ਟ੍ਰੈਕ ਬਣਨ ਨਾਲ ਸਵੇਰੇ ਸ਼ਾਮ ਸੁਰੱਖਿਅਤ ਢੰਗ ਨਾਲ ਸੈਰ ਕਰ ਸਕਣਗੇ ਸੁਨਾਮ ਵਾਸੀ
ਸੰਗਰੂਰ, 8 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਊਧਮ ਸਿੰਘ ਵਾਲਾ ਵਿਖੇ ਸਰਹਿੰਦ ਚੋਅ ਦੇ ਨਾਲ ਨਾਲ ਬਣਾਏ ਜਾਣ ਵਾਲੇ ਆਧੁਨਿਕ ਵਾਕਿੰਗ ਟ੍ਰੈਕ ਦਾ ਨੀਂਹ ਪੱਥਰ ਰੱਖਿਆ।ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਹਰ ਸ਼ਹਿਰ ਅਤੇ ਹਰ ਪਿੰਡ ਦਾ ਬਹੁ-ਪੱਖੀ ਵਿਕਾਸ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸੁਨਾਮ ਸ਼ਹਿਰ ਵਿੱਚ ਸੈਰ ਕਰਨ ਲਈ ਢੁੱਕਵੀਂ ਥਾਂ ਦੀ ਲੋਕਾਂ ਵਲੋਂ ਚਿਰਾਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਨ ਲਈ ਅੱਜ ਇਸ ਟ੍ਰੈਕ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਸਵੇਰੇ ਸ਼ਾਮ ਸੜਕਾਂ ‘ਤੇ ਸੈਰ ਕਰਦੇ ਹਨ ਜਿਸ ਨਾਲ ਸੜਕ ਦੁਰਘਟਨਾਵਾਂ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਾਕਿੰਗ ਟ੍ਰੈਕ ਦੀ ਲੰਬਾਈ ਕਰੀਬ ਡੇਢ ਕਿਲੋਮੀਟਰ ਹੋਵੇਗੀ।ਟ੍ਰੈਕ ਦੇ ਦੋਵੇਂ ਪਾਸੇ ਛਾਂਦਾਰ ਰੁੱਖ ਲਗਾਏ ਜਾਣਗੇ ਅਤੇ ਆਉਣ ਵਾਲੇ ਕੁੱਝ ਮਹੀਨਿਆਂ ‘ਚ ਇਸ ਟ੍ਰੈਕ ਦੇ ਮੁਕੰਮਲ ਹੋਣ ਨਾਲ ਇਥੇ ਸੈਰ ਕਰਨ ਵਾਲਿਆਂ ਦੀਆਂ ਰੌਣਕਾਂ ਲੱਗ ਜਾਣਗੀਆਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਬੀਤੀ 31 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਵੱਲੋਂ ਤੰਦਰੁਸਤ ਸਮਾਜ ਦੀ ਸਿਰਜਣਾ ਦੇ ਉਦੇਸ਼ ਨੂੰ ਲਾਗੂ ਕਰਨ ਲਈ ਆਈ.ਟੀ.ਆਈ ਸੁਨਾਮ ਵਿਖੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ ਸੀ।ਲੋਕਾਂ ਨੂੰ ਪ੍ਰਦੂਸ਼ਣ ਮੁਕਤ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ ਹੈ ਅਤੇ ਸੁਨਾਮ ਦੀ ਦਿੱਖ ਸੰਵਾਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ, ਐਸ.ਡੀ.ਐਮ ਜਸਪ੍ਰੀਤ ਸਿੰਘ, ਈ.ਓ ਅੰਮ੍ਰਿਤਪਾਲ, ਆਸ਼ਾ ਬਜਾਜ, ਸੁਨੀਲ ਕੁਮਾਰ, ਮੁਕੇਸ਼ ਜੁਨੇਜਾ, ਹਰਪਾਲ ਹਾਂਡਾ, ਜਤਿੰਦਰ ਜੈਨ, ਰਵੀ ਕਮਲ ਗੋਇਲ, ਮਨੀ ਸਰਾਓ ਸਮੇਤ ਹੋਰ ਆਗੂ ਤੇ ਅਧਿਕਾਰੀ ਹਾਜ਼ਰ ਸਨ।