ਸਿਨਮੇ ਦੀ ਮੌਜੂਦਾ ਭੀੜ ਵਿੱਚ ਬਹੁਤ ਘੱਟ ਅਜਿਹੇ ਫ਼ਿਲਮਸਾਜ਼ ਹਨ, ਜੋ ਦਰਸ਼ਕਾਂ ਦੀ ਨਬਜ਼ ਟੋਹਣ ਦਾ ਗੁਣ ਜਾਣਦੇ ਹਨ।ਪਿਛਲੇ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਮਰਦ ਪ੍ਰਧਾਨ ਪੰਜਾਬੀ ਸਿਨਮੇ ਵਿਚ ਰੁਪਾਲੀ ਗੁਪਤਾ ਇੱਕ ਉਹ ਨਿਰਮਾਤਰੀ ਹੈ, ਜਿਸ ਵਲੋਂ ਨਿਰਮਾਣ ਕੀਤੀਆਂ ਫ਼ਿਲਮਾਂ ਦੀ ਰਿਕਾਰਡ ਤੋੜ ਸਫ਼ਲਤਾ ਨੇ ਚਿਰਾਂ ਤੋਂ ਸਰਗਰਮ ਫਿਲਮਸਾਜ਼ਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।ਕਿਸੇ ਵੀ ਫ਼ਿਲਮ ਦੇ ਫਲਾਪ ਹੋਣ `ਤੇ ਫ਼ਿਲਮ ਵਿਚਲੀਆਂ ਕਮੀਆਂ `ਤੇ ਧਿਆਨ ਦੇਣ ਦੀ ਬਜਾਏ ਅਕਸਰ ਹੀ ਨਿਰਮਾਤਾ ਨਿਰਦੇਸ਼ਕ ਦਰਸ਼ਕਾਂ ਦੀ ਪਸੰਦ-ਨਾ-ਪਸੰਦ ਕਹਿ ਕੇ ਪੱਲਾ ਝਾੜ ਦਿੰਦੇ ਹਨ ਪ੍ਰੰਤੂ ਇੱਕ ਸੁਪਰਹਿੱਟ ਫ਼ਿਲਮ ਬਣਾਉਣ ਲਈ, ਟਿਕਟ ਖਿੜਕੀ `ਤੇ ਦਰਸ਼ਕਾਂ ਦੀਆਂ ਲਾਇਨਾਂ ਲਾਉਣ ਲਈ ਜਿਹੜੀ `ਗਿੱਦੜ ਸਿੰਗੀ` ਨਿਰਮਾਤਰੀ ਰੁਪਾਲੀ ਗੁਪਤਾ ਦੇ ਹੱਥ ਲੱਗੀ ਹੈ, ਉਸ ਦਾ ਹਰ ਕੋਈ ਭੇਦ ਨਹੀਂ ਜਾਣਦਾ।ਪਿਛਲੇ ਸਾਲ ਦੀ ਸੁਪਰਹਿੱਟ ਹੋਈ ਫਰਾਈ ਡੇਅ ਮੋਸ਼ਨ ਪਿਕਚਰਜ਼ ਦੀ ਫ਼ਿਲਮ `ਮਿਸਟਰ ਐਂਡ ਮਿਸ਼ਜ 420 ਰਿਟਰਨਜ਼` ਦੀ ਕਾਮਯਾਬੀ ਨੇ ਜੋ ਇਤਿਹਾਸ ਸਿਰਜਿਆ, ਉਹ ਸਭ ਦੇ ਸਾਹਮਣੇ ਹੈ।
ਆਪਣੀਆ ਸੁਪਰ ਹਿੱਟ ਫ਼ਿਲਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਰੁਪਾਲੀ ਗੁਪਤਾ ਨਵੇਂ ਸਾਲ ਵਿੱਚ ਪੂਰੀ ਤਰਾਂ ਸਰਗਰਮ ਹੈ।ਜਿਥੇ ਉਹ ਕਈ ਫ਼ਿਲਮਾਂ ਦੀ ਸੂਟਿੰਗ ਵਿੱਚ ਰੁੱਝੀ ਹੋਈ ਹੈ, ਉਥੇ ਨਵੀਆਂ ਫ਼ਿਲਮਾਂ ਦੇ ਰਲੀਜ਼, ਪ੍ਰਮੋਸ਼ਨ ਅਤੇ ਹੋਰ ਕਾਰਜਾਂ ਲਈ ਭੱਜਦੋੜ ਕਰ ਰਹੀ ਹੈ।
ਭਾਖੜਾ ਵਾਲੇ ਨੰਗਲ ਸ਼ਹਿਰ ਦੀ ਜੰਮਪਲ ਰੁਪਾਲੀ ਗੁਪਤਾ ਨੇ ਦੱਸਿਆ ਕਿ ਕਲਾ ਨਾਲ ਉਸ ਦਾ ਰਿਸ਼ਤਾ ਸਕੂਲ ਕਾਲਜ ਦੇ ਦਿਨਾਂ ਵੇਲੇ ਦਾ ਰਿਹਾ ਹੈ।ਕੁੱਝ ਪਰਿਵਾਰਕ ਬੰਦਸਾਂ ਕਰਕੇ ਉਸਦਾ ਇਹ ਸ਼ੌਂਕ ਉੱਭਰ ਕੇ ਸਾਹਮਣਾ ਨਾ ਆ ਸਕਿਆ।ਫਿਰ ਵਿਆਹੁਤਾ ਜ਼ਿੰਦਗੀ ਵੱਲ ਕਦਮ ਵਧਾਉਦਿਆਂ ਹੀ ਉਸ ਦੀ ਕਲਾ ਰੂਪੀ ਗੱਡੀ ਮੁੜ ਲੀਂਹ `ਤੇ ਆ ਗਈ। ਉਸਦੇ ਜੀਵਨ ਸਾਥੀ ਦੀਪਕ ਗੁਪਤਾ ਨੇ ਜਦ ਰੁਪਾਲੀ ਦੀ ਕਲਾ ਨੂੰ ਨੇੜੇ ਹੋ ਕੇ ਸਮਝਿਆ ਤਾਂ ਉਸ ਨੇ ਦਿਲੋਂ ਸਹਿਯੋਗ ਦਿੱਤਾ।ਬਤੌਰ ਅਦਾਕਾਰਾ ਰੁਪਾਲੀ ਗੁਪਤਾ ਨੇ `ਮਿਸਟਰ ਐਂਡ ਮਿਸ਼ਜ 420 ਰਿਟਰਨ` ਵਿੱਚ ਗੁਰਪ੍ਰੀਤ ਘੁੱਗੀ ਦੇ ਅਪੋਜਿਟ ਕਮਾਲ ਦੀ ਅਦਾਕਾਰੀ ਕੀਤੀ।
ਪੰਜਾਬੀ ਸਿਨਮੇ `ਤੇ ਭਾਰੂ ਹੋ ਰਹੀ ਕਾਮੇਡੀ ਬਾਰੇ ਉਸਦਾ ਕਹਿਣਾ ਹੈ ਕਿ ਬਜ਼ਾਰ ਜਿਸ ਚੀਜ਼ ਦੀ ਵਧੇਰੇ ਮੰਗ ਹੋਵੇ, ਦੁਕਾਨਦਾਰ ਤਾਂ ਉਹੀ ਵੇਚੇਗਾ ਵਾਲੀ ਗੱਲ ਹੈ।ਸਾਡੀ ਟੀਮ ਨੇ ਦਰਸ਼ਕਾਂ ਦੀ ਨਬਜ਼ ਟੋਹ ਕੇ ਉਨ੍ਹਾਂ ਦੀ ਪਸੰਦ ਨੂੰ ਜਾਣਿਆ ਹੈ।ਅੱਜ ਜ਼ਿੰਦਗੀ ਦੇ ਰੁਝੇਵਿਆਂ `ਚ ਫਸਿਆ ਮਨੁੱਖ ਕੁੱਝ ਪਲ ਤਣਾਓੁ-ਮੁਕਤ ਹੋਣ ਲਈ ਸਿਨੇਮੇ ਘਰਾਂ `ਚ ਜਾਂਦਾ ਹੈ।ਅੱਜ ਦੇ ਦੌਰ ਵਿੱਚ ਸਿਨੇਮਾ ਹੀ ਮਨੋਰਜੰਨ ਦਾ ਇੱਕ ਚੰਗਾ ਸਾਧਨ ਹੈ।
ਦੂਜੀ ਗੱਲ ਇਹ ਕਿ ਸਾਡੀਆਂ ਫ਼ਿਲਮਾਂ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਮੁੱਦਾ ਅਧਾਰਤ ਹੁੰਦੀ ਹੈ।ਜਿਸ ਤਰ੍ਹਾਂ 420 ਰਿਟਰਨਜ਼` ਰਾਹੀਂ ਸਮਾਜ ਵਿੱਚ ਫੈਲੀ ਨਸ਼ਿਆਂ ਦੀ ਭੈੜੀ ਅਲਾਮਤ ਬਾਰੇ ਜਾਗਰੁਕ ਕੀਤਾ ਗਿਆ ਹੈ, `ੳ ਅ` ਫ਼ਿਲਮ ਰਾਹੀਂ ਪੰਜਾਬ `ਚ ਸਕੂਲੀ ਵਿੱਦਿਆ ਦੇ ਹੋ ਰਹੇ ਵਪਾਰੀਕਰਨ ਬਾਰੇ ਗੱਲ ਕੀਤੀ, ਹੁਣ ਉਸੇ ਤਰਾਂ 10 ਮਈ ਨੂੰ ਰਿਲੀਜ਼ ਹੋ ਰਹੀ ਫ਼ਿਲਮ `15 ਲੱਖ ਕਦੋਂ ਆਉਗਾ` ਰਾਹੀਂ ਪੰਜਾਬ ਵਿੱਚ ਫੈਲੇ ਅੰਧ ਵਿਸ਼ਵਾਸ, ਡੇਰਾਵਾਦ ਅਤੇ ਸਿਆਸਤ ਦੀ ਆੜ ਵਿੱਚ ਹੰੁਦੇ ਨਜਾਇਜ਼ ਧੰਦਿਆਂ `ਤੇ ਤਿੱਖਾ ਵਿਅੰਗ ਕਰਦੀ ਹੋਈ ਦਰਸ਼ਕਾਂ ਨੂੰ ਹਾਸੇ ਹਾਸੇ ਵਿੱਚ ਚੰਗਾ ਮੈਸੇਜ਼ ਦੇਵੇਗੀ।ਇਸ ਫਿਲਮ ਦਾ ਨਾਇਕ ਰਵਿੰਦਰ ਗਰੇਵਾਲ ਹੈ।ਜਿਸ ਨੂੰ ਦਰਸ਼ਕ ਇਸ ਫ਼ਿਲਮ ਵਿੱਚ ਪਹਿਲੀ ਵਾਰ ਵੱਖ ਵੱਖ ਦਿਲਚਸਪ ਕਿਰਦਾਰਾਂ ਵਿੱਚ ਵੇਖਣਗੇ, ਇਹ ਫ਼ਿਲਮ ਉਸ ਦੇ ਫ਼ਿਲਮੀ ਕੈਰੀਅਰ ਨੂੰ ਉੱਚਾ ਲੈ ਕੇ ਜਾਵੇਗੀ ਤੇ ਪੰਜਾਬੀ ਪਰਦੇ `ਤੇ ਉਸ ਦੀ ਇੱਕ ਖਾਸ ਪਹਿਚਾਣ ਬਣੇਗੀ।ਪਹਿਲੀਆਂ ਫ਼ਿਲਮਾਂ ਵਾਂਗ ਇਸ ਵਿਸ਼ੇ ਨੂੰ ਵੀ ਕਾਮੇਡੀ ਦੀ ਰੰਗਤ ਦਿੱਤੀ ਗਈ ਹੈ।ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਤੇ ਡਾਇਲਾਗ ਨਾਮਵਰ ਲੇਖਕ ਸੁਰਮੀਤ ਮਾਵੀ ਨੇ ਲਿਖੇ ਹਨ।ਫ਼ਿਲਮ ਦਾ ਨਿਰਦੇਸ਼ਨ ਮਨਪ੍ਰੀਤ ਬਰਾੜ ਨੇ ਦਿੱਤਾ ਹੈ।
ਰਵਿੰਦਰ ਗਰੇਵਾਲ, ਪੂਜਾ ਵਰਮਾ, ਜਸਵੰਤ ਰਾਠੌੜ, ਸਮਿੰਦਰ ਵਿੱਕੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਸੁਖਦੇਵ ਬਰਨਾਲਾ, ਅਜੇ ਜੇਠੀ, ਯਾਦ ਗਰੇਵਾਲ ਨੇ ਫਿਲਮ `ਚ ਅਹਿਮ ਕਿਰਦਾਰ ਨਿਭਾਏ ਹਨ।ਗੀਤ ਰਵਿੰਦਰ ਗਰੇਵਾਲ, ਰਣਜੀਤ ਬਾਵਾ, ਗੁਰਲੇਜ਼ ਅਖ਼ਤਰ ਨੇ ਗਾਏ ਹਨ।ਓਮ ਜੀ ਗਰੁੱਪ ਵਲੋਂ ਇਹ ਫ਼ਿਲਮ 10 ਮਈ ਨੂੰ ਰਲੀਜ਼ ਕੀਤੀ ਜਾ ਰਹੀ ਹੈ।
ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
ਮੋ – 94638 28000