Wednesday, September 30, 2026

ਡਾ. ਐਸ.ਪੀ ਸਿੰਘ ਓਬਰਾਏ ਨੇ ਬਲੱਡ ਮਨੀ ਦੇ ਕੇ ਫਾਂਸੀ ਦੀ ਸਜ਼ਾ ਤੋਂ ਬਚਾਇਆ ਸੋਹਨ ਲਾਲ

ਹੁਣ ਤੱਕ 117 ਨੌਜਵਾਨਾਂ ਨੂੰ ਮੌਤ ਦੀ ਸਜ਼ਾ ਤੋਂ ਬਚਾਇਆ – ਡਾ. ਓਬਰਾਏ

ਜਲੰਧਰ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਅਰਬ ਦੇਸ਼ਾਂ `ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾਅ ਕੇ ਹਜ਼ਾਰਾਂ ਘਰ ਸੁੰਞੇ ਹੋਣ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਸਿੱਖ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐਸ.ਪੀ ਸਿੰਘ ਓਬਰਾਏ ਨੇ ਮੁੜ ਦੁਬਈ `ਚ ਮੌਤ ਦੀ ਸਜ਼ਾ ਭੁਗਤ ਰਹੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਜੈਨਪੁਰ ਦੇ ਸੋਹਨ ਲਾਲ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਮੌਤ ਦੇ ਮੂੰਹ ਚੋਂ ਬਚਾਅ ਕੇ ਆਪਣੀ ਸੇਵਾ ਦੇ ਇਤਿਹਾਸ ਵਿੱਚ ਮੁੜ ਇੱਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ ਹੈ।
               ਬੀਤੀ ਰਾਤ ਆਪਣੇ ਪਰਿਵਾਰ ਕੋਲ ਪਹੁੰਚੇ ਸੋਹਨ ਲਾਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਮੌਜ਼ੂਦਗੀ `ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਮਾਜ ਸੇਵਕ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਦੁਬਈ ‘ਚ 9 ਜੂਨ 2016 ਨੂੰ ਹੋਏ ਇੱਕ ਝਗੜੇ ਦੌਰਾਨ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਸ਼ਾਹਕੋਟ ਦੇ ਪਿੰਡ ਡਡਹਾ ਦੌਲਤਪੁਰ ਨਾਲ ਸਬੰਧਿਤ ਜਸਵੀਰ ਸਿੰਘ ਦੀ ਮੌਤ ਹੋ ਗਈ ਸੀ।ਜਿਸ ਉਪਰੰਤ ਦੁਬਈ ਪੁਲਿਸ ਨੇ ਇਸ ਕੇਸ `ਚ ਸੋਹਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਾਅਦ `ਚ ਕੇਸ ਚੱਲਣ ਦੌਰਾਨ ਅਦਾਲਤ ਨੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ।
               ਡਾ. ਓਬਰਾਏ ਨੇ ਦੱਸਿਆ ਕਿ ਜਦ ਇਸ ਕੇਸ ਦੇ ਹੱਲ ਸਬੰਧੀ ਰਿਟਾਇਰਡ ਆਈ.ਪੀ.ਐਸ ਸੱਜਣ ਸਿੰਘ ਚੀਮਾ ਨੇ ਉਨ੍ਹਾਂ ਨੂੰ ਮਿਲ ਕੇ ਗੱਲ ਕੀਤੀ ਤਾਂ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਬਲੱਡ ਮਨੀ ਲੈਣ ਲਈ ਰਾਜ਼ੀ ਕਰਨ ਉਪਰੰਤ ਪਰਿਵਾਰ ਕੋਲੋਂ ਸਹਿਮਤੀ ਲੈ ਕੇ ਮੌਤ ਦੀ ਸਜ਼ਾਯਾਫ਼ਤਾ ਸੋਹਨ ਲਾਲ ਪੁੱਤਰ ਕਰਮ ਚੰਦ ਦਾ ਕੋਰਟ ਕੇਸ ਲੜਿਆ ਅਤੇ ਪੀੜਤ ਪਰਿਵਾਰ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਉਸ ਦੀ ਫ਼ਾਂਸੀ ਮੁਆਫ਼ ਕਰਵਾਉਣ ਉਪਰੰਤ ਅੱਜ ਕਰੀਬ 5 ਸਾਲ 2 ਮਹੀਨਿਆਂ ਬਾਅਦ ਜੇਲ੍ਹ ਦੀ ਕੋਠੜੀ `ਚੋਂ ਕੱਢ ਕੇ ਉਸ ਨੂੰ ਪਰਿਵਾਰ `ਚ ਲੈ ਆਂਦਾ ਹੈ।
                ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵਲੋਂ ਹੁਣ ਤੱਕ ਅਰਬ ਜੇਲ੍ਹਾਂ ਤੋਂ 117 ਨੌਜਵਾਨਾਂ ਨੂੰ ਫਾਂਸੀ ਜਾਂ ਉਮਰ ਕੈਦ ਤੋਂ ਬਚਾਇਆ ਗਿਆ ਹੈ।ਇਨ੍ਹਾਂ ਵਿਚ 85 ਨੌਜਵਾਨ ਪੰਜਾਬ, 2 ਹਰਿਆਣਾ, 3 ਹੈਦਰਾਬਾਦ, 1 ਗੁਜਰਾਤ, 1 ਬਿਹਾਰ, 2 ਮਹਾਂਰਾਸ਼ਟਰ, 17 ਪਾਕਿਸਤਾਨ, 1 ਫ਼ਿਲਪਾਈਨ ਅਤੇ 5 ਬੰਗਲਾ ਦੇਸ਼ ਨਾਲ ਸਬੰਧਿਤ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਹੁਣ ਤੱਕ 249 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਵੀ ਅਰਬ ਦੇਸ਼ਾਂ ਤੋਂ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾ ਚੁੱਕੇ ਹਨ।
ਫਾਂਸੀ ਦੀ ਸਜ਼ਾ ਤੋਂ ਬਚ ਕੇ ਆਏ ਸੋਹਨ ਲਾਲ ਨੇ ਦੱਸਿਆ ਕਿ ਫਰਿਸ਼ਤਾ ਬਣ ਕੇ ਆਏ ਡਾ. ਐਸ.ਪੀ ਸਿੰਘ ਓਬਰਾਏ ਨੇ ਉਸ ਨੂੰ ਮੌਤ ਦੇ ਐਨ ਨੇੜਿਓਂ ਬਚਾਅ ਕੇ ਇੱਕ ਨਵਾਂ ਜੀਵਨ ਦਿੱਤਾ ਹੈ।ਜਿਸ ਲਈ ਉਹ ਤੇ ਉਸ ਦੇ ਪਰਿਵਾਰਕ ਮੈਂਬਰ ਉਨਾਂ ਦੇ ਰਿਣੀ ਰਹਿਣਗੇ।
               ਇਸ ਦੌਰਾਨ ਟਰੱਸਟ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਅਮਰਜੋਤ ਸਿੰਘ, ਸਤਨਾਮ ਸਿੰਘ ਮਾਣਕ, ਰਿਟਾ. ਆਈ. ਪੀ.ਐਸ ਸੱਜਣ ਸਿੰਘ ਚੀਮਾ, ਆਤਮ ਪ੍ਰਕਾਸ਼ ਸਿੰਘ, ਵਿਨੋਦ ਭੱਲਾ ਅਤੇ ਰਮਨ ਬਹਿਲ ਆਦਿ ਵੀ ਮੌਜ਼ੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …