Saturday, May 30, 2026

ਕਿਸਾਨ, ਮਜ਼ਦੂਰ ਜਥੇਬੰਦੀ ਵਲੋਂ ਜੰਡਿਆਲਾ ਗੁਰੂ ਦਾਣਾ ਮੰਡੀ ‘ਚ ਸਰਕਾਰ ਖਿਲਾਫ ਕੀਤਾ ਸ਼ਕਤੀ ਪ੍ਰਦਰਸ਼ਨ

ਮੋਦੀ ਸਰਕਾਰ ਦਾ ਫੂਕਿਆ ਪੁੱਤਲਾ

ਜੰਡਿਆਲਾ ਗੁਰ, 14 ਜੁਲਾਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿੱਚ ਕੱਲ ਵਿਸ਼ਾਲ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ।ਵਿਸ਼ਾਲ ਇਕੱਠ ਦੀ ਪ੍ਰਧਾਨਗੀ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰਬਾਲਾ, ਅਮਰਦੀਪ ਸਿੰਘ ਗੋਪੀ ਲਖਵਿੰਦਰ ਸਿੰਘ ਡਾਲਾ ‘ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।ਇਕੱਠ ਵਲੋਂ ਜੈਕਾਰਿਆਂ ਦੀ ਗੂੰਜ਼ ਵਿੱਚ ਮਤਾ ਪਾਸ ਕਰਕੇ ਇਨਕਲਾਬੀ ਕਵੀ ਵਰਕਰਾਂ ਰਾਓ ਸਾਈਂ ਬਾਬਾ ਗੌਤਮ ਨਵਲੱਖਾ ਤੇਲ ਤੂੰ ਬੜੇ, ਸੁਧਾ ਭਾਸਕਰ ਆਦਿ ਸਾਰਾ ਬੁੱਧੀ ਜੀਵੀ ਲੇਖਕਾਂ ਨੂੰ ਦੋਸ਼ ਧਰੋਹ ਦੇ ਮੁਕੱਦਮੇ ਦਰਜ਼ ਕਰਕੇ ਜੇਲ੍ਹ ਵਿੱਚ ਸੁੱਟਣ ਵਾਲੀ ਮੋਦੀ ਸਰਕਾਰ ਦੀ ਸਖਤ ਨਿਖੇਧੀ ਕੀਤੀ ਗਈ ਤੇ ਇਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੇ ਤਹਿਤ ਸਿਹਤ ਸਹੂਲਤਾਂ ਦੇਣ ਤੇ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ ਤੇ ਮੋਦੀ ਸਰਕਾਰ ਵਲੋਂ ਸੰਵਾਦ ਧਰਮ ਨਿਰਪੱਖਤਾ ਤੇ ਸਮਾਜਵਾਦ ਦੇ ਵਿਸ਼ੇ ਸਕੂਲਾਂ ਦੀਆਂ ਕਿਤਾਬਾਂ ਵਿੱਚੋਂ ਕੱਢਣ ਦੀ ਵੀ ਨਿਖੇਧੀ ਕੀਤੀ ਗਈ ।
                 ਪੰਜਾਬ ਵਿੱਚ ਕਿਸਾਨ, ਮਜ਼ਦੂਰ ਜਥੇਬੰਦੀ ਵਲੋਂ ਲਗਾਤਾਰ ਕੀਤੇ ਗਏ ਛੇਵੇਂ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਗੁਰਬਚਨ ਸਿੰਘ ਚੱਬਾ ਨੇ ਐਲਾਨ ਕੀਤਾ ਕਿ 21 ਜੁਲਾਈ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸੋਮ ਪ੍ਰਕਾਸ਼ ਸਮੇਤ ਪੰਜਾਬ ਦੇ ਪਾਰਲੀਮੈਂਟ ਮੈਂਬਰਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।ਅੰਮ੍ਰਿਤਸਰ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰਾਂ ਤੇ ਬੀਬੀਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਘਰ ਅੱਗੇ ਡੇਰੇ ਲਾਉਣਗੇ।ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਕੋਵਿਡ 19 ਨੂੰ ਕਾਰਪੋਰੇਟ ਜਗਤ ਦੇ ਹੱਕ ਵਿੱਚ ਭਗਤਾਉਣ ਲਈ ਖੇਤੀ ਕਿੱਤੇ ਸਮੇਤ ਹਰ ਤਰ੍ਹਾਂ ਦੇ ਜਨਤਕ ਅਦਾਰਿਆਂ ਦਾ ਪੂਰੀ ਤਰ੍ਹਾਂ ਨਿੱਜੀਕਰਨ ਕਰਨ ਦੇ ਫੈਸਲੇ ਕਰ ਰਹੀ ਹੈ।ਖੇਤੀ ਕਿੱਤਾ 75% ਜਨਤਾ ਨੂੰ ਰੁਜ਼ਗਾਰ ਤੇ ਦੇਸ਼ ਦੇ ਲੋਕਾਂ ਦੇ ਜੀਵਨ ਲਈ ਸਭ ਤੋਂ ਜ਼ਰੂਰੀ ਵਸਤਾਂ ਅਨਾਜ ਦਾਲਾਂ ਸਬਜ਼ੀਆਂ ਤੇਲ ਬੀਜ ਦੁੱਧ ਘਿਓ ਆਦਿ ਪੈਦਾ ਕਰਦਾ ਹੈ ਤੇ ਦੇਸ਼ ਦੇ ਲੋਕਾਂ ਨੂੰ ਭੁੱਖਮਰੀ ਤੋਂ ਬਚਾ ਰਿਹਾ ਹੈ।ਅਮਰੀਕੀ ਕੰਪਨੀ ਐਕਸ ਫੇਮ ਦੀ ਰਿਪੋਰਟ ਅਨੁਸਾਰ ਆਉਣ ਵਾਲੇ 6 ਮਹੀਨਿਆਂ ਅੰਦਰ ਦੁਨੀਆਂ ਵਿੱਚ ਬਾਰਾਂ ਹਜ਼ਾਰ ਲੋਕ ਹਰ ਰੋਜ਼ ਭੁੱਖਮਰੀ ਨਾਲ ਮਰਨਗੇ ਤੇ ਬਾਰਾਂ ਕਰੋੜ ਲੋਕ ਇਸ ਦੀ ਲਪੇਟ ਵਿੱਚ ਆ ਸਕਦੇ ਹਨ ਕਰੋਨਾ ਮਹਾਂਮਾਰੀ ਤੋਂ ਵੀ ਵੱਡੀ ਮਹਾਂਮਾਰੀ ਭੁੱਖਮਰੀ ਦੀ ਹੋਵੇਗੀ।ਪਰ ਕੇਂਦਰ ਸਰਕਾਰ ਵਪਾਰਕ ਲਿਹਾਜ਼ ਨਾਲ ਸਭ ਤੋਂ ਵੱਧ ਮਹੱਤਵਪੂਰਨ ਖੇਤੀ ਕਿੱਤੇ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਲਈ ਤੇ ਸੂਬਿਆਂ ਦੇ ਅਧਿਕਾਰ ਖੇਤਰ ਦੇ ਸਬਜੈਕਟ ਖੇਤੀ ਤੇ ਬਿਜਲੀ ‘ਤੇ ਹੱਲਾ ਬੋਲ ਕੇ ਕੇਂਦਰੀਕਰਨ ਕਰ ਰਹੀ ਹੈ ਤੇ ਸੰਘੀ ਢਾਂਚੇ ਦਾ ਬੜਾ ਘੱਟ ਰਹੀ ਹੈ ਤੇ ਦੇਸ਼ ਦੇ ਲੋਕਾਂ ਨਾਲ ਇਹ ਇੱਕ ਤਰ੍ਹਾਂ ਦਾ ਸਰਕਾਰੀ ਦੇਸ਼ ਧ੍ਰੋਹ ਹੈ।ਸਿੱਤਮ ਦੀ ਗੱਲ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਦੀ ਸਿਆਸੀ ਮਜਬੂਰੀ ਤਹਿਤ ਸੰਘੀ ਢਾਂਚੇ ਤੇ ਪੰਜਾਬ ਦੇ ਕਿਸਾਨੀ ਕਿੱਤੇ ਪ੍ਰਤੀ ਜੁਆਬਦੇਹੀ ਨੂੰ ਤਿਲਾਂਜਲੀ ਲਈ ਦੇ ਕੇ ਮੋਦੀ ਸਰਕਾਰ ਅੱਗੇ ਲੰਮੇ ਪੈ ਗਿਆ ਹੈ।ਆਰਡੀਨੈਂਸ ਤੇ ਬਿਜਲੀ ਸੋਧ ਬਿਲ ਵੀ ਕਿਸਾਨੀ ਕਿੱਤੇ ਖੇਤੀ ਮੰਡੀ ਨੂੰ ਤਬਾਹ ਕਰਕੇ ਵੱਡੇ ਕਾਰਪੋਰੇਟ ਘਰਾਨਿਆਂ ਦੇ ਰਹਿਮੋ ਕਰਮ ‘ਤੇ ਕਰ ਦੇਣਗੇ ਤੇ ਪੰਜ ਸੌ ਏਕੜ ਤੋਂ ਹਜ਼ਾਰ ਏਕੜ ਤੱਕ ਖੇਤੀ ਕਿਸਾਨ ਫਾਰਮ ਹੋਂਦ ਵਿੱਚ ਆਉਣਗੇ।
                   ਕਿਸਾਨ ਆਗੂਆਂ ਵਲੋਂ ਪੰਜਾਬ ਦੀ ਜਨਤਾ ਨੂੰ ਤਿੱਖੇ ਸੰਘਰਸ਼ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਜ਼ੋਰਦਾਰ ਮੰਗ ਕੀਤੀ ਕਿ ਉਕਤ ਤਿੰਨੇ ਆਰਡੀਨੈਸ ਤੇ ਬਿਜਲੀ ਸੋਧ ਬਿੱਲ ਵੀ ਤੁਰੰਤ ਰੱਦ ਕੀਤੇ ਜਾਣ, ਕਿਸਾਨਾਂ ਮਜ਼ਦੂਰਾਂ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਪੂਰਨ ਰੂਪ ਵਿੱਚ ਲਾਗੂ ਕਰਕੇ 23 ਫਸਲਾਂ 2 ਸੀ ਧਾਰਾ ਮੁਤਾਬਿਕ ਲਾਗਤ ਖਰਚੇ ਗਿਣ ਕੇ 50% ਮੁਨਾਫਾ ਜੋੜ ਕੇ ਦਿੱਤੇ ਜਾਣ, ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਨੂੰ ਕਾਰਪੋਰੇਟ ਘਰਾਨਿਆਂ ਨੂੰ ਸਨਅਤਾਂ ਲਾਉਣ ਦੇ ਬਹਾਨੇ ਦੇਣ ਦੇ ਫੈਸਲੇ ਰੱਦ ਕੀਤੇ ਜਾਣ, ਇੰਤਕਾਲ ਫੀਸ ਵਿੱਚ ਕੀਤਾ ਵਾਧਾ ਤੇ ਹੋਰ ਲਾਏ ਜਾ ਰਹੇ ਟੈਕਸ ਰੱਦ ਕੀਤੇ ਜਾਣ।ਪੰਜਾਬ ਸਰਕਾਰ ਵਲੋਂ ਮੰਨੀਆਂ ਹੋਈਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ।ਰੇਲਵੇ ਵਿਭਾਗ ਤੇ ਪੰਜਾਬ ਪੁਲਿਸ ਵਲੋਂ ਕਿਸਾਨਾਂ ਮਜ਼ਦੂਰਾਂ ‘ਤੇ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ
              ਇਸ ਮੌਕੇ ਅਜੀਤ ਸਿੰਘ ਠੱਠੀਆਂ ਚਰਨ ਸਿੰਘ ਕਲੇਰ ਘੁਮਾਣ, ਹਰਬਿੰਦਰ ਸਿੰਘ ਭਲਾਈਪੁਰ, ਸਵਿੰਦਰ ਸਿੰਘ ਰੂਪੋਵਾਲੀ, ਮੁਖਤਾਰ ਸਿੰਘ ਭੰਗਵਾ, ਗੁਰਦੇਵ ਸਿੰਘ ਗੱਗੋਮਾਹਲ, ਸਾਹਿਬ ਸਿੰਘ, ਕੁਲਵੰਤ ਸਿੰਘ ਕੱਕੜ, ਸਕੱਤਰ ਸਿੰਘ ਕੋਟਲਾ, ਰਾਜ ਸਿੰਘ ਤਾਜੇਚੱਕ, ਗੁਰਦੇਵ ਸਿੰਘ, ਵਰਪਾਲ ਬੀਬੀ ਜਗੀਰ ਕੌਰ ਘੁਮਾਣ ਆਦਿ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …