ਮੰਡੀ ਦੇ ਗੇਟ `ਤੇ ਹੀ ਝੋਨੇ ਦੀ ਨਮੀ ਪਰਖਣ ਦੀ ਕੀਤੀ ਹਦਾਇਤ
ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਝੋਨੇ ਦੀ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਸਰਕਾਰੀ
ਖਰੀਦ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ, ਐਸ.ਡੀ.ਐਮਾਂ, ਖੇਤੀਬਾੜੀ ਵਿਭਾਗ, ਖੁਰਾਕ ਸਪਲਾਈ ਵਿਭਾਗਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਢਿਲੋਂ ਨੇ ਸਪੱਸ਼ਟ ਕੀਤਾ ਕਿ ਅੰਮ੍ਰਿਤਸਰ ਵਿਚ ਝੋਨੇ ਦੀ ਆਮਦ ਪੰਜਾਬ ਨਾਲੋਂ ਪਹਿਲਾਂ ਸ਼ੁੁਰੂ ਹੋ ਜਾਂਦੀ ਹੈ, ਇਸ ਲਈ ਜ਼ਰੂਰੀ ਹੈ ਕਿ ਮੰਡੀ ਦੀ ਤਿਆਰੀਆਂ ਵਿਚ ਕੋਈ ਢਿੱਲ ਨਾ ਰਹੇ। ਉਨਾਂ ਮੰਡੀ ਬੋਰਡ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਵੱਧ ਨਮੀ ਵਾਲਾ ਝੋਨਾ ਮੰਡੀ ਵਿਚ ਨਾ ਆਵੇ, ਨੂੰ ਰੋਕਣ ਲਈ ਜ਼ਰੂਰੀ ਹੈ ਕਿ ਮੰਡੀ ਗੇਟ ਉਤੇ ਹੀ ਝੋਨੇ ਦੀ ਨਮੀ ਪਰਖ ਕੇ ਟਰਾਲੀ ਅੰਦਰ ਜਾਣ ਦਿੱਤੀ ਜਾਵੇ। ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 17 ਫੀਸਦੀ ਨਮੀ ਤੱਕ ਵਾਲਾ ਝੋਨਾ ਹੀ ਸਰਕਾਰੀ ਖਰੀਦ ਲਈ ਵਿਕ ਸਕਦਾ ਹੈ ਅਤੇ ਇੰਨਾਂ ਮਾਪਦੰਡਾਂ ਸਬੰਧੀ ਕਿਸਾਨਾਂ ਨੂੰ ਜਾਣੂੰ ਕਰਵਾਇਆ ਜਾਵੇ।
ਡੀ.ਸੀ ਢਿਲੋਂ ਨੇ ਦੱਸਿਆ ਕਿ ਅੰਮਿ੍ਰਤਸਰ ਵਿਚ ਕਰੀਬ ਤਿੰਨ ਲੱਖ ਮੀਟਰਿਕ ਟਨ ਝੋਨੇ ਦੀ ਆਮਦ ਹੋਣ ਦਾ ਅਨੁਮਾਨ ਹੈ, ਜਿਸ ਦੀ ਖਰੀਦ ਕਰਨ ਲਈ ਪਨਗਰੇਨ, ਮਾਰਕਫੈਡ, ਪਨਸਪ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਵੇਅਰ ਹਾਊਸ ਏਜੰਸੀਆਂ ਨੂੰ ਜ਼ਿਲ੍ਹੇ ਦੀਆਂ 39 ਮੰਡੀਆਂ ਵੰਡ ਦਿੱਤੀਆਂ ਗਈਆਂ ਹਨ।ਉਨਾਂ ਦੱਸਿਆ ਕਿ ਇਸ ਵੇਲੇ 20 ਮੰਡੀਆਂ ਵਿਚ ਝੋਨੇ ਦੀ ਅਗੇਤੀ ਫਸਲ ਪਹੁੰਚ ਚੁੱਕੀ ਹੈ ਅਤੇ ਉਥੇ ਵਪਾਰੀ ਖਰੀਦ ਕਰ ਰਹੇ ਹਨ, ਪਰ ਸਰਕਾਰੀ ਖਰੀਦ 1 ਅਕਤੂਬਰ ਤੋਂ ਹੀ ਸ਼ੁਰੂ ਹੋਣੀ ਹੈ।
ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਦੇ ਗੁਰਦੁਆਰਿਆਂ ਵਿਚ ਵੀ ਅਨਾਊਂਸਮੈਂਟ ਕਰਵਾ ਕੇ ਕਿਸਾਨਾਂ ਨੂੰ ਸੁੱਕਾ ਤੇ ਸਾਫ ਝੋਨਾ ਮੰਡੀਆਂ ਵਿਚ ਲਿਆਉਣ ਦੀ ਅਪੀਲ ਕਰਨ, ਤਾਂ ਜੋ ਕਿਸਾਨ ਨੂੰ ਮੰਡੀ ਵਿਚ ਜ਼ਿਆਦਾ ਸਮਾਂ ਬੈਠਣਾ ਨਾ ਪਵੇ।ਰਾਤ ਅਤੇ ਸਵੇਰੇ ਤੜਕੇ ਕੰਬਾਇਨ ਨਾ ਚਲਾਉਣ ਦੀ ਅਪੀਲ ਵੀ ਕਿਸਾਨਾਂ ਨੂੰ ਕੀਤੀ ਜਾਵੇ। ਉਨਾਂ ਐਸ.ਡੀ.ਐਮ ਨੂੰ ਕਿਹਾ ਕਿ ਉਹ ਆਪਣੇ-ਆਪਣੇ ਇਲਾਕੇ ਦੀਆਂ ਮੰਡੀਆਂ ਵਿਚ ਪ੍ਰਬੰਧਾਂ ਨੂੰ ਖ਼ੁਦ ਵੇਖਣ ਤਾਂ ਜੋ ਕਿਸਾਨ ਨੂੰ ਮੰਡੀ ਵਿਚ ਰਾਤ ਨਾ ਰਹਿਣਾ ਪਵੇ ਅਤੇ ਸਰਕਾਰੀ ਖਰੀਦ ਨਿਰਵਿਘਨ ਚੱਲਦੀ ਰਹੇ।
ਢਿਲੋਂ ਨੇ ਖਰੀਦ ਏਜੰਸੀਆਂ ਨੂੰ ਸਪੱਸ਼ਟ ਕੀਤਾ ਕਿ ਉਨਾਂ ਦਾ ਇੰਸਪੈਕਟਰ ਰੋਜ਼ਾਨਾ ਮੰਡੀ ਵਿਚ ਬੋਲੀ ਵੇਲੇ ਹਾਜ਼ਰ ਰਹੇ ਅਤੇ ਸਾਰੇ ਖਰੀਦ ਸੀਜ਼ਨ ਵਿਚ ਇਕ ਦਿਨ ਵੀ ਅਜਿਹਾ ਨਾ ਹੋਵੇ ਜਿਸ ਦਿਨ ਕਿਸੇ ਵੀ ਮੰਡੀ ਵਿਚ ਬੋਲੀ ਨਾ ਲੱਗੇ।ਉਨਾਂ ਖੁਰਾਕ ਸਪਲਾਈ ਵਿਭਾਗ ਨੂੰ ਬਾਰਦਾਨਾ, ਲੇਬਰ ਅਤੇ ਟਰਾਂਸਪੋਰਟ ਆਦਿ ਦੇ ਪ੍ਰਬੰਧਾਂ ਨੂੰ ਤਰੁੰਤ ਨੇਪਰੇ ਚਾੜਨ ਦੀ ਹਦਾਇਤ ਕਰਦੇ ਅਗਲੇ ਦੋ ਦਿਨਾਂ ਵਿਚ ਸਾਰੇ ਕੰਮ ਪੂਰੇ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਐਸ.ਡੀ.ਐਮ ਸ਼ਿਵਰਾਜ ਸਿੰਘ ਢਿਲੋਂ, ਐਸ.ਡੀ.ਐਮ ਸ੍ਰੀਮਤੀ ਅਲਕਾ ਕਾਲੀਆ, ਐਸ.ਡੀ.ਐਮ ਬਾਬਾ ਬਕਾਲਾ ਸ੍ਰੀਮਤੀ ਸੁਮਿਤ ਮੁੱਧ, ਡੀ.ਐਫ. ਐਸ.ਸੀ ਲਖਵਿੰਦਰ ਸਿੰਘ, ਖੇਤੀਬਾੜੀ ਅਧਿਕਾਰੀ ਦਲਬੀਰ ਸਿੰਘ ਛੀਨਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media