ਡਾ: ਓਬਰਾਏ ਵਲੋਂ ਕੀਤਾ ਪਰਉਪਕਾਰ ਰਹੇਗਾ ਹਮੇਸ਼ਾਂ ਯਾਦ – ਪੀੜ੍ਹਤ ਪਰਿਵਾਰ
ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੁਬਈ ਗਏ 47 ਸਾਲਾ ਸੁਰਜੀਤ ਕੁਮਾਰ ਪੁੱਤਰ ਗੁਰਦਿਆਲ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ: ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਨਾਲ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।
ਹੁਸ਼ਿਆਰਪੁਰ ਸ਼ਹਿਰ ਨਾਲ ਸੰਬੰਧਿਤ ਮ੍ਰਿਤਕ ਸੁਰਜੀਤ ਕੁਮਾਰ ਅਜੇ ਫਰਵਰੀ ਮਹੀਨੇ `ਚ ਹੀ ਆਪਣੀ ਛੁੱਟੀ ਕੱਟ ਕੇ ਵਾਪਸ ਦੁਬਈ ਗਿਆ ਸੀ ਕਿ ਅਚਾਨਕ ਬੀਤੀ 15 ਮਈ ਨੂੰ ਉਹ ਭੇਦਭਰੇ ਹਲਾਤਾਂ `ਚ ਓਹ ਲਾਪਤਾ ਹੋ ਗਿਆ ਅਤੇ 21ਮਈ ਨੂੰ ਰੇਤ ਦੇ ਟਿੱਬਿਆਂ ਤੋਂ ਉਸ ਦੀ ਲਾਸ਼ ਬਹੁਤ ਹੀ ਬੁਰੀ ਹਾਲਤ `ਚ ਮਿਲੀ ਸੀ।
ਜਦ ਭਾਰਤ ਰਹਿੰਦੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੁਰਜੀਤ ਕੁਮਾਰ ਦੇ ਨਾਲ ਕੰਮ ਕਰਦੇ ਉਸ ਦੇ ਸਾਥੀਆਂ ਤੋਂ ਉਸ ਦੀ ਮੌਤ ਦੇ ਮਿਲੇ ਸੁਨੇਹੇ ਤੋਂ ਆਪਣੇ ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਪਤਲੀ ਆਰਥਿਕ ਹਾਲਤ ਤੇ ਉਸ ਦਾ ਮ੍ਰਿਤਕ ਸਰੀਰ ਵਾਪਸ ਲਿਆਉਣ ਦੀ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਟਰੱਸਟ ਦੀ ਹੁਸ਼ਿਆਰਪੁਰ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਆਗਿਆਪਾਲ ਸਿੰਘ ਰਾਹੀਂ ਟਰੱਸਟ ਦੇ ਸਰਪ੍ਰਸਤ ਡਾ: ਓਬਰਾਏ ਨਾਲ ਸੰਪਰਕ ਕਰਕੇ ਸੁਰਜੀਤ ਕੁਮਾਰ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ ਸੀ, ਜਿਸ `ਤੇ ਕਾਰਵਾਈ ਕਰਦਿਆਂ ਡਾ: ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ।
ਹਵਾਈ ਅੱਡੇ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਟਰੱਸਟ ਦੇ ਸੇਵਾਦਾਰ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਸਿਸ਼ਪਾਲ ਸਿੰਘ ਲਾਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਮ੍ਰਿਤਕ ਲੜਕੇ ਸਮੇਤ ਟਰੱਸਟ ਵਲੋਂ ਹੁਣ ਤੱਕ 120 ਬਦਨਸੀਬ ਨੌਜੁਆਨ ਮੁੰਡੇ ਕੁੜੀਆਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।ਜਦ ਕਿ ਪਿਛਲੇ 12 ਦਿਨਾਂ ਅੰਦਰ ਹੀ ਟਰੱਸਟ ਵੱਲੋਂ 4 ਨੌਜਵਾਨਾਂ ਦੇ ਮ੍ਰਿਤਕ ਸਰੀਰ ਲਿਆਂਦੇ ਗਏ ਹਨ। ਸੁਰਜੀਤ ਕੁਮਾਰ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ `ਚ ਭਾਰਤੀ ਦੂਤਾਵਾਸ ਤੋਂ ਇਲਾਵਾ ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਜਿਕਰਯੋਗ ਭੂਮਿਕਾ ਨਿਭਾਈ ਹੈ।
ਇਸੇ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਲੈ ਕੇ ਆਏ ਮ੍ਰਿਤਕ ਦੇ ਦੋਸਤ ਹੁਸਨ ਲਾਲ ਤੋਂ ਇਲਾਵਾ ਭਤੀਜੇ ਆਕਾਸ਼ਦੀਪ, ਸਾਲਾ ਵਿਜੇ ਕੁਮਾਰ, ਭਰਾ ਰਵਿੰਦਰ ਸਿੰਘ ਤੇ ਦੇਵਰਾਜ ਆਦਿ ਪਰਿਵਾਰਕ ਮੈਂਬਰਾਂ ਨੇ ਆਦਿ ਨੇ ਓਬਰਾਏ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਡਾ: ਓਬਰਾਏ ਦੇ ਇਸ ਪਰਉਪਕਾਰ ਲਈ ਸਾਰੀ ਜਿੰਦਗੀ ਰਿਣੀ ਰਹੇਗਾ ।
Punjab Post Daily Online Newspaper & Print Media