ਭਾਰਤ ਵਿਚ 5 ਸਤੰਬਰ ਨੂੰ ਦੇਸ਼ ਪੱਧਰ ‘ਤੇ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।ਇਸ ਦਿਨ ਦੀ ਸ਼ੁਰੂਆਤ 1962 ’ਚ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ, ਦੂਜੇ ਰਾਸ਼ਟਰਪਤੀ ਅਤੇ ਭਾਰਤ ਰਤਨ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਕਰਕੇੇ ਮਨਾਇਆ ਜਾਂਦਾ ਹੈ।ਸਮਾਜ ਦੀ ਸਿਰਜਣਾ ਅਤੇ ਵਿਕਾਸ ਅਧਿਆਪਕ ਰਾਹੀਂ ਹੀ ਸੰਭਵ ਹੈ, ਕਿਉਂਕਿ ਅਧਿਆਪਕ ਇੱਕ ਮੋਮਬੱਤੀ ਦੀ ਤਰ੍ਹਾਂ ਹੈ।ਜਿਹੜਾ ਆਪ ਜਲਦਾ ਹੈ ਅਤੇ ਹਰ ਪਾਸੇ ਰੌਸ਼ਨੀ ਪ੍ਰਦਾਨ ਕਰਦਾ ਹੈ।ਅਧਿਆਪਕ ਦੀ ਤੁਲਨਾ ਬਾਗ ਦੇ ਮਾਲੀ ਨਾਲ ਵੀ ਕੀਤੀ ਜਾ ਸਕਦੀ ਹੈ, ਜੋ ਬਾਗ ਦੇ ਫਲਾਂ ਅਤੇ ਫੁੱਲਾਂ ਨੂੰ ਪਾਲਦਾ ਹੈ ਅਤੇ ਰਾਖੀ ਕਰਦਾ ਹੈ।ਆਪ ਕਦੇ ਵੀ ਬਾਗ ਦਾ ਅਨੰਦ ਨਹੀਂ ਲੈਂਦਾ।ਅਧਿਆਪਕ ਵਿਦਿਆਰਥੀਆਂ ਦੇ ਬਾਗ ਦਾ ਰਾਖਾ ਬਣ ਕੇ ਸਮਾਜ ਲਈ ਡਾਕਟਰ, ਇੰਜੀਨੀਅਰ, ਨੇਤਾ ਤੇ ਅਫਸਰ ਆਦਿ ਪੈਦਾ ਕਰਦਾ ਹੈ।ਉਹ ਵਿਦਿਆਰਥੀਆਂ ਵਿੱਚ ਨੈਤਿਕ ਗੁਣ ਭਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦਾ ਹੈ।ਚੰਗੇ ਅਧਿਆਪਕ ਦੀ ਸਿੱਖਣ-ਸਿਖਾਉਣ ਪ੍ਰਕਿਰਿਆ ਵਿੱਚ ਰੁਚੀ ਹੁੰਦੀ ਹੈ, ਅਧਿਆਪਕ ਆਪਣੇ ਵਿਦਿਆਰਥੀਆਂ ਦੇ ਭਵਿੱਖ ਲਈ ਕਦੇ ਗੁੜ ਦੀ ਤਰ੍ਹਾਂ ਮਿੱਠਾ ਅਤੇ ਕਦੇ ਨਿੰਮ ਦੀ ਤਰ੍ਹਾਂ ਕੌੜਾ ਵੀ ਹੋ ਜਾਂਦਾ ਹੈ, ਪਰ ਉਸਦਾ ਮੁੱਖ ਉਦੇਸ਼ ਵਿਦਿਆਰਥੀ ਵਰਗ ਦੀ ਭਲਾਈ ਹੁੰਦਾ ਹੈ।
ਅਧਿਆਪਕ ਉਸ ਘੁਮਿਆਰ ਦੀ ਤਰ੍ਹਾਂ ਹੁੰਦਾ ਹੈ, ਜੋ ਆਪਣੇ ਭਾੜੇ ਨੂੰ ਅੰਦਰੋਂ ਹੱਥ ਰੱਖ ਕੇ ਬਾਹਰ ਥਾਪੜਦਾ ਹੈ ਤਾਂ ਜੋ ਭਾੜਾ ਪੱਕਾ ਬਣ ਜਾਵੇ। ਇੱਕ ਜਪਾਨੀ ਕਹਾਵਤ ਹੈ ‘ਮਹਾਨ ਅਧਿਆਪਕ ਦੇ ਚਰਨਾਂ ਵਿੱਚ ਗੁਜ਼ਾਰਿਆ ਇੱਕ ਦਿਨ ਪੋਥੀਆਂ ਪੜ੍ਹਨ ਵਿੱਚ ਗੁਜ਼ਾਰੇ ਹਜਾਰਾਂ ਦਿਨਾਂ ਨਾਲੋਂ ਕਿਤੇ ਬਿਹਤਰ ਹੈ।’ ਚੰਗਾ ਅਧਿਆਪਕ ਪੜਨ, ਲਿਖਣ, ਅਨੁਸ਼ਾਸ਼ਨ, ਰਚਨਾਤਮਕਤਾ ਦੇ ਨਾਲ-ਨਾਲ ਸਮਾਜਿਕ, ਸੱਭਿਆਚਾਰਿਕ ਤੇ ਸਿੱਖਿਅਕ ਗਤੀਵਿਧੀਆਂ ਵਿੱਚ ਵੀ ਭਾਗ ਲੈਂਦਾ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕਰਦਾ ਹੈ।ਵਧੀਆ ਅਤੇ ਚੰਗਾ ਮਿਹਨਤੀ ਅਧਿਆਪਕ ਹਮੇਸ਼ਾਂ ਮਾਪਿਆਂ ਅਤੇ ਵਿਦਿਆਰਥੀਆਂ ਦੇ ਦਿਲਾਂ ‘ਤੇ ਰਾਜ ਕਰਦਾ ਹੈ।ਗੁਰੂ ਹਮੇਸ਼ਾਂ ਹੀ ਆਪਣੇ ਵਿਦਿਆਰਥੀ ਦੀ ਭਲਾਈ ਲਈ ਤਤਪਰ ਰਹਿੰਦਾ ਹੈ।
ਪ੍ਰਾਚੀਨ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਅਧਿਆਪਕ ਦਾ ਦਰਜ਼ਾ ਉਚਾ ਹੀ ਰਿਹਾ ਹੈ।ਚਾਣਕਿਆ ਵਰਗੇ ਅਧਿਆਪਕ ਨੇ ਚੰਦਰ ਗੁਪਤ ਨੂੰ ਵਿਸ਼ਾਲ ਰਾਸ਼ਟਰ ਦਾ ਰਾਜਾ ਬਣਾ ਦਿੱਤਾ।ਅਜੋਕੇ ਸਮੇਂ ਵਿੱਚ ਸਾਰੇ ਅਧਿਆਪਕਾਂ ਵਿੱਚ ਇਹ ਗੁਣ ਨਹੀਂ ਪਾਏ ਜਾਂਦੇ, ਅਧਿਆਪਕਾਂ ਦੀ ਸੀਮਾਵਾਂ ਅਤੇ ਕਈ ਤਰ੍ਹਾਂ ਦੀਆਂ ਸਖ਼ਤੀਆਂ ਆਦਿ ਕਾਰਨ ਅਧਿਆਪਕ ਵਿਦਿਆਰਥੀਆਂ ਲਈ ਸਭ ਕੁੱਝ ਨਹੀਂ ਕਰ ਸਕਦੇ ਹਨ, ਆਰਥਿਕਤਾ ਅਤੇ ਭੌਤਿਕਤਾਵਾਦ ਕਾਰਨ ਅਧਿਆਪਕ ਦਾ ਸਥਾਨ ਘੱਟ ਗਿਆ ਹੈ, ਸਿੱਖਿਆ ਅਤੇ ਅਧਿਆਪਨ ਕਿੱਤਾ ਪੈਸੇ ਦੀ ਦੋੜ ਦਾ ਸਾਧਨ ਬਣ ਗਿਆ ਹੈ।ਰਾਜਨੀਤਿਕ ਦਖਲਅੰਦਾਜ਼ੀ, ਪਿੰਡ ਪੱਧਰ ਤੋਂ ਸ਼ਹਿਰ ਪੱਧਰ ਤੱਕ ਦੇ ਮਸਲੇ, ਬੇਲੋੜੀਆਂ ਚੀਜ਼ਾਂ ਨੇ ਅਧਿਆਪਨ ਵਿੱਚ ਤਨਾਅ ਪੈਦਾ ਕਰ ਦਿੱਤਾ ਹੈ।
ਲੇਕਿਨ ਫਿਰ ਵੀ ਅਧਿਆਪਕ ਗਿਆਨ ਦੀ ਰੌਸ਼ਨੀ ਨੂੰ ਮੱਧਮ ਨਹੀਂ ਪੈਣ ਦੇ ਰਿਹਾ, ਅੱਜ ਅਧਿਆਪਕ ਚੰਗਾ ਦੋਸਤ, ਮਾਰਗ ਦਰਸ਼ਕ ਬਣ ਗਿਆ ਹੈ।ਅਜੋਕੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਅਨੇਕਾਂ ਸਾਧਨ ਤਕਨੀਕੀ ਹੋ ਗਏ ਹਨ, ਪਰ ਅਧਿਆਪਕ ਦਾ ਸਥਾਨ ਕੋਈ ਨਹੀਂ ਲੈ ਸਕਦਾ।ਅਧਿਆਪਕ ਦੀ ਬਦੌਲਤ ਹੀ ਅਸੀਂ ਚੰਗਾ ਜੀਵਨ ਬਤੀਤ ਕਰਦੇ ਹੋਏ ਸਮਾਜ ਸੇਵਾ ਕਰ ਸਕਦੇ ਹੈ।ਅੱਜ ਦੇ ਦਿਨ ਸਿੱਖਿਆ ਦੇ ਖੇਤਰ ਲਈ ਮਿਹਨਤੀ ਅਧਿਆਪਕਾਂ ਨੂੰ ਸਲਾਮ। ਜੈ ਹਿੰਦ 0409202201
(5 ਸਤੰਬਰ ਨੂੰ ਅਧਿਆਪਕ ਦਿਵਸ ‘ਤੇ ਵਿਸ਼ੇਸ਼)
ਅਵਨੀਸ਼ ਕੁਮਾਰ ਲੌਂਗੋਵਾਲ
ਮੋ – 9463126465