ਕੈਬਿਨਟ ਮੰਤਰੀ ਸੋਨੀ ਤੇ ਪੁਲੀਸ ਕਮਿਸ਼ਨਰ ਵਲੋਂ ਸ਼ਹਿਰ ਦਾ ਦੌਰਾ
ਅੰਮ੍ਰਿਤਸਰ 24 ਅਗਸਤ (ਸੁਖਬੀਰ ਸਿੰਘ) – ਲੋਕਾਂ ਵਲੋ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਕੇ ਹੀ ਕੋਰੋਨਾ ਮਰੀਜਾਂ ਦੀ ਗਿਣਤੀ ਵਧ ਰਹੀ ਹੈ।ਇਸ
ਲਈ ਸਰਕਾਰ ਵਲੋਂ ਇਸ ਮਹਾਮਾਰੀ ਨਾਲ ਨਜਿੱਠਣ ਲਈ ਸਖਤ ਕਦਮ ਚੁੱਕਣੇ ਪੈ ਰਹੇ ਹਨ ਤਾਂ ਜੋ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਅੱਜ ਪੁਲੀਸ ਕਮਿਸ਼ਨਰ ਦੇ ਨਾਲ ਹਾਲ ਬਾਜ਼ਾਰ, ਕਟੜਾ ਸ਼ੇਰ ਸਿੰਘ, ਹਾਥੀ ਗੇਟ, ਲਾਹੋਰੀ ਗੇਟ ਅਤੇ ਪੁਤਲੀਘਰ ਇਲਾਕੇ ਦਾ ਜਾਇਜ਼ਾ ਲੈਣ ਲਈ ਦੌਰਾ ਕਰਨ ਉਪਰੰਤ ਕੀਤਾ।ਸੋਨੀ ਨੇ ਕਿਹਾ ਕਿ ਲੋਕਾਂ ਦੀ ਅਣਗਹਿਲੀ ਕਰਕੇ ਹੀ ਇਹ ਮਹਾਮਾਰੀ ਫੈਲ ਰਹੀ ਹੈ। ਉਨਾਂ ਦੱਸਿਆ ਕਿ ਉਨਾਂ ਆਪਣੇ ਦੌਰੇ ਦੌਰਾਨ ਦੇਖਿਆ ਹੈ ਕਿ ਕੁੱਝ ਲੋਕਾਂ ਵਲੋ ਮਾਸਕ ਦੀ ਵਰਤੋ ਨਹੀ ਕੀਤੀ ਜਾ ਰਹੀ। ਜਿਸ ਕਾਰਨ ਉਹ ਆਪ ਤੇ ਦੂਜੇ ਲੋਕਾਂ ਦੀ ਜਾਨ ਨੂੰ ਵੀ ਖ਼ਤਰੇ ਵਿਚ ਪਾ ਰਹੇ ਹਨ।ਸੋਨੀ ਨੇ ਪੁਲੀਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਾਸਕ ਦੀ ਵਰਤੋਂ ਯਕੀਨੀ ਬਣਾਉਣ ਅਤੇ ਕਿਸੇ ਨੂੰ ਵੀ ਬਿਨਾਂ ਮਾਸਕ ਤੋਂ ਘੁੰਮਣ ਨਾ ਦਿੱਤਾ ਜਾਵੇ।ਜੋ ਲੋਕ ਇੰਨਾਂ ਹਦਾਇਤਾਂ ਦੀ ਪਾਲਣਾ ਨਹੀ ਕਰਦੇ ਉਨਾਂ ਤੇ ਕਾਨੂੰਨ ਅਨੁਸਾਰ ਸਖਤੀ ਕੀਤੀ ਜਾਵੇ।
ਸੋਨੀ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਮਹਾਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ।ਇਹ ਵੇਖਣ ਵਿਚ ਆਇਆ ਹੈ ਕਿ ਦੁਕਾਨਦਾਰ ਆਪਣਾ ਮਾਸਕ ਗਲੇ ਵਿਚ ਪਾਈ ਰੱਖਦੇ ਹਨ।ਉਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਹਰੇਕ ਮੁਹੱਲੇ ਵਿਚ ਮੋਬਾਇਲ ਕੋਵਿਡ-19 ਟੈਸਟਿੰਗ ਵੈਨਾਂ ਭੇਜੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਆਪਣਾ ਕੋਵਿਡ-19 ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।ਇਹ ਟੈਸਟ ਬਿਲੁਕੱਲ ਮੁਫਤ ਕੀਤਾ ਜਾਂਦਾ ਹੈ।
ਡਾ: ਸੁਖਚੈਨ ਸਿੰਘ ਗਿੱਲ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਪੁਲੀਸ ਸਿਹਤ ਵਿਭਾਗ ਵਲੋ ਦਿੱਤੀਆਂ ਗਈਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਵਾਏਗੀ ਅਤੇ ਲੋੜ ਪੈਣ ‘ਤੇ ਪੁਲੀਸ ਵਲੋ ਫਲੈਗ ਮਾਰਚ ਵੀ ਕੱਢਿਆ ਜਾਵੇਗਾ। ਉਨਾਂ ਕਿਹਾ ਕਿ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਲੜੀ ਵਾਰ ਇਕ ਦਿਨ ਸੱਜੇ ਪਾਸੇ ਅਤੇ ਇਕ ਦਿਨ ਖੱਬੇ ਪਾਸੇ ਦੀਆਂ ਦੁਕਾਨਾਂ ਨੂੰ ਖੁਲਵਾਇਆ ਜਾਵੇਗਾ ਅਤੇ ਜਿਹੜੇ ਦੁਕਾਨਦਾਰ ਇੰਨਾਂ ਹਦਾਇਤਾਂ ਦੀ ਪਾਲਣਾ ਨਹੀ ਕਰਨਗੇ ਉਨਾਂ ਦੇ ਚਲਾਨ ਵੀ ਕੀਤੇ ਜਾਣਗੇ।
Punjab Post Daily Online Newspaper & Print Media