ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਨਰਲ ਹਾਊਸ ਦੇ ਅਹਿਮ ਮਤਿਆਂ ਬਾਰੇ ਦਿੱਤੀ ਜਾਣਕਾਰੀ
ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਪੇਸ਼ ਕੀਤੇ ਗਏ ਸਿੱਖ ਮਸਲਿਆਂ ਨਾਲ ਸਬੰਧਤ ਅਹਿਮ ਮਤਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਕੌਮ ਦੇ ਕਈ ਮਸਲਿਆਂ ਦਾ ਭਾਰਤ ਸਰਕਾਰ ਪਾਸੋਂ ਸਰਲੀਕਰਨ ਮੰਗਿਆ ਗਿਆ ਹੈ ਅਤੇ ਕਈ ਮਸਲੇ ਰਾਜ ਸਰਕਾਰ ਨਾਲ ਸਬੰਧਤ ਹਨ।
ਉਨ੍ਹਾਂ ਦੱਸਿਆ ਕਿ ਜਨਰਲ ਇਜਲਾਸ ਦੇ ਇਕ ਮਤੇ ਵਿਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਮੁੜ ਤੋਂ ਖੋਲ੍ਹਣ ਸਬੰਧੀ ਦੋਹਾਂ ਸਰਕਾਰਾਂ ਦਾ ਧੰਨਵਾਦ ਕੀਤਾ ਗਿਆ ਹੈ। ਇਸ ਮਤੇ ਵਿਚ ਇਹ ਮੰਗ ਵੀ ਕੀਤੀ ਗਈ ਹੈ ਕਿ ਲਾਂਘੇ ਰਾਹੀਂ ਗੁਰ-ਅਸਥਾਨ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਖ਼ਤਮ ਕੀਤੀ ਜਾਵੇ ਅਤੇ ਪ੍ਰਕਿਰਿਆ ਵੀ ਸੁਖਾਲੀ ਕੀਤੀ ਜਾਵੇ।ਇਸੇ ਤਰ੍ਹਾਂ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਸਵਾਗਤ ਕਰਦੇ ਇਕ ਮਤੇ ਵਿਚ ਕਿਸਾਨਾਂ ਨੂੰ ਦੁਨੀਆਂ ਦਾ ਅੰਨਦਾਤਾ ਆਖਦਿਆਂ ਕਿਸਾਨਾਂ ਦੀ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਲਈ ਤੁਰੰਤ ਕਾਨੂੰਨ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਕ ਮਤੇ ਰਾਹੀਂ ਸਿੱਖ ਸੰਸਥਾਵਾਂ ਵਿਚ ਸਰਕਾਰੀ ਦਖ਼ਲ ਦੀ ਕਰੜੀ ਆਲੋਚਨਾ ਕੀਤੀ ਗਈ ਹੈ। ਇਸ ਮਤੇ ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵਿਚ ਸਰਕਾਰੀ ਦਖਲ ਦਾ ਹਵਾਲਾ ਦਿੰਦਿਆਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਸਿੱਖ ਸੰਸਥਾਵਾਂ ਵਿਚ ਸਰਕਾਰੀ ਦਖ਼ਲ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੀਆਂ ਜਨਰਲ ਚੋਣਾਂ ਉਪਰੰਤ ਵੀ ਅਹੁਦੇਦਾਰਾਂ ਦੀ ਚੋਣ ਨਹੀਂ ਹੋਣ ਦਿੱਤੀ ਜਾ ਰਹੀ, ਜੋ ਸਿੱਖ ਸੰਸਥਾ ਵਿਚ ਸਿੱਧਾ ਸਰਕਾਰੀ ਦਖ਼ਲ ਹੈ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਇਕ ਮਤੇ ਰਾਹੀਂ ਕਾਂਗਰਸ ਜਮਾਤ ਨੂੰ ਸਿੱਖ ਮਾਨਸਿਕਤਾ ਨੂੰ ਬਾਰ-ਬਾਰ ਪੀੜ ਦੇਣ ਵਾਲੀ ਜਮਾਤ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਜੂਨ 1984 ਅਤੇ ਫਿਰ ਨਵੰਬਰ 1984 ਵਿਚ ਸਿੱਖਾਂ ਦਾ ਕਤਲੇਆਮ ਕਰਕੇ ਮਾਨਵ ਵਿਰੋਧੀ ਪ੍ਰਗਟਾਵਾ ਕੀਤਾ।ਦੁੱਖ ਦੀ ਗੱਲ ਹੈ ਕਿ ਕਤਲੇਆਮ ਵਿਚ ਸ਼ਾਮਲ ਲੋਕਾਂ ਨੂੰ ਕਾਂਗਰਸ ਜਮਾਤ ਨਵਾਜ ਰਹੀ ਹੈ।ਹਾਲ ਹੀ ਵਿਚ ਜਗਦੀਸ਼ ਟਾਈਟਲਰ ਨੂੰ ਵੱਡਾ ਅਹੁੱਦਾ ਦਿੱਤਾ ਗਿਆ ਹੈ, ਜਿਸ ਨਾਲ ਸਿੱਖ ਭਾਵਨਾਵਾਂ ਦੁਖੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਤੇ ਵਿਚ ਟਾਈਟਲਰ ਨੂੰ ਪਾਰਟੀ ਦੇ ਵਿਸ਼ੇਸ਼ ਇਨਵਾਈਟੀ ਤੋਂ ਤੁਰੰਤ ਹਟਾ ਕੇ ਕਾਂਗਰਸ ਸਿੱਖ ਜਗਤ ਤੋਂ ਮੁਆਫ਼ੀ ਮੰਗਣ ਲਈ ਚੇਤਾਵਨੀ ਦਿੱਤੀ ਗਈ ਹੈ।
ਇਸੇ ਤਰ੍ਹਾਂ ਇਕ ਹੋਰ ਮਤੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਵਾਪਰਦੀਆਂ ਘਟਨਾਵਾਂ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਇਸ ਦੀ ਰੋਕਥਾਮ ਲਈ ਸਖ਼ਤ ਕਾਨੂੰਨ ਬਨਾਉਣ ਦੀ ਮੰਗ ਕੀਤੀ ਗਈ ਹੈ। ਇਸ ਮਤੇ ਰਾਹੀਂ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਦਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ।
ਦੇਸ਼ ਵਿਦੇਸ਼ਾਂ ਵਿਚ ਸਿੱਖਾਂ ’ਤੇ ਹੁੰਦੇ ਨਸਲੀ ਹਮਲਿਆਂ ’ਤੇ ਇਕ ਮਤੇ ਰਾਹੀਂ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਉਹ ਅਜਿਹੀਆਂ ਘਟਨਾਵਾਂ ਰੋਕਣ ਲਈ ਕਦਮ ਉਠਾਏ। ਦੇਸ਼ ਅੰਦਰ ਵੱਖ-ਵੱਖ ਸਰਕਾਰਾਂ ਨੂੰ ਇਸ ਸਬੰਧ ਵਿਚ ਹੁਕਮ ਜਾਰੀ ਕੀਤੇ ਜਾਣ ਅਤੇ ਵਿਦੇਸ਼ਾਂ ਵਿਚ ਨਸਲੀ ਹਮਲਿਆਂ ਨੂੰ ਰੋਕਣ ਲਈ ਭਾਰਤ ਸਰਕਾਰ ਵਿਦੇਸ਼ਾਂ ਦੀਆਂ ਸਰਕਾਰਾਂ ਪਾਸ ਕੂਟਨੀਤਕ ਪੱਧਰ ’ਤੇ ਪਹੁੰਚ ਕਰੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਜਨਰਲ ਇਜਲਾਸ ਦੇ ਇਕ ਮਤੇ ਰਾਹੀਂ ਕੇਂਦਰੀ ਬੋਰਡ ਸੀਬੀਐਸਈ ਵੱਲੋਂ ਪੰਜਾਬੀ ਭਾਸ਼ਾ ਨੂੰ ਮੁੱਖ ਵਿਸ਼ਿਆਂ ’ਚੋਂ ਬਾਹਰ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਸੀਬੀਐਸਈ ਦੇ ਇਸ ਕਦਮ ਨੂੰ ਸੂਬੇ ਦੇ ਵਿਦਿਆਰਥੀਆਂ ਨਾਲ ਘੋਰ ਬੇਇਨਸਾਫ਼ੀ ਹੈ ਅਤੇ ਇਹ ਸੰਘੀ ਸੰਵਿਧਾਨ ਦੀ ਮੂਲ ਭਾਵਨਾ ਦੇ ਬਰਖ਼ਿਲਾਫ਼ ਵੀ ਹੈ। ਇਸ ਲਈ ਭਾਰਤ ਸਰਕਾਰ ਸੀਬੀਐਸਈ ਵੱਲੋਂ ਪੰਜਾਬੀ ਭਾਸ਼ਾ ਨੂੰ ਮੁੱਖ ਵਿਸ਼ਿਆਂ ਵਿਚ ਮੁੜ ਸ਼ਾਮਲ ਕਰਵਾਉਣ ਲਈ ਤੁਰੰਤ ਕਾਰਵਾਈ ਕਰੇ।ਐਡਵੋਕੇਟ ਧਾਮੀ ਅਨੁਸਾਰ ਬੇਰੁਜ਼ਗਾਰੀ ਕਾਰਨ ਨੌਜੁਆਨੀ ਦੇ ਵਿਦੇਸ਼ਾਂ ਵਿਚ ਵੱਸਣ ਦੇ ਰੁਝਾਨ ’ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਇਕ ਮਤੇ ਰਾਹੀਂ ਸਰਕਾਰਾਂ ਤੋਂ ਮੰਗ ਕੀਤੀ ਗਈ ਕਿ ਨੌਜੁਆਨਾਂ ਲਈ ਰੁਜ਼ਗਾਰਮੁਖੀ ਨੀਤੀਆਂ ਘੜੀਆਂ ਜਾਣ, ਤਾਂ ਜੋ ਨੌਜੁਆਨ ਆਪਣੇ ਦੇਸ਼ ਅੰਦਰ ਰਹਿਣ ਵਿਚ ਮਾਣ ਮਹਿਸੂਸ ਕਰਨ।
ਉਨ੍ਹਾਂ ਦੱਸਿਆ ਕਿ ਸ਼ੋਸ਼ਲ ਮੀਡੀਆ ’ਤੇ ਸਿੱਖ ਗੁਰੂ ਸਾਹਿਬਾਨ, ਸਿੱਖ ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਸਿਧਾਂਤਾਂ ਵਿਰੁੱਧ ਪਾਈ ਜਾਂਦੀ ਸਮੱਗਰੀ ਦਾ ਰੁਝਾਨ ਮੰਦਭਾਗਾ ਹੈ, ਸਰਕਾਰ ਇਸ ਨੂੰ ਰੋਕਣ ਲਈ ਸਖ਼ਤ ਕਦਮ ਉਠਾਏ।ਇਸ ਦੇ ਨਾਲ ਹੀ ਸੱਭਿਆਚਾਰ ਦੇ ਨਾਂ ’ਤੇ ਫਿਲਮਾਂ ਤੇ ਗੀਤਾਂ ਆਦਿ ਵਿਚ ਪਰੋਸੀ ਜਾਂਦੀ ਅਸ਼ਲੀਲਤਾ ਦੀ ਨਿਖੇਧੀ ਦਾ ਮਤਾ ਵੀ ਲਿਆਂਦਾ ਗਿਆ ਹੈ।
ਇਸੇ ਦੌਰਾਨ ਨਵੇਂ ਚੁਣੇ ਗਏ ਜਨਰਲ ਸਕੱਤਰ ਸ. ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਨ ਸਭਾ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮੰਦਭਾਸ਼ਾ ਬੋਲਦਿਆਂ ਗੱਦਾਰ ਕਹਿਣਾ ਬੇਹੱਦ ਨਿੰਦਣਯੋਗ ਹੈ ਅਤੇ ਇਸ ਸਬੰਧ ਵਿਚ ਮਤਾ ਪਾਸ ਕਰਕੇ ਨਿੰਦਾ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਗੱਦਾਰ ਤਾਂ ਕਾਂਗਰਸ ਜਮਾਤ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਥਕ ਲੜਾਈ ਲੜੀ ਹੈ। ਇਸ ’ਤੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਨੂੰ ਸ਼ਾਮਲ ਕੀਤਾ ਜਾਂਦਾ ਹੈ।
ਇਸੇ ਦੌਰਾਨ ਬੀਤੇ ਸਮੇਂ ਵਿਚ ਵਿਛੜੀਆਂ ਕੁਝ ਸ਼ਖ਼ਸੀਅਤਾਂ ਸਬੰਧੀ ਸ਼ੋਕ ਮਤੇ ਪੜ੍ਹੇ ਗਏ। ਇਨ੍ਹਾਂ ਵਿਛੜੀਆਂ ਸ਼ਖ਼ਸੀਅਤਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਦਲਵਾਰ ਸਿੰਘ ਛੀਨੀਵਾਲ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੇਵਾ ਸਿੰਘ ਸੇਖਵਾਂ ਸਮੇਤ ਕਿਸਾਨ ਸੰਘਰਸ਼ ਦੌਰਾਨ ਅਕਾਲ ਚਲਾਣਾ ਕਰ ਗਏ ਕਿਸਾਨ ਸ਼ਾਮਲ ਹਨ। ਸ਼ੋਕ ਮਤਿਆਂ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦੇ ਕਹਿਣ ’ਤੇ ਸਿੱਖ ਸਕਾਲਰ ਡਾ. ਜੋਧ ਸਿੰਘ ਅਤੇ ਸ. ਜਰਨੈਲ ਸਿੰਘ ਦਿੱਲੀ ਦਾ ਨਾਂ ਵੀ ਸ਼ਾਮਲ ਕੀਤਾ ਗਿਆ।ਇਨ੍ਹਾਂ ਵਿਛੜੀਆਂ ਰੂਹਾਂ ਨਮਿਤ ਮੂਲਮੰਤਰ ਅਤੇ ਗੁਰਮੰਤਰ ਦੇ ਜਾਪ ਵੀ ਕੀਤੇ ਗਏ।