Saturday, April 25, 2026

ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਵਨ ਸਰੋਵਰ ‘ਚ ਗੁਟਕਾ ਸਾਹਿਬ ਸੁੱਟਣ ਵਾਲਾ ਸ਼੍ਰੋਮਣੀ ਕਮੇਟੀ ਵਲੋਂ ਪੁਲਿਸ ਹਵਾਲੇ

ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ

ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਨੌਜੁਆਨ ਵੱਲੋਂ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਨੂੰ ਸਰੋਵਰ ਵਿੱਚ ਸੁੱਟਣ ਦੀ ਵਾਪਰੀ ਮੰਦਭਾਗੀ ਘਟਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਸ਼੍ਰੋਮਣੀ ਕਮੇਟੀ ਅਧਿਕਾਰੀਆਂ ਪਾਸੋਂ ਘਟਨਾ ਦੀ ਜਾਣਕਾਰੀ ਮਿਲਣ ’ਤੇ ਤੁਰੰਤ ਅੰਮ੍ਰਿਤਸਰ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਇਕੱਤਰਤਾ ਕਰਕੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਇਕ ਨੌਜੁਆਨ ਜਿਸ ਨੇ ਆਪਣੇ ਕੇਸ ਕਤਲ ਕਰਵਾਏ ਹੋਏ ਹਨ, ਨੇ ਆਪਣੀ ਜੇਬ ਵਿੱਚੋਂ ਗੁਰਬਾਣੀ ਦਾ ਪਾਵਨ ਗੁਟਕਾ ਸਾਹਿਬ ਕੱਢ ਕੇ ਸਰੋਵਰ ਵਿਚ ਸੁੱਟ ਦਿੱਤਾ।ਇਹ ਨੌਜੁਆਨ ਆਪਣਾ ਨਾਮ ਰਣਬੀਰ ਸਿੰਘ ਦੱਸਦਾ ਹੈ, ਜਿਸ ਨੂੰ ਡਿਊਟੀ ਕਰ ਰਹੇ ਮੁਲਾਜ਼ਮਾਂ ਨੇ ਮੌਕੇ ’ਤੇ ਕਾਬੂ ਕਰਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਪੁਲਿਸ ਹਵਾਲੇ ਕਰ ਦਿੱਤਾ ਹੈ।
                 ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਘਟਨਾ ਅਚਾਨਕ ਵਾਪਰੀ ਘਟਨਾ ਨਹੀਂ, ਸਗੋਂ ਸੋਚੀ ਸਮਝੀ ਸਾਜ਼ਿਸ਼ ਹੈ, ਜੋ ਸਿੱਖਾਂ ਦੀਆਂ ਭਾਵਨਾਵਾਂ ਭੜਕਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਗੁਰਬਾਣੀ ਸਾਨੂੰ ਸਹੀ ਜੀਵਨ ਮਾਰਗ ਦੱਸਦਿਆਂ ਮਨੁੱਖਤਾ ਨੂੰ ਏਕੇ ਦਾ ਸੁਨੇਹਾ ਦਿੰਦੀ ਹੈ।ਗੁਰਬਾਣੀ ਦੀ ਬੇਅਦਬੀ ਕਰਨਾ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਹੈ।ਉਨ੍ਹਾਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੇ ਪਿੱਛੇ ਕੰਮ ਕਰ ਰਹੀਆਂ ਸ਼ਕਤੀਆਂ ਨੂੰ ਸਾਹਮਣੇ ਲਿਆ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਉਨ੍ਹਾਂ ਕਿਹਾ ਕਿ ਪਹਿਲਾਂ ਵੀ ਵੱਖ-ਵੱਖ ਥਾਵਾਂ ’ਤੇ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਨੇ ਸਿੱਖ ਹਿਰਦਿਆਂ ਤਾਰ-ਤਾਰ ਕੀਤਾ ਹੈ, ਪਰ ਸਰਕਾਰਾਂ ਵੱਲੋਂ ਦੋਸ਼ੀਆਂ ਦੇ ਪਿੱਛੇ ਕੰਮ ਕਰਦੀਆਂ ਤਾਕਤਾਂ ਨੂੰ ਸਾਹਮਣੇ ਨਹੀਂ ਲਿਆਂਦਾ ਜਾਂਦਾ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …