Tuesday, March 10, 2026

ਸਰਬੱਤ ਸਿਹਤ ਬੀਮਾ ਸੇਵਾਵਾਂ ਦੇਣ ਵਾਲੇ 10 ਚੋਟੀ ਦੇ ਹਸਪਤਾਲਾਂ ‘ਚ 6 ਸਰਕਾਰੀ ਸਿਹਤ ਸੰਸਥਾਵਾਂ ਸ਼ਾਮਿਲ – ਡੀ.ਸੀ

ਨਵਾਂਸ਼ਹਿਰ, 2 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਮੁਹੱਈਆ ਕਰਵਾਈਆਂ ਜਾ ਰਹੀਆਂ ਮਿਆਰੀ ਸਿਹਤ ਸਹੂਲਤਾਂ ਦਾ ਜ਼ਿਲ੍ਹੇ ਦੇ ਹਜ਼ਾਰਾਂ ਮਰੀਜ਼ ਹੁਣ ਤੱਕ ਮੁਫ਼ਤ ਲਾਭ ਲੈ ਚੁੱਕੇ ਹਨ।ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸੇਵਾਵਾਂ ਦੇਣ ਵਾਲੀਆਂ ਜ਼ਿਲ੍ਹੇ ਦੀਆਂ ਚੋਟੀ ਦੀਆਂ 10 ਸਿਹਤ ਸੰਸਥਾਵਾਂ ਦੀ ਸੂਚੀ ਵਿਚ 6 ਸਰਕਾਰੀ ਸਿਹਤ ਸੰਸਥਾਵਾਂ ਵੀ ਸ਼ਾਮਲ ਹਨ, ਜਿਥੋਂ ਮਰੀਜ਼ਾਂ ਵੱਲੋਂ ਨਕਦੀ ਰਹਿਤ ਇਲਾਜ ਕਰਵਾਇਆ ਗਿਆ ਹੈ।ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਵੱਡੀ ਗਿਣਤੀ ਵਿਚ ਮਰੀਜ਼ਾਂ ਵੱਲੋਂ ਇਲਾਜ ਲਈ ਸਿਹਤ ਸੰਸਥਾਵਾਂ ਤੱਕ ਪਹੁੰਚ ਕੀਤੀ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਯੋਜਨਾ ਤਹਿਤ ਮਰੀਜ਼ਾਂ ਵੱਲੋਂ ਜਿਨ੍ਹਾਂ ਹਸਪਤਾਲਾਂ ਵਿਚ ਸਭ ਤੋਂ ਵੱਧ ਇਲਾਜ ਕਰਵਾਇਆ ਗਿਆ ਹੈ, ਉਨ੍ਹਾਂ ਵਿਚ ਆਈ.ਵੀ.ਵਾਈ ਹਸਪਤਾਲ ਨਵਾਂਸ਼ਹਿਰ, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਸਬ ਡਵੀਜ਼ਨਲ ਹਸਪਤਾਲ ਬਲਾਚੌਰ, ਸੀ.ਐਚ.ਸੀ ਬੰਗਾ, ਰਾਜਾ ਹਸਪਤਾਲ ਨਵਾਂਸ਼ਹਿਰ, ਸੀ.ਐਚ.ਸੀ ਮੁਕੰਦਪੁਰ, ਗੁਰੂ ਨਾਨਕ ਮਿਸ਼ਨ ਹਸਪਤਾਲ, ਸੀ.ਐਚ.ਸੀ ਰਾਹੋਂ, ਸੀ.ਐਚ.ਸੀ ਸੜੋਆ ਤੇ ਸਰਬ ਹਸਪਤਾਲ ਸ਼ਾਮਲ ਹਨ।
                   ਉਨ੍ਹਾਂ ਦੱਸਿਆ ਕਿ ਆਈ. ਵੀ. ਵਾਈ ਹਸਪਤਾਲ ਨਵਾਂਸ਼ਹਿਰ ਤੋਂ ਇਸ ਯੋਜਨਾ ਤਹਿਤ ਹੁਣ ਤੱਕ 4915 ਮਰੀਜ਼ਾਂ ਵੱਲੋਂ 5.53 ਕਰੋੜ ਰੁਪਏ ਦਾ ਇਲਾਜ ਕਰਵਾਇਆ ਗਿਆ ਹੈ।ਇਸੇ ਤਰ੍ਹਾਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਨੇ 2359 ਮਰੀਜ਼ਾਂ ਨੂੰ 1.32 ਕਰੜ ਰੁਪਏ, ਸਬ ਡਵੀਜ਼ਨਲ ਹਸਪਤਾਲ ਬਲਾਚੌਰ ਨੇ 1977 ਮਰੀਜ਼ਾਂ ਨੂੰ 1.02 ਕਰੋੜ ਰੁਪਏ, ਸੀ. ਐਚ. ਸੀ ਬੰਗਾ ਨੇ 1415 ਮਰੀਜ਼ਾਂ 55 ਲੱਖ ਰੁਪਏ, ਰਾਜਾ ਹਸਪਤਾਲ ਨਵਾਂਸ਼ਹਿਰ ਵੱਲੋਂ 1348 ਮਰੀਜ਼ਾਂ ਨੂੰ 1.58 ਕਰੋੜ ਰੁਪਏ, ਸੀ. ਐਚ. ਸੀ ਮੁਕੰਦਪੁਰ ਨੇ 1120 ਮਰੀਜ਼ਾਂ ਨੂੰ 81 ਲੱਖ ਰੁਪਏ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੇ 1041 ਮਰੀਜ਼ਾਂ ਨੂੰ 74 ਲੱਖ ਰੁਪਏ, ਸੀ. ਐਚ. ਸੀ ਰਾਹੋਂ ਨੇ 758 ਮਰੀਜ਼ਾਂ ਨੂੰ 31 ਲੱਖ ਰੁਪਏ, ਸੀ.ਐਚ.ਸੀ ਸੜੋਆ ਨੇ 612 ਮਰੀਜ਼ਾਂ ਨੂੰ 32 ਲੱਖ ਰੁਪਏ ਅਤੇ ਸਰਬ ਹਸਪਤਾਲ ਨੇ 120 ਮਰੀਜ਼ਾਂ ਨੂੰ 24 ਲੱਖ ਰੁਪਏ ਦੀਆਂ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਹਨ।
                  ਡਿਪਟੀ ਕਮਿਸ਼ਨਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ ਸਮੂਹ ਯੋਗ ਲਾਭਪਾਤਰੀਆਂ ਨੂੰ ਆਪਣੇ ਈ-ਕਾਰਡ ਬਣਵਾਉਣ ਦੀ ਅਪੀਲ ਕਰਦਿਆਂ ਕੀਤੀ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …