ਸਿੱਖਾਂ ਨੇ ਦੇਸ਼ ਲਈ ਦਿੱਤੀਆਂ 80 ਫੀਸਦ ਕੁਰਬਾਨੀਆਂ -ਐਡਵੋਕੇਟ ਧਾਮੀ
ਅੰਮ੍ਰਿਤਸਰ, 4 ਜੁਲਾਈ (ਜਗਦੀਪ ਸਿੰਘ ਸੱਗੂ) – ਭਾਰਤ ਦੀ ਅਜ਼ਾਦੀ ਲਈ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਅਜ਼ਾਦ ਭਾਰਤ ਵਿਚ ਸਮੇਂ-ਸਮੇਂ
ਦਬਾਇਆ ਜਾਣਾ ਸਰਕਾਰਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ ਅਤੇ ਇਸੇ ਤਹਿਤ ਹੀ ਅਜ਼ਾਦੀ ਦੇ ਮਹਿਜ਼ 8 ਸਾਲ ਬਾਅਦ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਸਰਕਾਰ ਵੱਲੋਂ ਹਮਲਾ ਕਰਨ ਦੀ ਘਿਨੌਣੀ ਹਰਕਤ ਕੀਤੀ ਗਈ।ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 4 ਜੁਲਾਈ 1955 ਦੇ ਹਮਲੇ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਆਖਿਆ ਕਿ ਸਿੱਖਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਦਿੱਤੀਆਂ, ਪਰ ਦੁੱਖ ਦੀ ਗੱਲ ਹੈ ਕਿ ਸਿੱਖਾਂ ਨਾਲ ਹਮੇਸ਼ਾਂ ਹੀ ਦੇਸ਼ ਵਿਚ ਬੇਗਾਨਿਆਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ।1955 ਵਿੱਚ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਵੀ ਅਜਿਹਾ ਹੀ ਕੀਤਾ। ਉਨ੍ਹਾਂ ਨੇ ਡੀ.ਆਈ.ਜੀ ਮਹਾਸ਼ਾ ਅਸ਼ਵਨੀ ਕੁਮਾਰ ਦੀ ਅਗਵਾਈ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਪੁਲਿਸ ਚੜਾਅ ਕੇ ਨਾ ਸਿਰਫ਼ ਗੁਰ-ਅਸਥਾਨ ਦੀ ਬੇਅਦਬੀ ਕੀਤੀ, ਬਲਕਿ ਸਿੱਖਾਂ ਦਾ ਵੱਡਾ ਨੁਕਸਾਨ ਵੀ ਕੀਤਾ।ਜਿਸ ਨੂੰ ਸਿੱਖ ਕੌਮ ਭੁਲਾ ਨਹੀਂ ਸਕਦੀ।
ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਜਦੋਂ ਬੋਲੀ ਦੇ ਅਧਾਰ ’ਤੇ ਸੂਬੇ ਬਣਾਏ ਗਏ ਤਾਂ ਉਸ ਵਕਤ ਪੰਜਾਬੀ ਸੂਬੇ ਲਈ ਇਕ ਵੱਡਾ ਸੰਘਰਸ਼ ਲੜਨਾ ਪਿਆ।ਇਸ ਸੰਘਰਸ਼ ਨੂੰ ਦਬਾਉਣ ਲਈ ਸਰਕਾਰ ਦੀ ਨੀਤੀ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ 1955 ’ਚ ਹਮਲਾ ਹੋਇਆ।ਕਦੀ ਪੰਜਾਬ ਯੂਨੀਵਰਸਿਟੀ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਬੰਦੀ ਸਿੰਘ ਅਤੇ ਚੰਡੀਗੜ੍ਹ ਆਦਿ ਦੇ ਮਸਲੇ ਜਾਣਬੁਝ ਕੇ ਉਲਝਾਏ ਜਾਂਦੇ ਹਨ ਅਤੇ ਕਦੀ ਦੇਸ਼ ਅੰਦਰ ਸਿੱਖਾਂ ’ਤੇ ਨਸਲੀ ਹਮਲੇ ਕੀਤੇ ਜਾਂਦੇ ਹਨ।ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਢਾਡੀ ਜਥਿਆਂ ਨੇ ਹਾਜ਼ਰੀ ਭਰੀ।
ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਗੁਰਬਚਨ ਸਿੰਘ ਕਰਮੂੰਵਾਲਾ, ਬਾਵਾ ਸਿੰਘ ਗੁਮਾਨਪੁਰਾ, ਭਾਈ ਅਜਾਇਬ ਸਿੰਘ ਅਭਿਆਸੀ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਪ੍ਰਤਾਪ ਸਿੰਘ, ਸੁਖਮਿੰਦਰ ਸਿੰਘ, ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਮੀਤ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।
Punjab Post Daily Online Newspaper & Print Media