ਬਠਿੰਡਾ, 9 ਫਰਵਰੀ (ਪੰਜਾਬ ਪੋਸਟ -ਅਵਤਾਰ ਸਿੰਘ ਕੈਂਥ) – ਪੰਚਾਇਤਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਨਵੇਂ ਚੁਣੇ ਗਏ ਪੰਚਾਂ-ਸਰਪੰਚਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਇਸ ਢੰਗ ਨਾਲ ਬਣਾਇਆ ਗਿਆ ਹੈ ਕਿ ਪੰਚਾਂ-ਸਰਪੰਚਾਂ ਨੂੰ ਪੰਚਾਇਤ ਦਾ ਰਿਕਾਰਡ ਰੱਖਣ, ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਪਿੰਡਾਂ ਦਾ ਵਿਉਂਤਬੱਧ ਢੰਗ ਨਾਲ ਵਿਕਾਸ ਕਰਨ ਸਬੰਧੀ ਸਿਖਲਾਈ ਦਿੱਤੀ ਜਾ ਸਕੇ।ਉਨ੍ਹਾਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ ਹੈ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਪੰਚਾਂ ਅਤੇ ਸਰਪੰਚਾਂ ਦੀ 100 ਫ਼ੀਸਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਨਾਲ ਹੀ ਹਦਾਇਤਾਂ ਜਾਰੀ ਕੀਤੀਆਂ ਕਿ ਚੁਣੀਆਂ ਗਈਆਂ ਔਰਤਾਂ ਖ਼ੁਦ ਇਸ ਸਿਖਲਾਈ ਪ੍ਰੋਗਰਾਮ ਵਿਚ ਹਿੱਸਾ ਲੈਣ।
ਪੰਚਾਇਤ ਮੰਤਰੀ ਨੇ ਟਰੇਨਿੰਗ ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਬਲਾਕ ਵਿੱਚ ਦੋ ਦਿਨਾਂ ਟ੍ਰੇਨਿੰਗ ਕੈਂਪ ਲਾਇਆ ਜਾਵੇਗਾ।ਜਿਸ ਵਿਚ ਬਲਾਕ ਦੇ ਸਾਰੇ ਪੰਚ-ਸਰਪੰਚ ਹਿੱਸਾ ਲੇਣਗੇ।ਉਨਾਂ ਦੱਸਿਆ ਕਿ ਮੋਗਾ, ਫਿਰੋਜਪੁਰ ਅਤੇ ਰੋਪੜ ਜ਼ਿਲਿਆਂ ਦੀ ਟਰੇਨਿੰਗ 11 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਬਾਕੀ 19 ਜ਼ਿਲਿਆਂ ਦੀ ਟਰੇਨਿੰਗ 15 ਫਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ।
ਸਿਖਲਾਈ ਪ੍ਰੋਗਰਾਮ ਦੌਰਾਨ ਦਿੱਤੀ ਜਾਣ ਵਾਲੀ ਟ੍ਰੇਨਿੰਗ ਦਾ ਵਿਸਥਾਰ ਦਿੰਦਿਆਂ ਪੰਚਾਇਤ ਮੰਤਰੀ ਨੇ ਦੱਸਿਆ ਕਿ ਪੰਚਾਂ-ਸਰਪੰਚਾਂ ਨੂੰ ਸਿਖਲਾਈ ਦੇਣ ਵਾਲੇ ਵਿਅਕਤੀਆਂ ਨੂੰ ਪਹਿਲਾਂ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦੌਰਾਨ ਪੰਚਾਇਤਾਂ ਨੂੰ ਉਨਾਂ ਦੀਆਂ ਸ਼ਕਤੀਆਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਪੰਚਾਇਤੀ ਰਾਜ ਐਕਟ, ਵਿਲੇਜ ਕਾਮਨ ਲੈਂਡ ਐਕਟ, ਸ਼ਾਮਲਾਤ ਜ਼ਮੀਨਾਂ ਦੀ ਸਾਂਭ-ਸੰਭਾਲ ਗ੍ਰਾਮ ਸਭਾ ਦੀ ਬਣਤਰ, ਕੋਰਮ, ਮਤਾ, ਮੀਟਿੰਗਾਂ, ਐਸਟੀਮੇਟ, ਮੈਟੀਰੀਅਲ ਦੀ ਖ਼ਰੀਦ, ਫ਼ੰਡਾਂ ਦੀ ਵਰਤੋਂ, ਵਿੱਤੀ ਲੇਖੇ ਦਾ ਰੱਖ-ਰਖਾਅ, ਰਿਕਾਰਡ ਅਤੇ ਰਜਿਸਟਰਾਂ ਦੀ ਸਾਂਭ-ਸੰਭਾਲ, ਪੰਚਾਇਤ ਸਕੱਤਰ ਦਾ ਰੋਲ, ਸੂਚਨਾ ਅਧਿਕਾਰ ਐਕਟ-2005 ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਇਸ ਸਿਖਲਾਈ ਪ੍ਰੋਗਰਾਮ ਦੌਰਾਨ ਸਰਕਾਰੀ ਸਕੀਮਾਂ ਦਾ ਵਿਕਾਸ ਕਾਰਜਾਂ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਇਨ੍ਹਾਂ ਸਕੀਮਾਂ ਤੋਂ ਲਾਭ ਲੈਣ ਦੀ ਪ੍ਰਕਿਰਿਆ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।
ਇਸੇ ਦੌਰਾਨ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਜੱਸਲ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ 9 ਬਲਾਕਾਂ ਬਠਿੰਡਾ, ਰਾਮਪੁਰਾ, ਫੂਲ, ਨਥਾਣਾ, ਸੰਗਤ ਮੰਡੀ, ਮੌੜ, ਗੋਨਿਆਣਾ, ਭਗਤਾ ਅਤੇ ਤਲਵੰਡੀ ਸਾਬੋ ਦੀਆਂ 314 ਪੰਚਾਇਤਾਂ ਦੇ ਪੰਚਾਂ-ਸਰਪੰਚਾਂ ਦਾ ਦੋ ਦਿਨਾ ਸਿਖਲਾਈ ਪ੍ਰੋਗਰਾਮ 18 ਫ਼ਰਵਰੀ ਤੋਂ ਸ਼ੁਰੂ ਹੋ ਰਿਹਾ ਹੈ, ਜੋ ਕਿ 11 ਮਾਰਚ ਤੱਕ ਚੱਲੇਗਾ।ਉਨ੍ਹਾਂ ਸਮੂਹ ਪੰਚਾਂ-ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਵਾਸਤੇ ਲੋੜੀਂਦੀ ਜਾਣਕਾਰੀ ਲੈਣ ਲਈ ਇਸ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲੈਣ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media