ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਲੰਗਰ ਵਰਤਾ ਕੇ ਕੀਤੀ ਸ਼ੁਰੂਆਤ
ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਸ੍ਰੀ ਗੁਰੂ ਰਾਮਦਾਸ ਲੰਗਰ ਸੇਵਾ (ਪੁਰ ਹੀਰਾ) ਹੁਸ਼ਿਆਰਪੁਰ ਵੱਲੋਂ ਅੱਜ
ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਸ੍ਰੀ ਗੁਰੂ ਨਾਨਕ ਹਸਪਤਾਲ ਤੇ ਮੈਡੀਕਲ ਕਾਲਜ ਅੰਮਿ੍ਰਤਸਰ ਵਿਚ ਲੰਗਰ ਦੀ ਸ਼ੁਰੂਆਤ ਕੀਤੀ ਗਈ।ਸੰਸਥਾ ਦੇ ਅਹੁਦੇਦਾਰਾਂ ਨੂੰ ਹੱਲਾਸ਼ੇਰੀ ਦੇਣ ਲਈ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਅਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵਿਸ਼ੇਸ਼ ਤੌਰ ਉਤੇ ਅੰਮਿ੍ਰਤਸਰ ਪੁੱਜੇ ਅਤੇ ਦੋਵਾਂ ਹਸਤੀਆਂ ਨੇ ਲੰਗਰ ਵਰਤਾ ਕੇ ਇਸ ਨੇਕ ਕੰਮ ਦੀ ਸ਼ੁਰੂਆਤ ਕੀਤੀ। ਉਨਾਂ ਸੰਸਥਾ ਵੱਲੋਂ ਕੀਤੇ ਜਾ ਰਹੇ ਇਸ ਨੇਕ ਕੰਮ ਦੀ ਰੱਜਵੀਂ ਤਾਰੀਫ਼ ਕਰਦੇ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹੈ ਕਿ ਲੋੜਵੰਦਾਂ ਦੀ ਸਹਾਇਤਾ ਲਈ ਸਮਾਜ ਅੱਗੇ ਆਵੇ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਸੰਸਥਾਵਾਂ ਤੇ ਦਾਨੀ ਵਿਅਕਤੀਆਂ ਦੀ ਸਹਾਇਤਾ ਨਾਲ ਸਾਂਝੀ ਰਸੋਈ ਚਲਾਈ ਜਾ ਰਹੀ ਹੈ, ਜਿਸ ਨੂੰ ਲੋਕਾਂ ਨੇ ਚੰਗਾ ਸਾਥ ਦਿੱਤਾ ਅਤੇ ਇਹ ਲੋੜਵੰਦਾਂ ਦੀ ਪੌਸ਼ਟਿਕ ਲੋੜ ਪੂਰੀ ਕਰਦੀ ਆ ਰਹੀ ਹੈ ਅਤੇ ਹੁਣ ਗੁਰੂ ਰਾਮਦਾਸ ਲੰਗਰ ਸੇਵਾ ਦੇ ਆਉਣ ਨਾਲ ਸਾਨੂੰ ਵੱਡਾ ਸਾਥ ਮਿਲਿਆ ਹੈ।
ਦੱਸਣਯੋਗ ਹੈ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਸੇਵਾ ਵੱਲੋਂ ਇਸ ਤੋਂ ਪਹਿਲਾਂ ਪੰਜਾਬ ਦੇ 20 ਹਸਪਤਾਲਾਂ ਵਿਚ ਮੁਫ਼ਤ ਲੰਗਰ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਵਿਚ ਫਗਵਾੜਾ, ਬਟਾਲਾ, ਗੁਰਦਾਸੁਪਰ, ਦਸੂਹਾ, ਮੁਕੇਰੀਆਂ, ਭੁੰਗਾ, ਹੁਸਿਆਰਪੁਰ, ਨਵਾਂਸ਼ਹਿਰ, ਬੰਗਾ, ਗੜਸ਼ੰਕਰ, ਰੋਪੜ, ਜਲੰਧਰ, ਲੁਧਿਆਣਾ, ਪਟਿਆਲਾ, ਫਿਲੌਰ, ਨਕੋਦਰ ਆਦਿ ਦੇ ਸਰਕਾਰੀ ਹਸਪਤਾਲ ਸ਼ਾਮਿਲ ਹਨ।ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਕਸਬੇ ਅੱਜੋਵਾਲ ਵਿਚ ਪੜ੍ਹਦੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਲੰਗਰ ਦਿੱਤਾ ਜਾ ਰਿਹਾ ਹੈ।
ਭਾਈ ਮਨਜੀਤ ਸਿੰਘ ਨੇ ਇਸ ਮੌਕੇ ਦੱਸਿਆ ਕਿ ਹਸਪਤਾਲ ਵਿਚ ਲੰਗਰ ਦੀ ਸੇਵਾ ਸਵੇਰੇ 11.00 ਵਜੇ ਤੋਂ ਸ਼ਾਮ 6.00 ਵਜੇ ਤੱਕ ਰੋਜ਼ਾਨਾ ਜਾਰੀ ਰਹੇਗੀ ਅਤੇ ਕੋਈ ਵੀ ਵਿਅਕਤੀ ਇੱਥੇ ਆ ਕੇ ਲੰਗਰ ਛਕ ਸਕਦਾ ਹੈ।ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਭਾਈ ਪਿੰਦਰਪਾਲ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਬੂਟਾ ਸਿੰਘ, ਗੁਰਲਿਆਕਤ ਸਿੰਘ, ਸ਼ਿਸੂਪਾਲ ਸਿੰਘ, ਠਾਕੁਰ ਰਣਧੀਰ ਸਿੰਘ ਤੇ ਹੋਰ ਹਸਤੀਆਂ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media