Wednesday, April 22, 2026

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਤਰ ਧਰਮ ਸੰਵਾਦ ਮਨੁੱਖਤਾ ਨੂੰ ਜੋੜਨ ਦਾ ਅਮਰ ਸੰਦੇਸ਼ – ਦਲਾਈ ਲਾਮਾ

ਕਿਹਾ ਜਗੀਰਦਾਰ ਸਮਾਜ ਦੀ ਤਰਾਂ ਜਾਤ-ਪਾਤ ਦਾ ਵੀ ਖਾਤਮਾ ਜਰੂਰੀ
ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਰ-ਧਰਮ ਸੰਵਾਦ ਦੇ ਮਤ ਨੂੰ PUNJ1011201913ਮਨੁੱਖ ਜਾਤੀ ਦੇ ਉਜਵਲ ਭਵਿੱਖ ਅਤੇ ਅਗਲੀਆਂ ਨਸਲਾਂ ਦੇ ਬਚਾਅ ਲਈ ਅਮਰ ਸਿਧਾਂਤ ਦੱਸਦਿਆਂ ਦਲਾਈਲਾਮਾ ਨੇ ਕਿਹਾ ਹੇ ਕਿ ਬਸਤੀਵਾਦੀ ਸਿਖਿਆ ਪ੍ਰਣਾਲੀ ਉਪਰ ਆਧਾਰਿਤ ਮੌਜੂਦਾ ਅਕਾਦਮਿਕ ਪ੍ਰਣਾਲੀ ਪਦਾਰਥਵਾਦ ਨੂੰ ਉਤਸ਼ਾਹਿਤ ਕਰਦੀ ਹੈ ਜਿਸ ਕਾਰਨ ਵਿਸ਼ਵ ਵਿਚ ਅਸੰਤੁਸਟੀ ਅਤੇ ਨਿਰਾਸ਼ਾ ਦਾ ਆਲਮ ਹੈ।ਉਨ੍ਹਾਂ ਨੇ ਵੱਖ-ਵੱਖ ਫਿਰਕਿਆਂ, ਧਰਮਾਂ ਅਤੇ ਦੇਸ਼ਾਂ ਦੇ ਵਿਚ ਆਪਸੀ ਪਿਆਰ ਸਾਂਝ, ਸਦਭਾਵਨਾ ਦੀ ਘੱਟ ਰਹੀਂ ਸੋਝੀ ਨੂੰ ਘਾਤਕ ਦੱਸਦਿਆਂ ਅੱਗੇ ਕਿਹਾ ਹੈ ਕਿ ਪਦਾਰਥਕ ਸੂਝ ਦੇ ਨਾਲ ਨਾਲ ਗਿਆਨਾਤਮਕ ਅਤੇ ਅਧਿਆਤਮਕ ਕੀਮਤਾਂ ਰਾਹੀਂ ਹੀ ਭਾਰਤੀ ਸਿਖਿਆ ਪ੍ਰਣਾਲੀ ਜੋ ਬਹੁਤ ਅਮੀਰ ਹੈ ਨੂੰ ਵਿਸ਼ਵ ਵਿਆਪੀ ਪੱਧਰ ਉਪਰ ਸ਼ਾਂਤੀ, ਸਥਾਪਤ ਕਰਨ ਦੇ ਲਈ ਵਰਤੋਂ ਵਿਚ ਲਿਆਏ ਜਾਣ ਦੀ ਅੱਜ ਸਖਤ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸੰਸਾਰ ਵਿਚ ਅਮਨ ਸਥਾਪਤੀ ਲਈ ਸਮਾਜਿਕ ਬਰਾਬਰੀ ਅਤੇ ਹਰ ਤਰ੍ਹਾਂ ਦੇ ਪਾੜੇ ਨੂੰ ਖਤਮ ਕਰਨ ਦੀ ਲੋੜ ਹੈ।
    PUNJ1011201914  ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼-ਪੁਰਬ ਨੂੰ ਸਮਰਪਿਤ `ਏਕ ਨੂਰ-ਅੰਤਰ ਧਰਮ ਸੰਮੇਲਨ` ਵਿਚ ਪ੍ਰਮੁੱਖ ਧਾਰਮਿਕ ਸਖਸ਼ੀਅਤ ਵਜੋਂ ਸ਼ਾਮਲ ਹੋਏ ਸਨ, ਜਿਨ੍ਹਾਂ ਦੇ ਪ੍ਰਵਚਨ ਨੂੰ ਸਰੋਤਿਆਂ ਨੇ ਸਾਹ ਰੋਕ ਕੇ ਸੁਣਿਆ ਸੀ। ਉਨ੍ਹਾਂ ਦੇ ਸਮੇਤ ਵੱਖ ਵੱਖ ਧਾਰਮਿਕ ਸ਼ਖਸੀਅਤਾਂ, ਸੰਪਰਦਾਵਾਂ ਦੇ ਪ੍ਰਤੀਨਿਧੀਆਂ ਅਤੇ ਅਹਿਮ ਹਸਤੀਆਂ ਦਾ ਇਥੇ ਪੁੱਜਣ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਸਵਾਗਤ ਕੀਤਾ ਜਦੋਂਕਿ ਪੰਜਾਬ ਸਰਕਾਰ ਵੱਲੋਂ ਕੈਬਨਿਟ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰ ਕੇ ਇਸ ਸਮੁੱਚੀ ਲੋਕਾਈ ਦੀਆਂ ਅਧੂਰੀਆਂ ਪਰੰਪਰਾਵਾਂ ਅਤੇ ਕਮਜ਼ੋਰੀਆਂ ਨੂੰ ਸੰਪੂਰਨ ਕਰਕੇ ਸਮੁੱਚੇ ਵਿਸ਼ਵ ਨੂੰ ਇਕ ਨਵੀਂ ਸੋਝੀ ਬਖਸ਼ੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਇਸ ਸਾਂਝੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਅੰਤਰ ਧਰਮ ਸੰਮੇਲਨ ਵਿਚ ਪੁੱਜੀਆਂ ਸਮੁੱਚੀ ਸ਼ਖਸੀਅਤਾਂ ਦੀ ਹਾਜਰੀ ਨੂੰ ਸਕੂਨ ਦੇਣ ਵਾਲੀ ਦੱਸਦਿਆਂ ਕਿਹਾ ਕਿ 20ਵੀਂ ਸਦੀ ਭਾਵੇਂ ਵਿਛੋੜੇ ਵਾਲੀ ਸਾਬਤ ਹੋਈ ਹੈ ਪਰ 21ਵੀਂ ਸਦੀ ਸਾਰਿਆਂ ਸਮਾਜਾਂ, ਧਰਮਾਂ ਅਤੇ ਸਭਿਆਚਾਰਾਂ ਨੂੰ ਜੋੜਨ ਵਾਲੀ ਸਾਬਤ ਹੋਵੇਗੀ ਅਤੇ ਇਸ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਤਰ ਧਰਮ ਸੰਵਾਦ ਦਾ ਸਿਧਾਂਤ ਸਭ ਤੋਂ ਵੱਧ ਸਾਰਥਕ ਭੂਮਿਕਾ ਨਿਭਾਏਗਾ।ਇਸ ਮੌਕੇ ਪੰਜਾਬ ਸਰਕਾਰ ਦੇ ਉਚੇਰੀ ਸਿਖਿਆ ਦੇ ਪ੍ਰਿੰਸੀਪਲ ਸੈਕਟਰੀ, ਸ੍ਰੀ ਅਨੁਰਾਗ ਵਰਮਾ ਵਿਸ਼ੇਸ਼ ਤੌਰ `ਤੇ ਹਾਜਰ ਸਨ ਅਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਮੌਕੇ ਪੁੱਜੀਆਂ ਸਖਸ਼ੀਅਤਾਂ ਨੂੰ ਯਾਦਗਾਰ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੌਫੀ ਟੇਬਲ ਬੁਕ ਦੇ ਕੇ ਸਾਦਰ ਸਨਮਾਨ ਕੀਤਾ।ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਸਾਰੇ ਸਰੋਤਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਡੀਨ ਅਕਾਦਮਿਕ ਮਾਮਲੇ ਪ੍ਰੋ. ਐਸ.ਐਸ ਬਹਿਲ ਵੀ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਨ ਜਦੋਂ ਕਿ ਇਸ ਸੈਸ਼ਨ ਦੇ ਕੋਆਰਡੀਨੇਟਰ ਡਾ. ਅਨੀਸ਼ ਦੂਆ ਸਨ।
      ਸੰਮੇਲਨ ਨੂੰ ਸੰਬੋਧਨ ਕਰਦਿਆਂ ਸਤਿਕਾਰਯੋਗ ਦਲਾਈਲਾਮਾ ਜੀ ਨੇ ਸਿੱਖ ਧਰਮ ਵਿਚ ਜਾਤ ਪਾਤ ਨੂੰ ਕੋਈ ਵੀ ਥਾਂ ਨਾ ਦਿੱਤੇ ਜਾਣ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਜਿਸ ਤਰਾਂ ਸਮਾਜ ਵਿਚੋਂ ਜਗੀਰਦਾਰੀ ਦਾ ਖਾਤਮਾ ਹੋਇਆ ਹੈ, ਉਸੇ ਤਰਾਂ ਜਾਤ-ਪਾਤ ਦਾ ਵੀ ਖਾਤਮਾ ਹੋਣਾ ਚਾਹੀਦਾ ਹੈ।ਉਨਾਂ ਗੁਰੂ ਨਾਨਕ ਦੇਵ ਜੀ ਦੁਆਰਾ ਮੱਕੇ `ਚ ਕੀਤੇ ਅੰਤਰ ਧਰਮ ਸੰਵਾਦ ਨੂੰ ਧਾਰਮਿਕ ਸਦਭਾਵਨਾ ਦਾ ਪ੍ਰਤੀਕ ਮੰਨਦੇ ਕਿਹਾ ਕਿ ਏਕ ਨੂਰ ਨੂੰ ਵਿਹਾਰਕ ਰੂਪ ਵਿਚ ਅਪਨਾਉਣਾ ਚਾਹੀਦਾ ਹੈ।ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੴ ਦੇ ਸਿਧਾਂਤ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਅਸੀਂ ਸਾਰੇ ਸਰੀਰਕ ਤੇ ਭਾਵਨਾਤਮਿਕ ਤੌਰ ਉਤੇ ਇਕ ਹੀ ਹਾਂ ਅਤੇ ਸਾਨੂੰ ਇਸ ਭੇਤ ਨੂੰ ਮਤਭੇਦ ਨਹੀਂ ਬਦਲਣਾ ਚਾਹੀਦਾ।
      ਉਨ੍ਹਾਂ ਕਿਹਾ ਕਿ ਆਦਮੀ ਸਮਾਜਿਕ ਪ੍ਰਾਣੀ ਹੈ ਅਤੇ ਭਾਈਚਾਰੇ ਤੋਂ ਬਿਨਾਂ ਰਹਿਣਾ ਨਾਮੁਮਕਿਨ ਹੈ, ਇਸ ਲਈ ਕਿਉਂ ਨਾ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਜਾਵੇ।ਭਾਰਤ ਦੀ ਮੌਜੂਦਾ ਸਿਖਿਆ ਪ੍ਰਣਾਲੀ ਬਾਰੇ ਬੋਲਦੇ ਦਲਾਈਲਾਮਾ ਨੇ ਕਿਹਾ ਕਿ ਇਸ ਨੇ ਸਾਨੂੰ ਪਦਾਰਥਵਾਦੀ ਬਣਾਇਆ ਹੈ। ਸਾਨੂੰ ਪਦਾਰਥਾਂ ਦੀ ਲੋੜ ਹੈ, ਪਰ ਸਾਨੂੰ ਇਸ ਦੇ ਨਾਲ-ਨਾਲ ਆਪਣੀਆਂ ਰਵਾਇਤਾਂ ਅਤੇ ਕਦਰਾਂ-ਕੀਮਤਾਂ ਉਤੇ ਵੀ ਪਹਿਰਾ ਦੇਣਾ ਚਾਹੀਦਾ ਹੈ, ਜੋ ਕਿ ਸਾਨੂੰ ਚੰਗਾ ਇਨਸਾਨ ਬਨਾਉਣ ਲਈ ਪ੍ਰੇਰਿਤ ਕਰਦੀਆਂ ਹਨ।ਉਨਾਂ ਅਹਿੰਸਾ, ਵਾਤਾਵਰਣ ਦੀ ਸਾਂਭ-ਸੰਭਾਲ, ਜਾਤ-ਪਾਤ ਤਿਆਗਣ, ਧਾਰਮਿਕ ਸਦਭਾਵਨਾ ਬਣਾਉਣ, ਕੁਦਰਤੀ ਸਰੋਤਾਂ ਨੂੰ ਸੰਭਾਲਣ ਦਾ ਸੱਦਾ ਦਿੰਦੇ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਮਾਰਗ `ਤੇ ਚੱਲਣ ਦੀ ਪ੍ਰੇਰਨਾ ਦਿੱਤੀ।
      ਇਸ ਮੌਕੇ ਸੰਬੋਧਨ ਕਰਦੇ ਰਾਮਾਕ੍ਰਿਸ਼ਨਾ ਮਿਸ਼ਨ ਦੇ ਪ੍ਰਤੀਨਿਧੀ ਸੁਆਮੀ ਸ਼ੁਧਿਦਾਨੰਦ ਨੇ ਕਿਹਾ ਕਿ ਆਦਮੀ ਨੂੰ ਧਨ-ਪਦਾਰਥਾਂ ਦੀ ਲੋੜ ਤਾਂ ਹੈ, ਪਰ ਇਹ ਆਤਮਿਕ ਖੁਸ਼ੀ ਦਾ ਸਾਧਨ ਨਹੀਂ ਹਨ। ਸਾਨੂੰ ਪਦਾਰਥਾਂ ਦਾ ਲੋਭ ਤਿਆਗ ਕੇ ਇਨਸਾਨੀਅਤ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਦੇਸ਼ ਅਤੇ ਸੰਦੇਸ਼ ਬ੍ਰਹਿਮੰਡਕ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਸਾਰਾ ਬ੍ਰਹਿਮੰਡ ਇਕ ਹੈ ਅਤੇ ਅਸੀਂ ਸਾਰੇ ਹੀ ਇਕ ਪਿਤਾ ਦੇ ਬੱਚੇ ਹਾਂ ਤਾਂ ਸਾਨੂੰ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ `ਤੇ ਹੀ ਪਹਿਰਾ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਰਿਆਂ ਧਰਮਾਂ ਵਿਚ ਕੁੱਝ ਵੱਖਰਤਾਵਾਂ ਹੋ ਸਕਦੀਆਂ ਹਨ ਪਰ ਸਾਰਿਆਂ ਦਾ ਸਿਧਾਂਤ ਇਕ ਬ੍ਰਹਿਮੰਡੀ ਹੈ।
      ਮੌਲਾਨਾ ਸੱਯਦ ਅਤਹਰ ਹੁਸੈਨ ਦੇਹਲਵੀ ਨੇ ਗੁਰੂ ਨਾਨਕ ਦੁਆਰਾ ਚਲਾਏ ਲੰਗਰ ਨੂੰ ਸਮਾਜਿਕ ਬਰਾਬਰਤਾ ਦੀ ਬੁਨਿਆਦ ਦੱਸਦੇ ਕਿਹਾ ਕਿ ਕੁਦਰਤ ਨੇ ਸਾਡੇ ਸਾਰਿਆਂ ਲਈ ਇਕੋ ਜਿਹਾ ਅਨਾਜ ਤੇ ਖਾਣ ਵਾਲੇ ਪਦਾਰਥ ਪੈਦਾ ਕੀਤੇ ਪਰ ਸਾਡੇ ਬਰਤਨਾਂ ਨੇ ਇੰਨਾਂ ਦੀ ਵੰਡ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸੰਗਤ, ਪੰਗਤ, ਸੇਵਾ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਚਲਾ ਕੇ ਜੋ ਇਨਸਾਨੀਅਤ ਨੂੰ ਗਿਾਲਨੀ ਵਿਚੋਂ ਕੱਢਣ ਦਾ ਕੰਮ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ ਮੌਜੂਦਾ ਦੌਰ ਵਿਚ ਉਸ ਪਰੰਪਰਾ ਨੂੰ ਧਰਮਾਂ, ਫਿਰਕਿਆਂ, ਮਜ਼ਹਬਾਂ ਤੋਂ ਉਪਰ ਉਠ ਕੇ ਚਲਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਜੇਕਰ ਗੁਰਦੁਆਰਿਆਂ, ਲੰਗਰਾਂ ਅਤੇ ਸੇਵਾ ਵਿਚ ਮਜ਼ਹਬ ਨਹੀਂ ਪੁਛਿਆ ਜਾਂਦਾ ਤਾਂ ਫਿਰ ਸਮਾਜ ਵਿਚ ਇਸ ਦੀ ਦੀਵਾਰ ਕਿਉਂ ਖੜੀ ਕੀਤੀ ਜਾ ਰਹੀ ਹੈ। ਉਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਿਖਾਈ ਧਰਮ ਨਿਰਪੱਖਤਾ ਨੂੰ ਨਿਭਾਉਣ ਦੀ ਲੋੜ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਂਦਾਤੀ ਨੇ ਸ੍ਰੀ ਗੁਰੂ ਨਾਨਕ ਦੇਵ ਹੀ ਪਹਿਲੇ ਅਵਤਾਰ ਹੋਏ ਹਨ ਜਿਨ੍ਹਾਂ ਨੇ ਅੰਤਰ ਧਰਮ ਸੰਵਾਦ ਦੀ ਅਸਲ ਸੋਝੀ ਨੂੰ ਸਮਝਿਆ ਅਤੇ ਉਸ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਲਈ ਉਦਾਸੀਆਂ ਕੀਤੀਆਂ ਅਤੇ ਅੱਜ ਵੀ ਉਨ੍ਹਾਂ ਦੇ ਇਸ ਸਿਧਾਂਤ `ਤੇ ਅਮਲ ਕਰਨ ਦੀ ਲੋੜ `ਤੇ ਜ਼ੋਰ ਦਿੰਦਿਆਂ ਇਸ ਰਾਹੀਂ ਵਿਸ਼ਵ ਦੀਆਂ ਸਾਰੀਆਂ ਸਮੱਸਿਆਵਾ ਦਾ ਹੱਲ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਗੁਰਬਾਣੀ ਨੂੰ ਮੰਨਦੇ ਹਾਂ, ਪਰ ਅਮਲ ਨਹੀਂ ਕਰਦੇ। ਸਾਨੂੰ ਸਾਰਿਆਂ ਨੂੰ ਇਕ-ਦੂਸਰੇ ਨਾਲ ਪ੍ਰੇਮ ਕਰਨ ਅਤੇ ਨਫਰਤ ਦੀ ਕੰਧ ਤੋੜਨੀ ਚਾਹੀਦੀ ਹੈ। ਬਿਸ਼ਪ ਸਮਾਤਾਂਰੋਏ ਨੇ ਧਾਰਮਿਕ ਕੱਟੜਤਾ ਤੋਂ ਕਿਨਾਰਾ ਕਰਨ, ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਫੈਲਾਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਚਾਈ, ਏਕਤਾ, ਨਿਆਂ, ਭੇਦ-ਭਾਵ ਮਿਟਾਉਣ ਲਈ ਡਟੇ ਸਨ ਅਤੇ 550 ਸਾਲ ਬਾਅਦ ਵੀ ਉਨਾਂ ਦੀ ਸਿੱਖਿਆ ਉਨੀ ਹੀ ਵਿਵਹਾਰਕ ਹੈ।
      ਬ੍ਰਹਮ ਕੁਮਾਰੀ ਆਸ਼ਰਮ ਦੀ ਪ੍ਰਤੀਨਿਧ ਸਿਸਟਰ ਬੀ ਕੇ ਊਸ਼ਾ ਨੇ ਆਤਮਾਂ ਨੂੰ ਪਵਿੱਤਰ ਰੱਖਣ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਸੰਦੇਸ਼ ਨੂੰ ਅਮਲ ਵਿਚ ਲਿਆਉਣ ਦੀ ਗੱਲ  ਕਰਦਿਆਂ ਕਿਹਾ ਕਿ ਆਤਮਾ ਨੂੰ ਪਵਿੱਤਰਤਾ ਦੀ ਲੋੜ ਹੈ ਅਤੇ ਪਵਿੱਤਰਤਾ ਲਈ ਪ੍ਰੇਮ, ਸ਼ਾਂਤੀ ਦੀ ਲੋੜ ਹੈ। ਅਹਿਮਦੀਆ ਭਾਈਚਾਰੇ ਤੋਂ ਤਨਵੀਰ ਅਹਿਮਦ ਖ਼ਾਤਿਮ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਦੇ ਧਾਰਮਿਕ, ਸਮਾਜਿਕ, ਭੂਗੋੋਲਿਕ, ਸਭਿਆਚਾਰਕ ਅਤੇ ਰਾਜਨੀਤਿਕ ਹਲਾਤਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਜਿਸ ਨੂਰਾਨੀ ਸ਼ਕਤੀ ਦੇ ਨਾਲ ਉਨ੍ਹਾਂ ਨੇ ਵਿਸ਼ਵ ਨੂੰ ਇਕ ਪ੍ਰਮਾਤਮਾ ਦੇ ਨਾਲ ਜੋੜਿਆ ਅਤੇ ਸਮੁੱਚੀ ਲੋਕਾਈ ਨੂੰ ਵਰਗ ਰਹਿਤ ਕਰਕੇ ਨਵੀਂ ਸ਼ਕਤੀ ਦਿੱਤੀ। ਉਨ੍ਹਾਂ ਨੇ ਸਮਾਜ ਅਜੇ ਵੀ ਜਾਤ ਪਾਤ ਦੀਆਂ ਡੂੰਘੀਆਂ ਜੜ੍ਹਾਂ ਨੂੰ ਖਤਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਬਰਾਬਰੀ ਵਾਲਾ ਸਮਾਜ ਸਿਰਜਣਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਧਰਮ `ਤੇ ਚੱਲਣਾ ਹੈ।ਅਰਬਿੰਦੋ ਆਸ਼ਰਮ ਦੇ ਪ੍ਰਤੀਨਿਧੀ ਡਾ. ਮੋਨਿਕਾ ਗੁਪਤਾ ਨੇ ਵੀ ਆਤਮਾ-ਪਰਮਾਤਮਾ ਦੀ ਗੱਲ ਕਰਦੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਉਤੇ ਜ਼ੋਰ ਦਿੱਤਾ।
      ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿਚ ਹੋਏ ਦੂਜੇ ਸੈਸ਼ਨ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ, ਪੋ. ਸਰਬਜੋਤ ਸਿੰਘ ਬਹਿਲ ਨੇ ਕੀਤੀ। ਇਸ ਦੌਰਾਨ ਦਿੱਲੀ ਯੂਨੀਵਰਸਿਟੀ ਤੋਂ ਪ੍ਰੋ. ਕੇ.ਟੀ.ਐਸ. ਸਰਾਓ ਨੇ ਗੌਤਮ ਬੁੱਧ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾ ਬਾਰੇ ਗਲਬਾਤ ਕੀਤੀ। ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ ਤੋਂ ਪ੍ਰੋ. ਅਜ਼ੀਜੂਦੀਨ ਹੁਸੈਨ ਨੇ ਇਸਲਾਮ ਵਿਚ ਇਕ ਰੱਬ ਦੀ ਧਾਰਨਾ ਅਤੇ ਸਮਾਜਿਕ ਬਰਾਬਰੀ `ਤੇ ਭਾਸ਼ਣ ਦਿੱਤਾ; ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ. ਸ਼ੰਕਰ ਝਾਅ ਅਤੇ ਪ੍ਰੋ. ਆਈ.ਡੀ. ਗੌਰ ਨੇ ਅੰਤਰ ਧਰਮ ਸੰਗਮ ਅਤੇ ਮੱਧਕਾਲੀ ਪੰਜਾਬ ਬਾਰੇ ਆਪਣੇ ਭਾਸ਼ਣ ਦਿੱਤੇ। ਡਾ. ਰਾਧਾ ਸ਼ਰਮਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਇਸ ਸੈਸ਼ਨ ਦੇ ਕੋਆਡੀਨੇਟਰ ਡਾ. ਅਮਨਦੀਪ ਬੱਲ ਸਨ।
 

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply