ਸਮਰਾਲਾ, 13 ਅਕਤੂਬਰ (ਇੰਦਰਜੀਤ ਸਿੰਘ ਕੰਗ) – ਬਹੁ ਪੱਖੀ ਸਖਸ਼ੀਅਤ ਮਾਸਟਰ ਤਰਲੋਚਨ ਸਿੰਘ ਸਮਰਾਲਾ ਨੂੰ ‘ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ
ਪੁਰਸਕਾਰ-2021’ ਨਾਲ 15 ਅਕਤੂਬਰ ਨੂੰ ਸਨਮਾਨਿਆ ਜਾਵੇਗਾ।ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਇਹ ਸਨਮਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੇਖਕਾਂ, ਸਾਹਿਤਕਾਰਾਂ ਅਤੇ ਅਦੀਬਾਂ ਦੀ ਹਾਜਰੀ ਵਿਚ ਦਿੱਤਾ ਜਾਵੇਗਾ।
ਸਮਰਾਲਾ ਕਸਬੇ ਦੇ ਰਹਿਣ ਵਾਲੇ ਮਾਸਟਰ ਤਰਲੋਚਨ ਸਿੰਘ ਜੋ ਕਿ ਅਧਿਆਪਨ ਪੇਸ਼ੇ ਤੋਂ ਕੁੱਝ ਕੁ ਸਮਾਂ ਪਹਿਲਾਂ ਸੇਵਾ ਮੁਕਤ ਹੋਏ ਹਨ।ਉਹਨਾਂ ਨੇ ਸਾਹਿਤ ਦੀ ਵੱਖ ਵੱਖ ਵਿਧਾਵਾਂ ਤੋਂ ਇਲਾਵਾ ਨਾਟਕ ਰੰਗਮੰਚ, ਫਿਲਮ ਲੇਖਣ, ਅਦਾਕਾਰੀ, ਕੋਰੀਓਗ੍ਰਾਫੀ ਅਤੇ ਟਰੇਡ ਯੂਨੀਅਨ ਦੇ ਖੇਤਰ ਵਿਚ ਕੰਮ ਕਰਕੇ ਵੱਡਾ ਨਾਮਣਾ ਖੱਟਿਆ ਹੈ।ਉਹਨਾਂ ਦੇ ਹੁਣ ਤੱਕ ਦੇ ਜੀਵਨ ਦੀ ਉਪਲੱਬਧੀਆਂ ਦੀ ਫੇਹਰਿਸਤ ਬਹੁਤ ਲੰਮੀ ਹੈ।ਉਹਨਾਂ ਕਈ ਪੁਸਤਕਾਂ ਅਤੇ ਮੈਗਜ਼ੀਨਾਂ ਦੀ ਸੰਪਾਦਨਾ ਕੀਤੀ।ਬਹੁਤ ਛੋਟੀ ੳਮਰੇ ਪਿੰਡਾਂ ਵਿਚ ਭਾਅ ਜੀ ਗੁਰਸ਼ਰਨ ਸਿੰਘ ਦੇ ਹੁੰਦੇ ਨੁੱਕੜ ਨਾਟਕ ਦੇਖ ਕੇ ਮਾਸਟਰ ਤਰਲੋਚਨ ਸਿੰਘ ਨੂੰ ਨਾਟਕਾਂ ਦੀ ਅਜਿਹੀ ਚੇਟਕ ਲੱਗੀ ਕਿ ਜਿਵੇਂ ਉਹਨਾਂ ਦੇ ਅੰਦਰਲਾ ਦੱਬਿਆ ਨਾਟਕਕਾਰ ਅੰਗੜਾਈਆਂ ਲੈਣ ਲੱਗ ਪਿਆ।ਉਹਨਾਂ ਦੇ ਬਾਲ ਮਨ ‘ਤੇ ਗੁਰਸ਼ਰਨ ਸਿੰਘ ਦੇ ਨਾਟਕਾਂ ਦਾ ਅਜਿਹਾ ਪ੍ਰਭਾਵ ਪਿਆ ਕਿ ਉਹ ਨਾਟਕਕਾਰ ਬਣ ਗਏ ਅਤੇ ਫੇਰ ਮੁੜ ਕੇ ਪਿੱਛੇ ਨਹੀਂ ਦੇਖਿਆ।ਇੱਕ ਮੁਲਾਕਾਤ ਵਿੱਚ ਉਹਨਾਂ ਦੱਸਿਆ ਕਿ ਮੇਰੀ ਵੀ ਉਹਨਾਂ ਵਾਂਗ ਲੋਕਾਂ ਵਿਚ ਜਾ ਕੇ ਨਾਟਕ ਕਰਨ ਦੀ ਰੀਝ ਜਾਗੀ, ਪਰ ਮੈਂ ੳਦੋਂ ਬਹੁਤ ਛੋਟਾ ਸੀ।ਉਹਨਾਂ ਵਲੋਂ ਖੇਡੇ ਜਾਣ ਵਾਲੇ ਨਾਟਕਾਂ ਵਿਚ ਜੋ ਬਹੁਤ ਮਕਬੂਲ ਹੋਏ, ‘ਦੇਵ ਪੁਰਸ਼ ਹਾਰ ਗਏ, ਖੇਤਾਂ ਵਾਲੇ ਵਿਹੜੇ, ਕਰਫਿਊ, ਇਨਕਲਾਬ ਜ਼ਿੰਦਾਬਾਦ, ਰਾਤ ਦੇ ਹਨੇਰੇ ਵਿਚ, ਜੰਗੀ ਰਾਮ ਦੀ ਹਵੇਲੀ, ਟੋਆ, ਬਾਬਾ ਬੋਲਦਾ ਹੈ, ਕਿਵ ਕੂੜੈ ਤੁਟੈ ਪਾਲਿ, ਪਰਖ, ਤੂਤਾਂ ਵਾਲਾ ਖੂਹ, ਹੋਰ ਵੀ ਉਠਸੀ ਮਰਦ ਦਾ ਚੇਲਾ, ਸੀਸ ਤਲੀ ਤੇ, ਤਮਾਸ਼ਾ ਏ ਹਿੰਦੁਸਤਾਨ, ਹਰ ਇੱਕ ਨੂੰ ਜੀਣ ਦਾ ਹੱਕ ਚਾਹੀਦੈ ਅਤੇ ਪੰਘੂੜਾ ਤੋਂ ਇਲਾਵਾ ਹੋਰ ਬਹੁਤ ਸਾਰੇ ਨਾਟਕ ਹਨ। ਉਹਨਾਂ ਆਪਣੇ ਅਧਿਆਪਨ ਕਾਲ ਵਿਚ ਵਿਦਿਆਰਥੀਆਂ ਨੂੰ ਰੰਗਮੰਚ ਨਾਲ ਜੋੜਿਆ।ਰੰਗਮੰਚੀ ਕੋਰਿਓਗ੍ਰਾਫੀ ਵਿਚ ਮਾਸਟਰ ਤਰਲੋਚਨ ਨੇ ਥਿਏਟ੍ਰੀਕਲ ਕੋਰੀਓਗ੍ਰਾਫੀ ਦਾ ਸੰਕਲਪ ਲੋਕਾਂ ਸਾਹਮਣੇ ਲਿਆਂਦਾ ਅਤੇ ਇਹ ਵਿਧਾ ਲੋਕਾਂ ਵਿਚ ਬਹੁਤ ਮਕਬੂਲ ਹੋਈ।ਥਿਏਟ੍ਰੀਕਲ ਕੋਰੀਓਗਾਫੀ ਵਿਚ ਉਹਨਾਂ ਗੁਰਦਾਸ ਮਾਨ ਦੇ ਗੀਤ ਤੇ ਅਧਾਰਿਤ ਜਦੋਂ ‘ਧਰਤੀ ਪੰਜਾਬ ਦੀ’ ਪੰਜਾਬ ਵਿਚ ਅੱਤਵਾਦ ਦੇ ਕਾਲੇ ਦੌਰ ਵਿਚ ਲੋਕਾਂ ਦੇ ਸਾਹਮਣੇ ਲਿਆਂਦੀ ਤਾਂ ਤਹਿਲਕਾ ਮਚਾ ਦਿੱਤਾ।ਜਿਥੇ ਵੀ ਇਸ ਕੋਰਿਓਗ੍ਰਾਫੀ ਦੇ ਮੰਚਨ ਦਾ ਐਲਾਨ ਹੁੰਦਾ ਤਾਂ ਦਰਸਕ ਭਾਰੀ ਗਿਣਤੀ ਵਿਚ ਇਸ ਕੋਰੀਓਗ੍ਰਾਫੀ ਦਾ ਆਨੰਦ ਮਾਨਣ ਲਈ ਉਮੜ ਪੈਂਦੇ।
ਇਸ ਤੋਂ ਇਲਾਵਾ ਉਹਨਾਂ ਦੀਆਂ ਹੋਰ ਪ੍ਰਸਿੱਧ ਕੋਰੀਓਗ੍ਰਾਫੀਆਂ ਵਿਚ ‘ਜੱਗ ਦੀ ਜਨਣੀ, ਔਹ ਟੁੱਟਗੀ ਸਰਕਾਰ, ਲੋਰੀਆਂ, ਲੀਡਰ ਬਣ ਜਾ ਯਾਰ ਅਤੇ ਸਰਧਾਂਜਲੀ ਹਨ।ਉਹਨਾਂ ਰੰਗਮੰਚ ਅਤੇ ਸਾਹਿਤਕ ਸਖਸੀਅਤਾਂ ਦੀਆਂ ਜੀਵਨ ਗਾਥਾਵਾਂ ਤੇ ਅਧਾਰਿਤ ਡਾਕੂਮੈਂਟਰੀ ਫਿਲਮਾਂ ਬਣਾਈਆਂ।ਜਿਹਨਾਂ ਵਿਚ ਗੁਰਸਰਨ ਸਿੰਘ ਭਾਅ ਜੀ ਦੇ ਜੀਵਨ ‘ਤੇ ਅਧਾਰਿਤ ‘ਸਦਾ ਸਫਰ ਤੇ’ ਪੰਜਾਬੀ ਦੇ ਉਘੇ ਲੇਖਕ ਹਮਦਰਦਵੀ ਨੌਸਹਿਰਵੀ ਪੰਨੂ ਦੇ ਜੀਵਨ ਤੇ ਅਧਾਰਿਤ ‘ਸਾਡਾ ਹਮਦਰਦਵੀਰ’ ਕ੍ਰਾਂਤੀਕਾਰੀ ਕਵੀ ਲਾਲ ਸਿੰਘ ਦਿਲ ਦੇ ਜੀਵਨ ਤੇ ਅਧਾਰਿਤ ‘ਲਾਲ ਸਿੰਘ ਦਿਲ ਦੀਆਂ ਪੈੜਾਂ’ ਹਨ।ਉਹਨਾਂ ਬਹੁਤ ਸਾਰੇ ਰੇਡਿਓ ਨਾਟਕ ਲਿਖੇ।ਇਸੇ ਤਰਾਂ ਇਨਕਲਾਬੀ ਤੇ ਅਗਾਂਹਵਧੂ ਗੀਤ ਸੰਗੀਤ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਉਪਰਾਲਿਆਂ ਵਿਚ ਆਡਿਓ ਪ੍ਰੋਜੈਕਟ ਅਤੇ ਕੈਸਟਾਂ ਤਿਆਰ ਕੀਤੀਆਂ।ਸਕਰੀਨ ਅਤੇ ਸਾਹਿਤ ਦੀ ਪੇਸਕਾਰੀ ਵਿਚ ਫਿਲਮਾਂ, ਟੀ.ਵੀ ਨਾਟਕਾਂ, ਸੀਰੀਅਲਾਂ, ਟੇਲੀਫਿਲਮਾਂ, ਉੱਘੇ ਲੇਖਕਾਂ ਦੀਆਂ ਰਚਨਾਵਾਂ ਤੇ ਅਧਾਰਤ ਟੈਲੀ ਫਿਲਮਾਂ, ਵੀਡੀਓ ਫਿਲਮਾਂ ਅਤੇ ਫੀਚਰ ਫਿਲਮਾਂ ਆਦਿ ਦੀਆਂ ਰਚਨਾਵਾਂ ਕੀਤੀਆਂ।ਉਹਨਾਂ ਵਲੋਂ ਕੀਤਾ ਜਾ ਰਿਹਾ ਰਚਨਾ ਕਰਮ ਅਜੇ ਜਾਰੀ ਹੈ।
ਮਾਸਟਰ ਤਰਲੋਚਨ ਸਿੰਘ ਦੀਆਂ ਇਹਨਾਂ ਉਪਲੱਬਧੀਆਂ ਬਦਲੇ ਪੰਜਾਬੀ ਸਾਹਿਤ ਅਕਾਦਮੀ ਵਲੋਂ ਉਹਨਾਂ ਨੂੰ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ-2021 ਨਾਲ 15 ਅਕਤੂਬਰ ਨੂੰ ਸਨਮਾਨਿਆ ਜਾ ਰਿਹਾ ਹੈ।ਇਸ ਸਨਮਾਨ ਸਮਾਰੋਹ ਵਿਚ ਇਲਾਕੇ ਦੀਆਂ ਵੱਖ ਵੱਖ ਸਾਹਿਤ ਸਭਾਵਾਂ ਦੇ ਲੇਖਕ ਸ਼ਿਰਕਤ ਕਰਨਗੇ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media