ਸਿੱਧੀ ਬਿਜਾਈ ਰਾਹੀਂ 20 ਮਈ ਤੋਂ ਝੋਨਾ ਬੀਜ਼ ਸਕਦੇ ਹਨ ਕਿਸਾਨ
ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਪੰਜਾਬ ਦੇ ਦਿਨੋ-ਦਿਨ ਡੂੰਘੇ ਹੋ ਰਹੇ ਪਾਣੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣ ਵਾਸਤੇ ਪੰਜਾਬ ਸਰਕਾਰ ਨੇ ਇਸ ਸਾਉਣੀ ਦੇ ਸੀਜ਼ਨ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਨਾਲ ਝੋਨੇ ਦੀ ਸਿੱਧੀ ਬਿਜਾਈ ਵੀ 20 ਮਈ ਤੋਂ ਕੀਤੀ ਜਾ ਸਕਦੀ ਹੈ।ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਹ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਲਈ ਹਰ ਤਰਾਂ ਦਾ ਤਕਨੀਕੀ ਸਹਿਯੋਗ ਦੇਣ ਲਈ ਉਹ ਤਿਆਰ ਹਨ।ਉਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਜਿਲ੍ਹੇ ਵਿਚ ਇਸ ਬਿਜ਼ਾਈ ਦੇ ਬੀਤੇ ਕਈ ਸਾਲਾਂ ਤੋਂ ਸਫਲ ਤਜ਼ਰਬੇ ਕਰ ਚੁੱਕਾ ਹੈ ਅਤੇ ਹੁਣ ਵੀ ਤੁਹਾਡੀ ਸੇਵਾ ਵਿਚ ਹਰ ਤਰਾਂ ਨਾਲ ਮਦਦ ਲਈ ਤਿਆਰ ਹੈ।
ਸੂਦਨ ਨੇ ਕਿਹਾ ਕਿ ਜਿਲ੍ਹੇ ਦੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ, ਸੋ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਬਚਤ ਅੱਜ ਤੋਂ ਹੀ ਸ਼ੁਰੂ ਕਰਨੀ ਪਵੇਗੀ।ਉਨਾਂ ਕਿਹਾ ਕਿ ਸਿੱਧੀ ਬਿਜ਼ਾਈ ਜਿਥੇ ਪਾਣੀ ਦੀ ਬੱਚਤ ਕਰਦੀ ਹੈ, ਉਥੇ ਲੇਬਰ ਦੇ ਖਰਚੇ ਘੱਟਦੇ ਹਨ।ਝੋਨੇ ਦੇ ਝਾੜ ਉਤੇ ਇਸ ਦਾ ਕੋਈ ਅਸਰ ਨਹੀਂ ਪੈਂਦਾ, ਜਿਸ ਨਾਲ ਕਿਸਾਨ ਦਾ ਮੁਨਾਫਾ ਵਧਦਾ ਹੈ।ਉਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਜੇਕਰ ਕਿਸ ਕਿਸਾਨ ਨੂੰ ਝੋਨੇ ਦੀ ਸਿੱਧੀ ਬਿਜ਼ਾਈ ਸਬੰਧੀ ਕੋਈ ਤਕਨੀਕੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਨ।