ਅੰਮ੍ਰਿਤਸਰ, 3 ਮਈ (ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ ਦਾ ਲਿਖਿਆ ਅਤੇ ਪ੍ਰੋਫੈਸਰ ਇਮੈਨੂਅਲ ਸਿੰਘ ਦੁਆਰਾ
ਨਿਰਦੇਸ਼ਿਤ ਨਾਟਕ ‘ਫਾਸਲੇ’ ਦਾ ਮੰਚਨ ਪੰਜਾਬ ਨਾਟਸ਼ਾਲਾ ਵਿਖੇ ਸਫਲਤਾਪੂਰਵਕ ਹੋਇਆ।ਨਾਟਕ ਦੀ ਕਹਾਣੀ ਮੰਡ ਖੇਤਰ ਦੇ ਇਕ ਪਛੜੇ ਹੋਏ ਪਿੰਡ ਦੀ ਡਿਸਪੈਂਸਰੀ ਵਿੱਚ ਤਾਇਨਾਤ ਸ਼ਹਿਰੀ ਡਾਕਟਰ ਅਤੇ ਸਪੇਨ ਦੀ ਮੁਹੱਬਤ ਦੁਆਲੇ ਘੁੰਮਦੀ ਹੈ। ਫਾਸਲੇ ਨਾਟਕ ਵਿ ਚ ਦਿਨ ਬਦਿਨ ਸਾਡੇ ਸਮਾਜ ਵਿੱਚ ਵਧ ਰਹੇ ਊਚ ਨੀਚ ਜਾਤ ਪਾਤ ਅਮੀਰੀ ਗ਼ਰੀਬੀ ਦੇ ਫ਼ਾਸਲੇ ਨੂੰ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ।ਇਸ ਨਾਟਕ ਰਾਹੀਂ ਸਰਕਾਰੀ ਅਦਾਰਿਆਂ ਵਿੱਚ ਹੁੰਦੀ ਲੁੱਟ-ਖਸੁੱਟ ਤੇ ਫੈਲੇ ਭ੍ਰਿਸ਼ਟਾਚਾਰ ਬਾਰੇ ਵੀ ਤਿੱਖਾ ਵਿਅੰਗ ਕੀਤਾ ਗਿਆ ਹੈ।ਨਾਟਕ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਰੰਗਮੰਚ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ।ਜਿਨ੍ਹਾਂ ਵਿੱਚ ਨਾਟਕ ਦੇ ਦ੍ਰਿਸ਼ਾਂ ਅਨੁਸਾਰ ਮੰਚ ਅਤੇ ਦਰਸ਼ਕਾਂ ਉਪਰ ਬਾਰਿਸ਼ ਹੋਣਾ, ਚੰਨ ਤਾਰਿਆਂ ਨਾਲ ਭਰਿਆ ਅਸਮਾਨ, ਫੁੱਲਾਂ ਦੀ ਖੁਸ਼ਬੂ, ਦਰਿਆ ਦਾ ਦਿਲਕਸ਼ ਨਜ਼ਾਰਾ ਆਦਿ ਦੀ ਪੇਸ਼ਕਾਰੀ ਦਰਸ਼ਕਾਂ ਦੇ ਦਿਲਾਂ ਨੂੰ ਧੁਰ ਅੰਦਰ ਤੱਕ ਧੂਹ ਪਾਉਂਦੀ ਹੈ।
ਫਾਸਲੇ ਨਾਟਕ ਸਾਡੇ ਸਮਾਜ ਦੇ ਅਲ਼ੱਗ ਅਲੱਗ ਪੱਖਾਂ ‘ਚ ਵਧ ਰਹੇ ਫ਼ਾਸਲਿਆਂ ਦੀ ਨਿਸ਼ਾਨਦੇਹੀ ਕਰਦਾ ਹੈ ਭਾਵੇਂ ਸਾਇੰਸ ਦੀ ਤਰੱਕੀ ਦੁਆਰਾ ਅਤਿ ਆਧੁਨਿਕ ਸੰਚਾਰ ਸਾਧਨਾਂ ਸਦਕਾ ਭੂਗੋਲਿਕ ਫ਼ਾਸਲੇ ਘਟੇ ਹਨ।ਪਰ ਮਨੁੱਖੀ ਮਨਾਂ ਦੇ ਫ਼ਾਸਲੇ ਵਧ ਰਹੇ ਹਨ।ਜਾਤ ਪਾਤ ਊਚ ਨੀਚ ਧਰਮਾਂ ਵਰਗਾਂ ਅਤੇ ਫਿਰਕਿਆਂ ਦੇ ਫ਼ਾਸਲੇ ਵਧ ਰਹੇ ਹਨ।ਅਸਲ ਵਿੱਚ ਅਮੀਰੀ ਗ਼ਰੀਬੀ ਦਾ ਫ਼ਾਸਲਾ ਇਸ ਨਾਟਕ ਦਾ ਕੇਂਦਰੀ ਬਿੰਦੂ ਹੈ।ਉਚੇ ਇਖਲਾਕ ਵਾਲੇ ਸੂਝਵਾਨ ਲੋਕ ਕਈ ਸਮਾਜਿਕ ਕਦਰਾਂ ਕੀਮਤਾਂ ਦੇ ਤਾਣੇ ਬਾਣੇ ਵਿੱਚ ਫਸੇ ਹੋਏ ਬੇਵੱਸ ਪ੍ਰਤੀਤ ਹੁੰਦੇ ਹਨ ਤਾਂ ਹੀ ਨਾਟਕ ਕੋਈ ਸ਼ਹਿਰੀ ਨੌਜਵਾਨ ਤੇ ਸਪੇਰਣ ਮੁਟਿਆਰ ਦੀ ਖਾਮੋਸ਼ ਮੁਹੱਬਤ ਗ਼ਲਤ ਸਮਾਜਿਕ ਕਦਰਾਂ ਕੀਮਤਾਂ ਦੀ ਭੇਟ ਚੜ੍ਹਦੀ ਹੈ।ਮੈਂ ਲਿਖਿਆ ਪੈਸੇ ਦੇ ਲੋਭ ਲਾਲਚ ਭ੍ਰਿਸ਼ਟਾਚਾਰ ਵੱਢੀਖੋਰੀ ਅਤੇ ਨਿਰਦਈਪੁਣੇ ਵਰਗੇ ਵਰਤਾਰੇ ਭ੍ਰਿਸ਼ਟ ਨਿਜ਼ਾਮ ਨੂੰ ਸਥਾਪਿਤ ਕਰਕੇ ਸਾਡੇ ਸਮਾਜਿਕ ਪ੍ਰਬੰਧ ਨੂੰ ਕਲੰਕਤ ਕਰਦੇ ਹਨ।ਇਹ ਨਾਟਕ ਇਨ੍ਹਾਂ ਸਮਾਜਿਕ ਫ਼ਾਸਲੇ ਨੂੰ ਮਿਟਾਉਣ ਲਈ ਯਤਨਸ਼ੀਲ ਹੈ। ਫਾਸਲੇ ਨਾਟਕ ਦੀ ਪੇਸ਼ਕਾਰੀ ਪੂਰਵਲੀਆਂ ਪੇਸ਼ਕਾਰੀਆਂ ਨਾਲੋਂ ਬਿਲਕੁੱਲ ਨਿਵੇਕਲੀ ਕਿਸਮ ਦੀ ਹੈ।ਸਿਰਫ਼ ਲੋਕ ਧੁਨਾਂ ਦੀ ਵਰਤੋਂ ਕਰਕੇ ਇਸ ਨੂੰ ਸੰਗੀਤਕ ਨਾਟਕ ਸਥਾਪਿਤ ਕੀਤਾ ਗਿਆ ਹੈ।ਮੰਚ ‘ਤੇ ਨਵੀਂ ਕਿਸਮ ਦੇ ਸੈਟ ਅਤੇ ਪ੍ਰਯੋਗ ਇਸ ਦੀ ਖੂਬਸੂਰਤੀ ਨੂੰ ਹੋਰ ਵਧਾਉਂਦੇ ਹਨ।
ਨਾਟਕ ਦੇ ਸਹਿ ਨਿਰਦੇਸ਼ਕ ਅਤੇ ਮੁੱਖ ਪਾਤਰ ਪ੍ਰੋਫੈਸਰ ਸਮਰੀਤ ਕੌਰ ਦੀ ਭਾਵਪੂਰਤ ਪੇਸ਼ਕਾਰੀ ਹਰ ਦ੍ਰਿਸ਼ ਵਿੱਚ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਗਈ।ਇਸ ਤੋਂ ਇਲਾਵਾ ਡਾਕਟਰ ਦੀ ਭੂਮਿਕਾ ਕਰਨਵੀਰ ਸਿੰਘ, ਪਿਤਾ ਦੀ ਭੂਮਿਕਾ ਡਾ. ਆਤਮਾ ਸਿੰਘ ਗਿੱਲ, ਮਾਂ ਦੀ ਭੂਮਿਕਾ ਵਿੱਚ ਰਿਤਿਕਾ ਵੋਹਰਾ, ਦਾਰੇ ਦੀ ਭੂਮਿਕਾ ਵਿੱਚ ਮਰਕਸਪਾਲ ਗੁਮਟਾਲਾ, ਡੌਲੀ ਦੀ ਭੂਮਿਕਾ ਵਿੱਚ ਮਨਦੀਪ ਕੌਰ, ਗੁਰਸਾਹਿਬ, ਧਿਆਨ ਚੰਦ, ਜਤਿੰਦਰ ਰਿਆੜ, ਗਗਨ ਸੈਣੀ, ਰਾਜਵਿੰਦਰ ਕੌਰ, ਲਵਪ੍ਰੀਤ ਪਰਮਿੰਦਰ ਕੌਰ, ਜਸਬੀਰ ਸਿੰਘ, ਰਾਜਬੀਰ ਸਿੰਘ ਤੇ ਰੌਬਿਨਬੀਰ ਕੌਰ ਆਦਿ ਅਦਾਕਾਰਾਂ ਦੀ ਭੂਮਿਕਾ ਨੇ ਦਰਸ਼ਕਾਂ ਨੂੰ ਆਖੀਰ ਤੱਕ ਕੀਲੀ ਰੱਖਿਆ।ਹੈਰੀਸਨ, ਪ੍ਰਭਜੋਤ ਸੰਘਾ ਅਤੇ ਨਿਕਿਤਾ ਪੁਰੀ ਦੀ ਖੂਬਸੂਰਤ ਆਵਾਜ਼ ਨੇ ਨਾਟਕ ਨੂੰ ਸਿਖਰ ਉਪਰ ਪਹੁੰਚਾ ਦਿੱਤਾ।
ਜਤਿੰਦਰ ਬਰਾੜ ਦਾ ਲਿਖਿਆ ਨਾਟਕ ‘ਫਾਸਲੇ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹਾਏ ਜਾਂਦੇ ਵੱਖੋ ਵੱਖਰੇ ਕੋਰਸਾਂ ਬੀ.ਏ, ਬੀ.ਐਸ.ਸੀ, ਬੀ.ਕਾਮ, ਬੀ.ਐਡ ਆਦਿ ਦੇ ਸਿਲੇਬਸ ਵਿੱਚ ਪਿਛਲੇ ਕਈ ਸਾਲਾਂ ਤੋਂ ਪੜ੍ਹਾਇਆ ਜਾ ਰਿਹਾ ਹੈ।ਜਿਸ ਕਾਰਨ ਵਿਦਿਆਰਥੀਆਂ ਵਿੱਚ ਇਸ ਨਾਟਕ ਨੂੰ ਵੇਖਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਪਹਿਲਾਂ ਵੀ ਇਸ ਨਾਟਕ ਦੇ 200 ਤੋਂ ਵੱਧ ਸ਼ੋਅ ਹੋ ਚੁੱਕੇ ਹਨ।ਪਰ ਪ੍ਰੋਫ਼ੈਸਰ ਇਮੈਨੂਅਲ ਸਿੰਘ ਨੇ ਕ੍ਰੀਏਟਿਵ ਡਾਇਰੈਕਸ਼ਨ ਨਾਲ ਇਸ ਨਾਟਕ ਨੂੰ ਬਿਲਕੁੱਲ ਨਿਵੇਕਲੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ।
ਮੁੱਖ ਮਹਿਮਾਨ ਰਜਿੰਦਰ ਮੋਹਨ ਸਿੰਘ ਛੀਨਾ, ਤੇਜਬੀਰ ਸਿੰਘ ਗਿੱਲ, ਡਾ. ਸੋਬੀਆ, ਡਾ. ਅਮਿਤ ਦੱਤਾ, ਵੱਖ ਵੱਖ ਕਾਲਜਾਂ, ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਸ਼ਹਿਰ ਦੀਆਂ ਨਾਮਵਰ ਹਸਤੀਆਂ ਅਤੇ ਕਲਾ ਪ੍ਰੇਮੀਆਂ ਨੇ ਨਾਟਕ ਦਾ ਆਨੰਦ ਮਾਣਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media