ਸਾਹਿਤ ਪੜ੍ਹਣ ਨਾਲ ਆਮ ਤੋਂ ਖਾਸ ਬਣ ਜਾਂਦਾ ਹੈ =ਵਿਦਿਆਰਥੀ – ਡਾ. ਮਹਿਲ ਸਿੰਘ
ਅੰਮ੍ਰਿਤਸਰ, 27 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ
ਸਹਿਯੋਗ ਨਾਲ ਸਾਹਿਤ ਸਿਰਜਣਾ ਵਿਸ਼ੇ ’ਤੇ ਲਗਾਈ ਗਈ 6 ਰੋਜ਼ਾ ਵਰਕਸ਼ਾਪ ਅਮਿੱਟ ਯਾਦਾਂ ਛੱਡਦੀ ਸੰਪੰਨ ਹੋ ਗਈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਐਮ.ਏ ਅਤੇ ਐਮ.ਫਿਲ (ਪੰਜਾਬੀ) ਅਤੇ ਸਾਹਿਤ ਸਭਾ ਨਾਲ ਜੁੜੇ ਸੰਜ਼ੀਦਾ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ, ਸਾਹਿਤ ਅਧਿਐਨ ਦੇ ਤਰੀਕੇ ਦੱਸਣ ਅਤੇ ਚੰਗੀ ਸਾਹਿਤ ਸਿਰਜਣਾ ਦੇ ਗੁਰ ਦੱਸਣ ਲਈ ਪੰਜਾਬੀ ਵਿਭਾਗ ਵਲੋਂ ਛੇ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਇਸ ਵਿੱਚ ਜਿਥੇ ਵਿਭਾਗ ਦੇ ਸੀਨੀਅਰ ਅਧਿਆਪਕ ਲੈਕਚਰ ਦੇ ਰਹੇ ਹਨ, ਉਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਵਿਭਾਗ ਤੋਂ ਅਤੇ ਬਾਹਰੋਂ ਵੀ ਅਧਿਆਪਕ ਵਿਸ਼ੇਸ਼ ਲੈਕਚਰ ਦੇਣ ਲਈ ਬੁਲਾਏ ਗਏ ਹਨ।ਇੰਝ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਵਿਭਾਗ ਦੇ ਵਿਦਿਆਰਥੀ ਅਤੇ ਖੋਜਾਰਥੀ ਵੀ ਇਸ ਵਰਕਸ਼ਾਪ ਵਿਚ ਭਾਗ ਲੈ ਰਹੇ ਹਨ।ਸਾਹਿਤ ਸਿਰਜਣਾ ਦੇ ਅਨੁਭਵ ਸਾਂਝੇ ਕਰਨ ਲਈ ਸਾਹਿਤਕਾਰਾਂ ਅਤੇ ਚਿੰਤਕਾਂ ਨੂੰ ਵੀ ਬੁਲਾਇਆ ਗਿਆ ਹੈ।
5ਵੇਂ ਦਿਨ ਦੀ ਵਰਕਸ਼ਾਪ ਦਾ ਮੰਚ ਸੰਚਾਲਨ ਕਰਦਿਆਂ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਪ੍ਰੇਰਨਾ ਅਤੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਆਤਮ ਸਿੰਘ ਰੰਧਾਵਾ ਦੀ ਅਗਵਾਈ ਵਿਚ ਇਹ ਵਰਕਸ਼ਾਪ ਲਗਾਈ ਗਈ ਹੈ, ਜਿਸ ਵਿੱਚ ਵਿਦਿਆਰਥੀਆਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾ ਰਹੀ ਹੈ।ਅੱਜ ਦੇ ਪਹਿਲੇ ਵਕਤਾ ਪ੍ਰਸਿੱਧ ਗਲਪਕਾਰ ਸੁਕੀਰਤ ਨੇ ਆਪਣੀ ਸਿਰਜਣਾ ਬਾਰੇ ਕਿਹਾ ਕਿ ਕੁੱਝ ਲੇਖਕ ਨਿੱਠ ਕੇ ਹਰ ਰੋਜ਼ ਲਿਖਦੇ ਹਨ, ਪਰ ਕਈ ਲੇਖਕ ਕਦੇ ਕਦਾਈ ਲਿਖਦੇ ਹਨ।ਉਹ ਦੂਸਰੇ ਵਰਗ ਵਿੱਚ ਘੱਟ ਲਿਖਣ ਵਾਲਾ ਹੈ।ਕਈ ਲੇਖਕ ਰਚਨਾ ਰਚ ਕੇ ਸੋਧ ਸੁਧਾਈ ਕਰਦੇ ਹਨ।ਕਈ ਲੇਖਕ ਇਕ ਵਾਰ ਹੀ ਲਿਖਦੇ ਹਨ ਉਹ ਇਕ ਵਾਰ ਲਿਖਣ ਵਾਲਿਆਂ ਵਿਚ ਹੈ।ਉਨ੍ਹਾਂ ਕਿਹਾ ਕਿ ਉੱਤਮ ਪੁਰਖ ਵਿਚ ਕਹਾਣੀ ਲਿਖਣੀ ਔਖੀ ਹੁੰਦੀ ਹੈ ਅਤੇ ਚੁਸਤ ਫਿਕਰਿਆਂ ਵਾਲੀ ਲਿਖਤ ਯਥਾਰਥਕ ਨਹੀਂ ਹੁੰਦੀ ਹਰ ਲੇਖਕ ਆਪਣੇ ਟੁੱਟਵੇਂ ਅਨੁਭਵਾਂ ਦਾ ਅਜ਼ਨਬੀਕਰਨ ਕਰ ਦਿੰਦਾ ਹੈ।
ਦੂਸਰੇ ਪ੍ਰਵਕਤਾ ਵਾਰਤਕਕਾਰ ਜੱਸ ਮੰਡ ਨੇ ਵਿਸ਼ਵ ਦੇ ਕਲਾਸਿਕ ਸਾਹਿਤ ਦੇ ਹਵਾਲਿਆਂ ਨਾਲ ਕਿਹਾ ਕਿ ਪੰਜਾਬੀ ਸਾਹਿਤਕਾਰ ਰਚਨਾਕਾਰੀ ਸਮੇਂ ਮਿਹਨਤ ਘੱਟ ਕਰਦੇ ਹਨ। ਵਿਸ਼ੇ ਤਾਂ ਇਨ੍ਹਾਂ ਦੇ ਬਹੁਤ ਵਧੀਆ ਹੁੰਦੇ ਹਨ ਪਰ ਕਰਾਫਟ ਦੀ ਘਾਟ ਰੜਕਦੀ ਰਹਿੰਦੀ ਹੈ।ਇੰਝ ਹੀ ਛਪੀਆਂ ਪੁਸਤਕਾਂ ਦੀ ਪਰੂਫ ਰੀਡਿੰਗ ਦੀ ਘਾਟ, ਜਿਸ ਕਾਰਨ ਛਪੀਆਂ ਪੁਸਤਕਾਂ ਵਿੱਚ ਢੇਰ ਸਾਰੀਆਂ ਗਲਤੀਆਂ ਰਹਿ ਜਾਂਦੀਆਂ ਹਨ, ਪੰਜਾਬੀ ਸਾਹਿਤ ਦੀ ਵੱਡੀ ਸਮੱਸਿਆ ਹੈ।ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਦੇ ਪੁਸਤਕ ਮੇਲੇ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਸ਼ਬਦ ਸਭਿਆਚਾਰ ਨਾਲੋਂ ਟੱਟੇ ਨਹੀਂ ਹਨ।ਉਨ੍ਹਾਂ ਇਹ ਵੀ ਕਿਹਾ ਕਿ ਤੱਥਾਂ ਦੀ ਸਪੱਸ਼ਟ ਪੇਸ਼ਕਾਰੀ ਡਾਇਰੀ ਵਿੱਚ ਹੁੰਦੀ ਹੈ ਅਤੇ ਪ੍ਰਕਿਰਤੀ ਅਤੇ ਸਭਿਆਚਾਰਕ ਚਿਤਰਣ ਨਾਲ ਕ੍ਰੀਏਟਿਵ ਰਾਈਟਿੰਗ ਬਣਦੀ ਹੈ।
ਵਰਕਸ਼ਾਪ ਦੇ ਆਖਰੀ ਪ੍ਰਵਕਤਾ ਡਾ. ਮਨਜਿੰਦਰ ਸਿੰਘ ਮੁੱਖੀ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਭਾਸ਼ਾ ਨੇ ਮਨੁੱਖੀ ਵਿਕਾਸ ਵਿੱਚ ਬਹੁਤ ਯੋਗਦਾਨ ਪਾਇਆ ਹੈ।ਭਾਸ਼ਾ ਮਨੁੱਖੀ ਵਿਚਾਰਾਂ ਦੇ ਸੰਚਾਰ ਦਾ ਮੁੱਖ ਅਤੇ ਸ਼ਕਤੀਸ਼ਾਲੀ ਸਾਧਨ ਹੈ।ਭਾਸ਼ਾ ਅਤੇ ਵਿਚਾਰਧਾਰਾ ਦਾ ਆਪਸੀ ਰਿਸ਼ਤਾ ਬਹੁਤ ਗੂੜ੍ਹਾ ਹੈ।ਉਨ੍ਹਾਂ ਕਿਹਾ ਕਿ ਭਾਸ਼ਾ ਸਾਰੇ ਸਾਹਿਤ ਲਈ ਜਰੂਰੀ ਹੈ।ਪਰ ਸਾਹਿਤ ਦੀ ਹਰ ਵਿਧਾ ਨਾਲ ਭਾਸ਼ਾ ਦਾ ਰੂਪ ਬਦਲ ਜਾਂਦਾ ਹੈ। ਸਮੁੱਚਾ ਮਨੁੱਖੀ ਸਮਾਜ ਭਾਸ਼ਾ ਦੀ ਸਿਰਜਣਾ ਹੈ।ਉਨ੍ਹਾਂ ਕਿਹਾ ਕਿ ਸ਼ਾਹ ਮੁਹੰਮਦ ਨੇ ਪੰਜਾਬੀਆਂ ਦੀ ਹੋਂਦ ਮੁਲਕ ਸਥਿਤੀ ਨੂੰ ਪੇਸ਼ ਕੀਤਾ ਹੈ ਜਦਕਿ ਇਤਿਹਾਸ ਵਿਚੋਂ ਅਜਿਹੀ ਪੇਸ਼ਕਾਰੀ ਨਹੀਂ ਮਿਲ ਸਕਦੀ ਸੀ।
ਵਿਦਵਾਨਾਂ ਤੋਂ ਬਾਅਦ ਹਾਜ਼ਰ ਵਿਦਿਆਰਥੀਆਂ ਵਲੋਂ ਆਪੋ-ਆਪਣੀ ਸ਼ੰਕਾ ਨਿਵਿਰਤੀ ਲਈ ਸਵਾਲ ਪੁੱਛੇ ਗਏ ਜਿੰਨਾਂ ਦਾ ਜਵਾਬ ਦੇਂਦਿਆਂ ਵਧੀਆ ਸੰਵਾਦ ਪੈਦਾ ਹੋਇਆ।ਵਿਭਾਗ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਦੇ ਸਵਾਲਾਂ ਜਵਾਬਾਂ ਨਾਲ ਪੈਦਾ ਹੁੰਦੇ ਮਾਹੌਲ ਨਾਲ ਇਹ ਵਰਕਸ਼ਾਪ ਗਿਆਨ ਦੀ ਸਿਰਜਣਾ ਦਾ ਅਹਿਸਾਸ ਪੈਦਾ ਕਰਦੀ ਹੈ।ਬਾਹਰੋਂ ਆਏ ਵਿਦਵਾਨਾਂ ਨੇ ਵੀ ਇਸ ਮਾਹੌਲ ਦੀ ਸਰਾਹਨਾ ਕੀਤੀ ਹੈ।
Punjab Post Daily Online Newspaper & Print Media