ਗਰੀਬਾਂ, ਯਤੀਮਾਂ, ਮਜ਼ਲੂਮਾਂ ਤੇ ਅਨਾਥਾਂ ਦੀ ਸੇਵਾ ਕਰ ਰਹੀ ਹੈ ਪਿੰਗਲਵਾੜਾ ਸੰਸਥਾ – ਲੌਂਗੋਵਾਲ
ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਮਾਨਵਤਾ ਨੂੰ ਸਮਰਪਿਤ ਮਹਾਨ ਸਮਾਜ ਸੇਵੀ, ਅਪੰਗ, ਮੰਦ-ਬੁੱਧੀ, ਅਪਹਾਜ ਅਤੇ ਲਾਵਾਰਿਸਾਂ ਦੇ ਵਾਰਿਸ ਭਗਤ ਪੂਰਨ ਸਿੰਘ ਜੀ ਦੀ 27ਵੀਂ ਬਰਸੀ ਸਬੰਧੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਵਿਖੇ ਧੰਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਜਿਸ ਉਪਰੰਤ ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਘ ਬੈਂਕ ਵਾਲਿਆਂ ਨੇ ਕੀਰਤਨ ਦੀ ਹਾੳਰੀ ਭਰੀ।
ਸ਼ਰਧਾਂਜਲੀ ਸਮਾਗਮ ਦੇ ਕੀਰਤਨ ਦਰਬਾਰ ਦਾ ਆਰੰਭ ਪਿੰਗਲਵਾੜਾ ਸੰਸਥਾ ਦੇ ਬੱਚੇ ਬੱਚੀਆਂ ਵੱਲੋਂ ਮਨੋਹਰ ਕੀਰਤਨ ਦੁਆਰਾ ਕੀਤਾ ਗਿਆ।ਪ੍ਰੋ. ਕਰਤਾਰ ਸਿੰਘ ਡਾਇਰੈਕਟਰ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਰੋਪੜ ਵਾਲਿਆਂ ਨੇ ਤੰਤੀ ਸਾਜ਼ਾਂ `ਤੇ ਅਧਾਰਿਤ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਭਗਤ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ।
ਇਸ ਤੋਂ ਬਾਅਦ ਸਰਬੱਤ ਦੇ ਭਲੇ ਦੇ ਮਾਰਗ ਦਾ ਪਾਂਧੀ ਭਗਤ ਪੂਰਨ ਸਿੰਘ, ਅਜੋਕੀ ਸਿੱਖਿਆ ਪ੍ਰਣਾਲੀ, ਇਕ ਉਦੇਸ਼ ਭਰੀ ਜ਼ਿੰਦਗੀ ਜੀਵਨੀ- ਡਾ. ਇੰਦਰਜੀਤ ਕੌਰ, ਵਿਲੱਖਣ ਸਖਸੀਅਤਾਂ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਿੱਖਿਆ ਨੀਤੀ ਦੀ ਵਿੰਡਬਨਾ (ਹਿੰਦੀ ਕਿਤਾਬ) ਆਦਿ ਪੁਸਤਕਾਂ ਦੀ ਘੁੰਡ ਚੁਕਾਈ ਦੀ ਰਸਮ ਵੀ ਅਦਾ ਕੀਤੀ ਗਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਭਗਤ ਜੀ ਦੀ ਅਦੁੱਤੀ ਸ਼ਖਸ਼ੀਅਤ ਤੇ ਉਨ੍ਹਾਂ ਦੇ ਸਮਾਜ ਪ੍ਰਤੀ ਕੀਤੇ ਕਾਰਜਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਅੰਮ੍ਰਿਤਸਰ ਦੁਆਰਾ ਭਗਤ ਜੀ ਦੀ ਸੇਧ ਮੁਤਾਬਕ ਪਿੰਗਲਵਾੜੇ ਦੁਆਰਾ ਲਵਾਰਿਸਾਂ ਦੀ ਕੀਤੀ ਜਾ ਰਹੀ ਸੇਵਾ ਸਿੱਖ ਪੰਥ ਵਲੋਂ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਗੁਰੂ ਘਰ ਤੋਂ ਬਾਅਦ ਪਿੰਗਲਵਾੜਾ ਇਕ ਐਸੀ ਸੰਸਥਾ ਹੈ ਜੋ ਸਹੀ ਅਰਥਾਂ ਵਿਚ ਗੁਰੂ ਨਾਨਕ ਸਾਹਿਬ ਦੇ ਦਰਸਾਏ ਮਾਰਗ `ਤੇ ਚੱਲਦੇ ਹੋਏ ਗਰੀਬਾਂ, ਯਤੀਮਾਂ, ਮਜ਼ਲੂਮਾਂ ਅਤੇ ਅਨਾਥਾਂ ਦੀ ਸੇਵਾ ਕਰ ਰਹੀ ਹੈ।ਡਾ. ਕੁਲਵੰਤ ਕੌਰ ਪ੍ਰਧਾਨ ਮਾਈ ਭਾਗੋ ਬਰਗੇਡ ਪਟਿਆਲਾ ਨੇ ਭਗਤ ਜੀ ਦੀ ਸਮਾਜ ਪ੍ਰਤੀ ਸੇਵਾ ਤੇ ਆਪਣੀ ਸ਼ਰਧਾ ਦੇ ਫੁੱਲ ਅਰਪਨ ਕੀਤੇ।
ਇਸ ਮੌਕੇ ਆਈ.ਜੀ ਪੁਲਿਸ (ਜੰਮੂ ਕਸ਼ਮੀਰ) ਆਰ.ਐਸ ਬਿਜਰਾਲ (ਰਿਟਾ.), ਰਵਿੰਦਰ ਸਿੰਘ ਇੰਪੀਰਿਅਲ ਹੋਟਲ ਨਵੀਂ ਦਿੱਲੀ, ਐਡਵੋਕੇਟ ਸੁਦਰਸ਼ਨ ਕਪੂਰ, ਭਾਈ ਕਿਸ਼ਨ ਸਿੰਘ ਸੰਤਨ ਕੀ ਕੁਟੀਆ, ਪ੍ਰਿੰਸੀਪਲ ਸਵਰਨ ਸਿੰਘ ਤੁਗਲਵਾੜਾ ਸਕੂਲ, ਮੁਖਤਾਰ ਸਿੰਘ, ਰਜਿੰਦਰਪਾਲ ਸਿੰਘ, ਰਾਜਬੀਰ ਸਿੰਘ, ਵਰਿੰਦਰ ਸਿੰਘ ਵਾਲੀਆ ਮੁੱਖ ਸੰਪਾਦਕ ਪੰਜਾਬੀ ਜਾਗਰਣ, ਸੁਰਿੰਦਰਪਾਲ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਹਰਿੰਦਰਪਾਲ ਸਿੰਘ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮੀਸ਼ਨਰ, ਬੀਬੀ ਪ੍ਰੀਤਇੰਦਰਜੀਤ ਕੌਰ, ਹਰਜੀਤ ਸਿੰਘ, ਬੀਬੀ ਕੁਲਜੀਤ ਕੌਰ, ਪ੍ਰੋ. ਸਰਬਜੀਤ ਸਿੰਘ ਛੀਨਾ, ਤਰਲੋਚਨ ਸਿੰਘ ਚੀਮਾ, ਡਾ. ਜਗਦੀਪਕ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਤਿਲਕ ਰਾਜ, ਹਰਪਾਲ ਸਿੰਘ ਸੰਧੂ, ਰਜਿੰਦਰਪਾਲ ਸਿੰਘ ਪੱਪੂ ਅਤੇ ਕਈ ਹੋਰ ਸਖਸ਼ੀਅਤਾਂ ਹਾਜ਼ਿਰ ਸਨ।