ਅੰਮ੍ਰਿਤਸਰ, 10 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਆਫ਼ ਲਾਅ ਅਤੇ ਖ਼ਾਲਸਾ ਕਾਲਜ
ਚਵਿੰਡਾ ਦੇਵੀ ਵਿਖੇ ‘ਕੌਮਾਂਤਰੀ ਮਹਿਲਾ’ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ।ਲਾਅ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਚਵਿੰਡਾ ਦੇਵੀ ਦੇ ਪ੍ਰਿੰਸੀਪਲ ਪ੍ਰੋ. ਗੁਰਦੇਵ ਸਿੰਘ ਨੇ ਔਰਤਾਂ ਦੇ ਸਮਾਜ ’ਚ ਪਾਏ ਜਾ ਰਹੇ ਯੋਗਦਾਨ ਅਤੇ ਉਨ੍ਹਾਂ ਦੀ ਸੁਰੱਖਿਆ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਸ੍ਰੀਮਤੀ ਇੰਦੂ ਅਰੋੜਾ, ਵਾਈਸ ਪ੍ਰੈਜੀਡੈਂਟ ਆਫ਼ ਵਾਇਸ ਆਫ਼ ਅੰਮ੍ਰਿਤਸਰ ਅਤੇ ਫਾਊਂਡਰ ਮੈਂਬਰ, ਮਾਝਾ ਹਾਊਸ, ਆਰਟਸ, ਲਿਟਰੇਚਰ ਐਂਡ ਕਲਚਰਲ ਪਲੇਟਫ਼ਾਰਮ ਨੇ ‘ਰੋਲ ਆਫ਼ ਵੂਮੈਨ ਇਨ ਐਜ਼ੂਕੇਸ਼ਨ’ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਵਿੱਦਿਆ ਸਮਾਜ ਦਾ ਮੁੱਢ ਹੈ, ਅਗਰ ਇਕ ਔਰਤ ਪੜ੍ਹਦੀ ਹੈ ਤਾਂ ਪੂਰਾ ਪਰਿਵਾਰ ਪੜ੍ਹਦਾ ਹੈ।ਉਨ੍ਹਾਂ ਕਿਹਾ ਕਿ ਭਾਰਤ ’ਚ 80 ਮਿਲੀਅਨ ਦੇ ਕਰੀਬ ਅਧਿਆਪਕ ਨੇ ਜਿਨ੍ਹਾਂ ’ਚੋਂ ਅੱਧ ਤੋਂ ਜਿਆਦਾ ਔਰਤਾਂ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਇਕ ਔਰਤ ਅਧਿਆਪਕ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਣਾ ਸਰੋਤ, ਚੰਗੀ ਸਲਾਹਕਾਰ ਅਤੇ ਮਾਰਗ ਦਰਸ਼ਕ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਕੁੱਝ ਪ੍ਰਸਿੱਧ ਔਰਤਾਂ ਸਾਵਿਤ੍ਰੀ ਬਾਈ ਫੂਲੈ, ਵਿਮਲ ਕੌਲ, ਗੀਤਾ ਧਰ ਰੰਜਨ ਅਤੇ ਊਮਾ ਪਾਠਕ ਆਦਿ ਬਾਰੇ ਦੱਸਿਆ ਜਿਨ੍ਹਾਂ ਨੇ ਜੀਵਨ ’ਚ ਕਠਿਨ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਸਫ਼ਲਤਾ ਹਾਸਲ ਕੀਤੀ।ਉਨ੍ਹਾਂ ਕਿਹਾ ਕਿ ਜੇਕਰ ਹਰ ਸਫ਼ਲ ਆਦਮੀ ਦੇ ਪਿੱਛੇ ਔਰਤ ਦਾ ਹੱਥ ਹੈ ਤਾਂ ਹਰ ਸਫ਼ਲ ਔਰਤ ਦੇ ਪਿੱਛੇ ਵੀ ਇਕ ਆਦਮੀ ਦਾ ਹੱਥ ਹੁੰਦਾ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰੇਕ ਆਦਮੀ ਨੂੰ ਹਰ ਔਰਤ ਨੂੰ ਇੱਜ਼ਤ ਤੇ ਸਤਿਕਾਰ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਮੌਜ਼ੂਦਗੀ ’ਚ ਔਰਤਾਂ ਸੁਰੱਖਿਅਤ ਮਹਿਸੂਸ ਕਰਨ। ਡਾ. ਗੁਨੀਸ਼ਾ ਸਲੂਜਾ, ਡਾ. ਹਰਪ੍ਰੀਤ ਕੌਰ, ਡਾ. ਰਾਸ਼ੀਮਾ ਪ੍ਰਭਾਕਰ, ਡਾ. ਰੇਨੂੰ ਸੈਣੀ, ਡਾ. ਪ੍ਰੀਤਇੰਦਰ ਕੌਰ, ਡਾ. ਸ਼ਿਵਨ ਸਰਪਾਲ, ਪ੍ਰੋ. ਹਰਕੰਵਲ ਕੌਰ, ਪ੍ਰੋ. ਮੁਨੀਸ਼ ਆਦਿ ਮੌਜ਼ੂਦ ਸਨ।
ਇਸੇ ਤਰ੍ਹਾਂ ਪ੍ਰਿੰਸੀਪਲ ਪ੍ਰੋ. ਗੁਰਦੇਵ ਸਿੰਘ ਨੇ ਕਿਹਾ ਕਿ ਅਧੁਨਿਕ ਸਮੇਂ ’ਚ ਔਰਤਾਂ ਹਰ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ।ਇਕ ਚੰਗੇ ਸਮਾਜ ਦੇ ਨਿਰਮਾਣ ਲਈ ਔਰਤਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਔਰਤਾਂ ਨੂੰ ਸਮਾਜ ’ਚ ਬਰਾਬਰਤਾ ਦੇ ਨਾਲ ਨਾਲ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਹਰ ਰਾਸ਼ਟਰ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ।ਅਜਿਹੀ ਆਜ਼ਾਦੀ ਜਾਂ ਅਧਿਕਾਰ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਜਿਸ ਦੇ ਹੁੰਦਿਆਂ ਅੱਜ ਵੀ ਔਰਤ ਸਮਾਜ ’ਚ ਸੁਰੱਖਿਅਤ ਨਹੀਂ ਹੈ।ਸਾਨੂੰ ਔਰਤਾਂ ਦੇ ਸਮਾਜ ਵਿਚ ਸ਼ੋਸ਼ਣ ਦੀ ਥਾਂ ਸਨਮਾਨ ਵੱਲ ਧਿਆਨ ਦੇਣ ਦੀ ਲੋੜ ਹੈ।ਇਸ ਉਪਰੰਤ ਕਾਲਜ ਵਿਦਿਆਰਥਣ ਨਵਦੀਪ ਕੌਰ ਬੀ.ਕਾਮ ਭਾਗ ਪਹਿਲਾ ਨੇ ਔਰਤਾਂ ਦੀ ਅਜੋਕੀ ਸਮਾਜ ਵਿਚ ਦੇਣ ਤੇ ਮਹੱਤਤਾ ਤੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਗੁਰਲੀਨ ਕੌਰ ਬੀ.ਕਾਮ ਭਾਗ ਦੂਜਾ ਦੀ ਵਿਦਿਆਰਥਣ ਨੇ ਇਕ ਕਵਿਤਾ ਰਾਹੀਂ ਔਰਤਾਂ ਦੀ ਸਮਾਜਿਕ ਦੁਰਦਸ਼ਾ ਨੂੰ ਪੇਸ਼ ਕੀਤਾ ਅਤੇ ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ ਗੀਤ ਦੀ ਪੇਸ਼ਕਾਰੀ ਕੀਤੀ।ਸਮਾਗਮ ਮੌਕੇ ਪੰਜਾਬੀ ਵਿਭਾਗ ਤੋਂ ਡਾ. ਪ੍ਰਭਜੀਤ ਕੌਰ ਸਿੱਧੂ ਨੇ ਪ੍ਰੋ. ਗੁਰਦੇਵ ਸਿੰਘ ਦੁਆਰਾ ਔਰਤ ਦਿਵਸ ’ਤੇ ਅਜਿਹਾ ਸਮਾਗਮ ਕਰਵਾਉਣ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media