Thursday, March 26, 2026

ਡਿਪਟੀ ਕਮਿਸ਼ਨਰ ਵਲੋਂ ਕਰੋਨਾ ਦੀ ਰੋਕਥਾਮ ਲਈ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ

ਪੇਂਡੂ ਡਿਸਪੈਂਸਰੀਆਂ ਰਾਹੀਂ ਨਮੂਨੇ ਇਕੱਤਰ ਕਰਨ `ਤੇ ਜ਼ੋਰ

ਕਪੂਰਥਲਾ, 24 ਅਗਸਤ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ‘ਚ ਕਰੋਨਾ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਅੱਜ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਸੀਨੀਅਰ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ।ਜਿਸ ਦੌਰਾਨ ਦਿਹਾਤੀ ਖੇਤਰਾਂ ਵਿਚ ਟੈਸਟਿੰਗ, ਨਵੇਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ, ਕੰਟੈਕਟ ਟਰੇਸਿੰਗ, ਲੈਵਲ ਤਿੰਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਦਿਹਾਤੀ ਖੇਤਰਾਂ ਅੰਦਰ ਵੀ ਟੈਸਟਿੰਗ ਨੂੰ ਤੇਜ਼ ਕਰਨ ਦੇ ਮਕਸਦ ਨਾਲ ਜਿਲ੍ਹੇ ‘ਚ ਪੇਂਡੂ ਡਿਸਪੈਂਸਰੀਆਂ ਰਾਹੀਂ ਨਮੂਨੇ ਇਕੱਤਰ ਕਰਨ `ਤੇ ਜ਼ੋਰ ਦਿੱਤਾ ਗਿਆ।
                ਮੀਟਿੰਗ ਦੌਰਾਨ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਸਿਵਲ ਤੇ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਕਰੋਨਾ ਦੇ ਤੇਜ਼ੀ ਨਾਲ ਵਧਦੇ ਕੇਸਾਂ ਦੇ ਮੱਦੇਨਜ਼ਰ ਅਨਲਾਕ-3 ਦੌਰਾਨ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ।
              ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਗੰਭੀਰ ਕਿਸਮ ਦੇ ਕੇਸਾਂ ਨਾਲ ਨਜਿੱਠਣ ਲਈ ਲੈਵਲ-3 ਦੀਆਂ ਸਿਹਤ ਸੇਵਾਵਾਂ ਦਾ ਪ੍ਰਬੰਧ ਵੀ ਹੈ, ਜਿਸ ਨਾਲ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਵਿਚ ਮਦਦ ਮਿਲੇਗੀ।ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰੋਨਾ ਪਾਜੀਟਿਵ ਕੇਸਾਂ ਦੇ ਨੇੜਲੇ 10 ਸੰਪਰਕ ਵਾਲੇ ਵਿਅਕਤੀਆਂ ਨੂੰ ਲੱਭਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਾਰੇ ਸਰਕਾਰੀ, ਨਿੱਜੀ ਦਫਤਰਾਂ ਤੇ ਸ਼ਾਪਿੰਗ ਮਾਲਾਂ ਆਦਿ ਵਿੱਚ ਕੋਵਿਡ ਮਾਨੀਟਰਾਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ।ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਦਮ ਚੁੱਕਣੇ ਯਕੀਨੀ ਬਣਾਉਣ।
               ਇਸ ਤੋਂ ਇਲਾਵਾ `ਇਤਿਹਾਸ` ਪੋਰਟਲ ਰਾਹੀਂ ਕਰੋਨਾ ਦੇ ਸੰਭਾਵੀ ਖੇਤਰਾਂ ਵੱਲ ਵਿਸ਼ੇਸ਼ ਤਵੱਜ਼ੋ ਦੇਣ ਤੇ ਵਿਸ਼ੇਸ਼ ਕੈਂਪ ਲਗਾ ਕੇ ਟੈਸਟ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ ਗਿਆ।
            ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰਪਾਲ ਆਂਗਰਾ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਰਾਜੀਵ ਵਰਮਾ, ਐਸ.ਪੀ ਮਨਦੀਪ ਸਿੰਘ, ਵਰਿੰਦਰਪਾਲ ਸਿੰਘ ਬਾਜਵਾ, ਡਾ. ਚਾਰੂਮਿਤਾ, ਪਵਿੱਤਰ ਸਿੰਘ (ਸਾਰੇ ਐਸ.ਡੀ.ਐਮ), ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …