ਦੋਸ਼ੀਆਂ ਨੂੰ ਮਿਲਣ ਸਖ਼ਤ ਸਜ਼ਾਵਾਂ – ਬੀਬੀ ਜਗੀਰ ਕੌਰ
ਅੰਮ੍ਰਿਤਸਰ, 23 ਜੁਲਾਈ (ਜਗਦੀਪ ਸਿੰਘ) – ਨਵੰਬਰ 1984 ਵਿਚ ਕਾਨ੍ਹਪੁਰ ਵਿਖੇ ਕੀਤੇ ਗਏ ਸਿੱਖ ਕਤਲੇਆਮ ਦੇ ਕੇਸਾਂ ਨਾਲ ਸਬੰਧਤ ਸਿੱਟ ਵੱਲੋਂ ਸਬੂਤ ਇਕੱਠੇ ਕਰਕੇ ਕਾਰਵਾਈ ਅੱਗੇ ਤੋਰਨ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ।ਉਨਾਂ ਨੇ ਆਖਿਆ ਕਿ ਨਵੰਬਰ 1984 ਵਿਚ ਦਿੱਲੀ, ਕਾਨ੍ਹਪੁਰ, ਬੋਕਾਰੋ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ, ਪਰੰਤੂ ਦੁੱਖ ਦੀ ਗੱਲ ਹੈ ਕਿ ਲੰਮਾ ਸਮਾਂ ਬੀਤ ਜਾਣ ਬਾਅਦ ਵੀ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਲਗਾਤਾਰ ਪੈਰਵਾਈ ਕੀਤੀ ਹੈ, ਪਰੰਤੂ ਕਾਂਗਰਸ ਦੀ ਪੁਸ਼ਤਪਨਾਹੀ ਨਾਲ ਦੋਸ਼ੀ ਬਚਦੇ ਰਹੇ ਹਨ। ਇਥੋਂ ਤੱਕ ਕਿ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ ਕਮਲ ਨਾਥ ਵਰਗਿਆਂ ਨੂੰ ਕਾਂਗਰਸ ਨੇ ਰਾਜਸੀ ਅਹੁੱਦੇ ਦੇ ਕੇ ਨਿਵਾਜ਼ਿਆ।ਭਾਵੇਂ ਕਿ ਕੁਝ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਨਾਲ ਆਸ ਬੱਝੀ ਹੈ, ਪਰ 37 ਸਾਲ ਬੀਤਣ ਬਾਅਦ ਵੀ ਅਜੇ ਤੱਕ ਸਾਰੇ ਦੋਸ਼ੀ ਸਲਾਖਾਂ ਪਿੱਛੇ ਨਹੀਂ ਜਾ ਸਕੇ। ਹੁਣ ਜਦੋਂ ਇਕ ਵਾਰ ਫਿਰ ਕਾਨ੍ਹਪੁਰ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਅੱਗੇ ਤੁਰੀ ਹੈ ਤਾਂ ਅਸੀਂ ਆਸ ਕਰਦੇ ਹਾਂ ਕਿ ਜਲਦ ਹੀ ਇਸ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ।