Tuesday, March 17, 2026

ਕਾਮਾਗਾਟਾ ਮਾਰੂ ਐਪੀਸੋਡ ਵਿਸ਼ੇ ‘ਤੇ ਇਕ-ਦਿਨਾ ਰਾਸ਼ਟਰੀ ਸੈਮੀਨਾਰ ਆਯੋਜਿਤ

PPN28101421
ਅੰਮ੍ਰਿਤਸਰ, 28 ਅਕਤੂਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਇਥੇ ਕਾਮਾਗਾਟਾ ਮਾਰੂ ਐਪੀਸੋਡ ਵਿਸ਼ੇ ‘ਤੇ ਇਕ-ਦਿਨਾ ਰਾਸ਼ਟਰੀ ਸੈਮੀਨਾਰ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਕਾਮਾਗਾਟਾ ਮਾਰੂ ਸਫਰ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ। ਇਸ ਮੌਕੇ ਵੱਖ-ਵੱਖ ਵਿਦਿਅਕ ਅਤੇ ਖੋਜ ਅਦਾਰਿਆਂ ਤੋਂ ਇਤਿਹਾਸਕਾਰਾਂ ਅਤੇ ਖੋਜਾਰਥੀਆਂ ਨੇ ਭਾਗ ਲਿਆ। ਇਸ ਮੌਕੇ ਬਾਬਾ ਗੁਰਦਿੱਤ ਸਿੰਘ ਦੀਆਂ ਪੋਤਰੀਆਂ ਅਤੇ ਉਨਾਂ੍ਹ ਦੇ ਪਰਿਵਾਰਾਂ ਨੂੰ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਮਾਨਯੋਗ ਸਿਖਿਆ ਮੰਤਰੀ, ਪੰਜਾਬ ਡਾ. ਡੀ.ਐਸ. ਚੀਮਾ ਨੇ ਸੈਮੀਨਾਰ ਦਾ ਉਦਘਾਟਨ ਕੀਤਾ ਜਦੋਂਕਿ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਸੈਮੀਨਾਰ ਦੀ ਪ੍ਰਧਾਨਗੀ ਕੀਤੀ।ਨਾਮਵਰ ਇਤਿਹਾਸਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਰਜਿਸਟਰਾਰ, ਡਾ. ਪਰਮ ਬਖਸ਼ੀਸ਼ ਸਿੰਘ ਨੇ ਕੁੰਜੀਵਤ ਭਾਸ਼ਣ ਦਿੱਤਾ। ਸੈਮੀਨਾਰ ਦੇ ਕੋਆਰਡੀਨੇਟਰ ਤੇ ਮੁਖੀ, ਨਾਮਧਾਰੀ ਗੁਰੂ ਰਾਮ ਸਿੰਘ ਚੇਅਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ ਅਤੇ ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਆਪਣੇ ਉਦਘਾਟਨੀ ਭਾਸ਼ਣ ਵਿਚ ਡਾ. ਚੀਮਾ ਨੇ ਅਜ਼ਾਦੀ ਘੁਲਾਟੀਆਂ ਦੇ ਗਦਰੀਆਂ ਦੇ ਯੋਗਦਾਨ ਬਾਰੇ ਚਰਚਾ ਕੀਤੀ। ਉਨ੍ਹਾਂ ਕਾਮਾਗਾਟਾ ਮਾਰੂ ਐਪੀਸੋਡ ਦੌਰਾਨ ਬਾਬਾ ਗੁਰਦਿੱਤ ਸਿੰਘ ਦੇ ਕੀਤੇ ਉਪਰਾਲਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੁਤੰਤਰਤਾ ਸੰਗਰਾਮੀਆਂ ਦੇ ਜੀਵਨ ਤੋਂ ਸੇਧ ਲੈਣ ਲਈ ਵੀ ਪ੍ਰੇਰਿਆ ਅਤੇ ਉਨ੍ਹਾਂ ਮਹਾਨ ਨਾਇਕਾਂ ਨੂੰ ਆਪਣੇ ਆਦਰਸ਼ ਬਣਾਉਣ ਲਈ ਕਿਹਾ। ਉਨ੍ਹਾਂ ਇਸ ਮੌਕੇ ਕੈਨੇਡਾ ਵਿਚ ਵੱਸ ਰਹੇ ਭਾਰਤੀਆਂ ਵੱਲੋਂ ਅਜ਼ਾਦੀ ਦੀ ਇਸ ਮੁਹਿੰਮ ਨੂੰ ਯਾਦ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਬਾਬਾ ਗੁਰਦਿੱਤ ਸਿੰਘ ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਸਨ ਅਤੇ ਉਨਾਂ੍ਹ ਦਿਨਾਂ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਹਨਨ ਬਾਰੇ ਉਨ੍ਹਾਂ ਸ਼ਾਂਤੀਪੂਰਵਕ ਅਵਾਜ ਉਠਾਈ ਅਤੇ ਆਮ ਜਨਤਾ ਨੂੰ ਇਸ ਕਾਰਵਾਈ ਵਿਰੁੱਧ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਇਸ ਲਹਿਰ ਨੂੰ ਹੁਣ ਤਕ ਉਹ ਯੋਗ ਸਥਾਨ ਨਹੀਂ ਮਿਲ ਸਕਿਆ ਜਿਹੜਾ ਕਿ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਨ੍ਹਾਂ ਅਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਇਕ ਚੇਅਰ ਦੀ ਸਥਾਪਨਾ ਕਰਨੀ ਚਾਹੀਦੀ ਹੈ ਤਾਂ ਜੋ ਵੱਧ-ਵੱਧ ਜਾਣਕਾਰੀ ਨੌਜੁਆਨ ਪੀੜ੍ਹੀ ਤਕ ਪਹੁੰਚ ਸਕੇ।
ਪ੍ਰੋ. ਪਰਮ ਬਖਸ਼ੀਸ਼ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਕਾਮਾਗਾਟਾ ਮਾਰੂ ਸਾਕੇ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਵਿਸਥਾਰਪੂਰਵਕ ਦੱਸਿਆ। ਉਨਾਂ੍ਹ ਕਿਹਾ ਕਿ ਇਹ ਘਟਨਾ ਬਾਬਾ ਗੁਰਦਿੱਤ ਸਿੰਘ ਵੱਲੋਂ ਬ੍ਰਿਟਿਸ਼ ਨਿਆਂਪ੍ਰਣਾਲੀ ਖਿਲਾਫ ਆਵਾਜ ਸੀ ਅਤੇ ਇਸ ਵਿਚ ਬਹੁਤ ਸਾਰੇ ਬੇਗੁਨਾਹਾਂ ਨੇ ਆਪਣੀਆਂ ਜਾਨਾਂ ਗੁਆਈਆਂ। ਪ੍ਰੋ. ਬਰਾੜ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਯੂਨੀਵਰਸਿਟੀ ਵੱਲੋਂ ਮਿਆਰੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅਜਿਹੇ ਸੈਮੀਨਾਰ ਵੱਧ ਤੋਂ ਵੱਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਤਿਹਾਸਕਾਰਾਂ ਨੂੰ ਬਸਤੀਵਾਦੀ ਸੋਚ ਪ੍ਰਣਾਲੀ ਤੋਂ ਮੁਕਤ ਹੋ ਕੇ ਇਤਿਹਾਸ ਲਿਖਣ ਅਤੇ ਸੋਧ ਕਰਨ। ਉਨ੍ਹਾਂ ਕਿਹਾ ਕਿ ਸੱਚ ਤੇ ਤੱਥ ਆਧਾਰਿਤ ਇਤਿਹਾਸ ਲਿਖਣਾ ਚਾਹੀਦਾ ਹੈ।
ਇਸ ਮੌਕੇ ਪ੍ਰੋ. ਜੋਗਿੰਦਰ ਸਿੰਘ ਵੱਲੋਂ ਗਦਰ ਲਹਿਰ ‘ਤੇ ਹੋਏ ਸੈਮੀਨਾਰ ‘ਚ ਪੇਸ਼ ਕੀਤੇ ਖੋਜ ਪਰਚਿਆਂ ‘ਤੇ ਆਧਾਰਿਤ ਪੁਸਤਕ ਅਤੇ ਯੂਨੀਵਰਸਿਟੀ ਦੀ ਭਾਈ ਗਰੁਦਾਸ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ, ਡਾ. ਐਚ.ਐਸ. ਚੋਪੜਾ ਵੱਲੋਂ ਸੰਪਾਦਿਤ ਕਾਮਾਗਾਟਾ ਮਾਰੂ ਵਿਸ਼ੇ ‘ਤੇ ਬਿਬਲੋਗ੍ਰਾਫੀ ਵੀ ਮੁੱਖ ਮਹਿਮਾਨ ਅਤੇ ਹੋਰਨਾਂ ਵੱਲੋਂ ਰਿਲੀਜ਼ ਕੀਤੀ ਗਈ। ਪ੍ਰੋ. ਬਰਾੜ ਨੇ ਡਾ. ਚੀਮਾ ਅਤੇ ਪ੍ਰੋ. ਪਰਮ ਬਖਸ਼ੀਸ਼ ਸਿੰਘ ਨੂੰ ਯੂਨੀਵਰਸਿਟੀ ਵੱਲੋਂ ਯਾਦਗਾਰੀ ਚਿੰਨ੍ਹ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ। ਡਾ. ਚੰਦਾ ਚੈਟਰਜੀ, ਡਾ. ਜੋਤੀ ਦਾਹੀਆ, ਡਾ. ਸੁਖਦਿਆਲ ਸਿੰਘ, ਸ੍ਰੀ ਚਿਰੰਜੀ ਲਾਲ, ਡਾ. ਨਾਜਰ ਸਿੰਘ, ਸ੍ਰੀ ਸਵਰਾਜਬੀਰ, ਡਾ. ਜਸਪਾਲ ਕੌਰ, ਡਾ. ਅਮਨਦੀਪ ਸਿੰਘ, ਡਾ. ਹਰੀਸ਼ ਚੰਦਰ ਸ਼ਰਮਾ, ਡਾ. ਐਚ.ਐਸ. ਚੋਪੜਾ, ਡਾ. ਐਚ.ਐਸ. ਬੇਦੀ, ਡਾ. ਹਰਪ੍ਰੀਤ ਮਾਂਗਟ ਅਤੇ ਡਾ. ਨਵਤੇਜ ਸਿੰਘ ਨੇ ਵੀ ਆਪਣੇ ਖੋਜ ਪਰਚੇ ਪੇਸ਼ ਕੀਤੇ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply