ।ਉਨਾਂ ਕਿਹਾ ਕਿ ਉਤਪਾਦਨ ਦਾ ਸਮੁੱਚਾ ਕੰਮ ਜਰਮਨੀ ਵਿੱਚ ਸਿਖਲਾਈਯਾਫਤਾ ਵਰਕਰਾਂ ਦੀ ਟੀਮ ਵਲੋਂ ਕੀਤਾ ਜਾਵੇਗਾ।
ਹੀਰੋ ਸਾਈਕਲਜ਼ ਲਿਮਟਡ ਨੇ ਉਦਯੋਗਿਕ ਪਾਰਕ ਵਿੱਚ ਸਹਾਇਕ ਸਨਅਤੀ ਯੂਨਿਟਾਂ ਦੀ ਸਥਾਪਨਾ ਲਈ ਅਤੀ ਆਧੁਨਿਕ ਤਕਨਾਲੋਜੀ ਵਾਲੇ ਆਲਮੀ ਪੱਧਰ `ਤੇ ਪ੍ਰਸਿੱਧ ਮੈਨੂਫੈਕਚਰਿੰਗ ਕੰਪਨੀਆਂ ਨੂੰ ਸੱਦਾ ਦਿੱਤਾ ਹੈ। ਹੀਰੋ ਸਾਈਕਲਜ਼ ਲਿਮਟਡ ਨੂੰ ਇਹ ਜ਼ਮੀਨ ਨਾ ਸਿਰਫ ਉਦਯੋਗਿਕ ਮੰਤਵ ਲਈ ਵਰਤੋਂ ਕਰਨ ਵਾਸਤੇ ਦਿੱਤੀ ਗਈ ਹੈ ਸਗੋਂ ਵੇਅਰਹਾਊਸਿੰਗ, ਲੌਜਿਸਟਿਕਜ਼, ਖੋਜ ਤੇ ਵਿਕਾਸ ਕੇਂਦਰ ਅਤੇ ਹੁਨਰ ਵਿਕਾਸ ਕੇਂਦਰਾਂ ਵਰਗਾ ਢਾਂਚਾ ਕਾਇਮ ਕਰਨ ਲਈ ਵੀ ਮੁਹੱਈਆ ਕਰਵਾਈ ਗਈ ਹੈ।
ਹਾਈਟੈਕ ਸਾਈਕਲ ਵੈਲੀ ਨੂੰ ਸੂਬਾ ਸਰਕਾਰ ਸਿੱਧਾ ਰਸਤਾ ਮੁਹੱਈਆ ਕਰਵਾਏਗੀ ਜਿਸ ਲਈ ਲੁਧਿਆਣਾ-ਚੰਡੀਗੜ ਹਾਈਵੇ ਤੋਂ 100 ਫੁੱਟ ਦੀ ਸੜਕ ਬਣਾਈ ਜਾਵੇਗੀ। ਮੌਜੂਦਾ ਰਸਤਾ ਜੋ ਵਾਇਆ ਬੁੱਢੇਵਾਲ ਖੰਡ ਮਿੱਲ ਰਾਹੀਂ ਸਾਈਕਲ ਵੈਲ ਤੱਕ ਜਾਂਦਾ ਹੈ, ਨੂੰ ਸੂਬਾ ਸਰਕਾਰ ਵੱਲੋਂ ਚੌੜਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਪੀ.ਐਸ.ਆਈ.ਈ.ਸੀ. ਨੇ ਸਾਈਕਲ ਵੈਲੀ ਵਿੱਚ ਯੋਜਨਾਬੰਦੀ ਅਤੇ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਦੇ ਡਿਜ਼ਾਈਨ ਲਈ ਆਈ.ਐਲ.ਐਂਡ ਐਫ.ਐਸ ਨੂੰ ਕੰਸਲਟੈਂਟ ਵਜੋਂ ਚੁਣਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੁਖੀ ਅਤੇ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਸੁਨੀਲ ਜਾਖੜ, ਮੁੱਖ ਮੰਤਰੀ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਮੁੱਖ ਸਕੱਤਰ ਤੇਜਵੀਰ ਸਿੰਘ, ਐਮ.ਡੀ ਪੀ.ਐਸ.ਆਈ.ਈ.ਸੀ ਰਾਹੁਲ ਭੰਡਾਰੀ ਤੇ ਏ.ਐਮ.ਡੀ ਵਿਨੀਤ ਕੁਮਾਰ, ਹੀਰੋ ਸਾਈਕਲਜ਼ ਦੇ ਡਾਇਰੈਕਟਰ ਐਸ.ਕੇ ਰਾਏ ਅਤੇ ਰਿਜਨਲ ਹੈਡ ਹੀਰੋ ਯੂਰਪ ਐਂਡਰਿਊਜ਼ ਕਲੇਨ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media