ਭਾਰਤ ਦੇ ਤਿਉਹਾਰ ਦੇਸ਼ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਮਹਾਨ ਰੱਖਿਅਕ ਰਹੇ ਹਨ।ਸਾਲ ਭਰ ਵਿੱਚ ਅਨੇਕਾਂ ਤਿਉਹਾਰ ਆਉਂਦੇ ਹਨ, ਜੋ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ।ਭਾਰਤੀ ਜਨਤਾ ਸਦੀਆਂ ਤੋਂ ਇਹਨਾਂ ਤਿਉਹਾਰਾਂ ਨੂੰ ਮਨਾਉਂਦੀ ਆ ਰਹੀ ਹੈ।ਦੁਸਹਿਰਾ ਵੀ ਇਹਨਾਂ ਵਿਚੋਂ ਇੱਕ ਹੈ, ਜੋ ਭਾਰਤ ਵਾਸੀਆਂ ਨੂੰ ਅਧਰਮ ਤੋਂ ਧਰਮ ਵੱਲ, ਅਗਿਆਨ ਤੋਂ ਗਿਆਨ ਵੱਲ ਅਤੇ ਝੂਠ ਤੋਂ ਸੱਚ ਵੱਲ ਜਾਣ ਦੀ ਪ੍ਰੇਰਣਾ ਦਿੰਦਾ ਹੈ।
ਦੁਸਹਿਰੇ ਦਾ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਨੂੰ ਮਨਾਇਆ ਜਾਂਦਾ ਹੈ।ਇਸੇ ਲਈ ਇਸ ਨੂੰ ਵਿਜੇ-ਦਸ਼ਮੀ ਵੀ ਕਹਿੰਦੇ ਹਨ।ਮੁੱਖ ਤੌਰ ‘ਤੇ ਇਸ ਤਿਉਹਾਰ ਦਾ ਸੰਬੰਧ ਰਾਵਣ ਉਤੇ ਭਗਵਾਨ ਸ੍ਰੀ ਰਾਮ ਦੀ ਜਿੱਤ ਨਾਲ ਹੈ।ਰਾਵਣ ਬਹੁਤ ਵੱਡਾ ਵਿਦਵਾਨ ਅਤੇ ਟੀਕਾਕਾਰ ਪੰਡਿਤ ਸੀ।ਉਹ 6 ਸ਼ਾਸਤਰਾਂ ਅਤੇ ਚਾਰ ਵੇਦਾਂ ਦਾ ਗਿਆਤਾ ਸੀ।ਉਸ ਕੋਲ ਦਸ ਸਿਰਾਂ ਦਾ ਗਿਆਨ ਹੋਣ ਦੇ ਬਾਵਜ਼ੂਦ ਉਹ ਵਿਚਾਰਹੀਨ ਸੀ।ਗਿਆਨ ਅਤੇ ਸ਼ਕਤੀ ਦੇ ਅਭਿਮਾਨ ਵਿੱਚ ਉਹ ਦੇਵੀ ਦੇਵਤਿਆਂ ਨੂੰ ਤੰਗ ਕਰਦਾ ਹੁੰਦਾ ਸੀ।ਵਿਦਵਾਨ ਹੁੰਦੇ ਹੋਏ ਵੀ ਉਸ ਨੇ ਮਾਤਾ ਸੀਤਾ ਦਾ ਹਰਨ ਕੀਤਾ।ਜਿਸ ਕਰਕੇ ਸੋਨੇ ਦੀ ਲੰਕਾ ਜਲ ਗਈ ਅਤੇ ਉਹ ਆਪਣੇ ਪਰਿਵਾਰ ਸਮੇਤ ਮਾਰਿਆ ਗਿਆ।ਰਾਵਣ ਨੂੰ ਮਾਰ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਅਧਰਮ, ਅਗਿਆਨ ਅਤੇ ਝੂਠ ਉਤੇ ਧਰਮ, ਗਿਆਨ ਅਤੇ ਸੱਚ ਦੀ ਜਿੱਤ ਕਰਾਈ।ਇਸੇ ਕਰਕੇ ਹਰ ਸਾਲ ਇਹ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਦਸਮੀ ਤੋਂ ਪਹਿਲਾਂ 9 ਨਵਰਾਤਰੇ ਹੁੰਦੇ ਹਨ।ਇਹਨਾਂ ਦਿਨਾਂ ਵਿੱਚ ਭਗਵਾਨ ਸ੍ਰੀ ਰਾਮ ਦੀ ਕਥਾ ਰਾਮ ਲੀਲਾ ਦੇ ਰੂਪ ਵਿੱਚ ਦਿਖਾਈ ਜਾਂਦੀ ਹੈ।ਉਨ੍ਹਾਂ ਦੇ ਜਨਮ ਤੋਂ ਲੈ ਕੇ ਰਾਵਣ ਦੇ ਮਰਨ ਤੱਕ ਦੀਆਂ ਸਾਰੀਆਂ ਘਟਨਾਵਾਂ ਲੋਕਾਂ ਨੂੰ ਦਿਖਾ ਕੇ ਪ੍ਰੇਰਿਤ ਕੀਤਾ ਜਾਂਦਾ ਹੈ।ਦਸਮੀ ਵਾਲੇ ਦਿਨ ਸ਼ਹਿਰਾਂ ਵਿਚ ਇੱਕ ਖੁਲ੍ਹੇ ਸਥਾਨ ‘ਤੇ ਰਾਵਣ, ਕੁਭੰਕਰਣ ਅਤੇ ਮੇਘਨਾਥ ਦੇ ਵੱਡੇ ਵੱਡੇ ਬੁੱਤ ਬਣਾਏ ਜਾਂਦੇ ਹਨ।ਸ਼ਾਮ ਸਮੇਂ ਇਹਨਾਂ ਬੁੱਤਾਂ ਨੂੰ ਜਲਾ ਦਿੱਤਾ ਜਾਂਦਾ ਹੈ।
ਦੇਸ਼ ਵਾਸੀਆਂ ਲਈ ਇਸ ਦਿਨ ਦਾ ਖਾਸ ਮਹੱਤਵ ਹੈ।ਆਓ ਇਸ ਤਿਓਹਾਰ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਮਾਜਿਕ ਬੁਰਾਈਆਂ ਤੋਂ ਮੁਕਤ ਕਰੀਏ।15102021
(ਦੁਸਹਿਰੇ `ਤੇ ਵਿਸ਼ੇਸ਼)

ਸੰਜੀਵ ਬਾਂਸਲ
ਬਾਂਸਲ`ਜ ਗਰੁੱਪ
ਸੂਲਰ ਘਰਾਟ (ਸੰਗਰੂਰ)
Punjab Post Daily Online Newspaper & Print Media